ਬਾਗੇਸ਼ਵਰ ਧਾਮ ‘ਚ ਕੰਧ ਡਿੱਗਣ ਕਾਰਨ ਸ਼ਰਧਾਲੂ ਦੀ ਮੌਤ, 10 ਤੋਂ ਵੱਧ ਜ਼ਖਮੀ


ਛਤਰਪੁਰ (ਮੱਧ ਪ੍ਰਦੇਸ਼) , 8 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਮੰਗਲਵਾਰ ਸਵੇਰੇ ਬਾਗੇਸ਼ਵਰ ਧਾਮ ਵਿਚ ਇਕ ਦੁਖਦਾਈ ਹਾਦਸਾ ਵਾਪਰਿਆ, ਜਦੋਂ ਧਰਮਸ਼ਾਲਾ ਦੀ ਕੰਧ ਡਿੱਗਣ ਕਾਰਨ ਇਕ ਔਰਤ ਸ਼ਰਧਾਲੂ ਦੀ ਮੌਤ ਹੋ ਗਈ, ਜਦੋਂ ਕਿ 10 ਤੋਂ ਵੱਧ ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਦਾ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੇਸ਼ ਭਰ ਤੋਂ ਸ਼ਰਧਾਲੂ ਗੁਰੂ ਪੂਰਨਿਮਾ ਤਿਉਹਾਰ ਲਈ ਬਾਗੇਸ਼ਵਰ ਧਾਮ ਪਹੁੰਚ ਰਹੇ ਸਨ। ਕੰਧ ਦੇ ਮਲਬੇ ਹੇਠ ਦੱਬਣ ਨਾਲ ਮਿਰਜ਼ਾਪੁਰ ਦੀ ਇਕ ਮਹਿਲਾ ਸ਼ਰਧਾਲੂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੋਰ ਜ਼ਖਮੀਆਂ ਵਿਚ ਮਿਰਜ਼ਾਪੁਰ ਖੇਤਰ ਦੇ ਲੋਕ ਵੀ ਸ਼ਾਮਲ ਹਨ, ਜੋ ਗੜ੍ਹਾ ਪਿੰਡ ਵਿਚ ਇਕ ਹੋਮ ਸਟੇਅ ‘ਤੇ ਰਹਿ ਰਹੇ ਸਨ।
ਰਾਜਨਗਰ ਦੇ ਐਸਡੀਐਮ ਪ੍ਰਸ਼ਾਂਤ ਅਗਰਵਾਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੰਧ ਡਿੱਗਣ ਦੇ ਇਸ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਵਧਦੀ ਭੀੜ ਨੂੰ ਦੇਖਦੇ ਹੋਏ ਬਾਗੇਸ਼ਵਰ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਸ਼ਰਧਾਲੂਆਂ ਨੂੰ ਭੀੜ ਤੋਂ ਬਚ ਕੇ ਗੁਰੂ ਪੂਰਨਿਮਾ ਤਿਉਹਾਰ ਆਪਣੇ ਘਰਾਂ ਵਿਚ ਮਨਾਉਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਧਾਮ ਦੀ ਧਰਮਸ਼ਾਲਾ ਅਤੇ ਆਲੇ ਦੁਆਲੇ ਦੇ ਖੇਤਰਾਂ ਵਿਚ ਭੀੜ ਨੂੰ ਕੰਟਰੋਲ ਕਰਨ ਲਈ ਵਾਧੂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ ਵੀ ਦਿਤੇ ਹਨ।
