ਕਿਸ਼ਤਵਾੜ ਵਿਚ ਬੱਦਲ ਫਟਣ ਕਾਰਨ ਤਬਾਹੀ, 10 ਲੋਕਾਂ ਦੀ ਮੌਤ ਤੇ ਕਈ ਜਖ਼ਮੀ


ਜੰਮੂ, 14 ਅਗਸਤ : (ਨਿਊਜ਼ ਟਾਊਨ ਨੈਟਵਰਕ)
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਪੱਡਰ ਸਬ-ਡਿਵੀਜ਼ਨ ਵਿੱਚ ਵੀਰਵਾਰ ਦੁਪਹਿਰ 12:30 ਵਜੇ ਬੱਦਲ ਫਟਣ ਦੀ ਘਟਨਾ ਵਾਪਰੀ। ਇਸ ਨਾਲ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਹੁਣ ਤੱਕ 10 ਲੋਕਾਂ ਦੇ ਮਰਨ ਦੀ ਖ਼ਬਰ ਹੈ। ਇਹ ਅੰਕੜਾ ਵੱਧ ਸਕਦਾ ਹੈ। 25 ਲੋਕ ਜ਼ਖਮੀ ਹਨ। ਹਾਲਾਂਕਿ, ਪ੍ਰਸ਼ਾਸਨ ਨੇ ਹੁਣ ਤੱਕ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਬੱਦਲ ਫਟਣ ਦੀ ਘਟਨਾ ਪੱਡਰ ਦੇ ਚਾਸ਼ੋਟੀ ਪਿੰਡ ਵਿੱਚ ਵਾਪਰੀ ਹੈ। ਇਹ ਸਥਾਨ ਮਚੈਲ ਮਾਤਾ ਮੰਦਰ ਦਾ ਸ਼ੁਰੂਆਤੀ ਪੁਆਇੰਟ ਹੈ। ਧਾਰਮਿਕ ਯਾਤਰਾ ਲਈ ਇੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹਨ।
ਸਥਾਨਕ ਲੋਕ ਮਦਦ ਕਰਨ ਵਿੱਚ ਲੱਗੇ ਹੋਏ ਹਨ। ਮਚੈਲ ਮਾਤਾ ਯਾਤਰਾ ਹਰ ਸਾਲ ਅਗਸਤ ਵਿੱਚ ਹੁੰਦੀ ਹੈ। ਹਜ਼ਾਰਾਂ ਸ਼ਰਧਾਲੂ ਇਸ ਵਿੱਚ ਆਉਂਦੇ ਹਨ। ਇਹ ਯਾਤਰਾ 25 ਜੁਲਾਈ ਤੋਂ 5 ਸਤੰਬਰ ਤੱਕ ਚੱਲੇਗੀ। ਇਹ ਰਸਤਾ ਜੰਮੂ ਤੋਂ ਕਿਸ਼ਤਵਾੜ ਤੱਕ 210 ਕਿਲੋਮੀਟਰ ਲੰਬਾ ਹੈ ਅਤੇ ਇਸ ਵਿੱਚ ਵਾਹਨ ਪੱਡਰ ਤੋਂ ਚਾਸ਼ੋਟੀ ਤੱਕ 19.5 ਕਿਲੋਮੀਟਰ ਸੜਕ ‘ਤੇ ਜਾ ਸਕਦੇ ਹਨ। ਇਸ ਤੋਂ ਬਾਅਦ ਮਚੈਲ ਤੱਕ ਪੈਦਲ 8.5 ਕਿਲੋਮੀਟਰ ਲੰਬਾ ਸਫ਼ਰ ਹੈ। ਇਸ ਤੋਂ ਇਲਾਵਾ ਕਸ਼ਮੀਰ ਦੇ ਰਾਜੌਰੀ ਅਤੇ ਮੇਂਢਰ ਤੋਂ ਵੀ ਬੱਦਲ ਫਟਣ ਦੀ ਜਾਣਕਾਰੀ ਮਿਲ ਰਹੀ ਹੈ।ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੋਦੀ ਸਰਕਾਰ ਵਿੱਚ ਮੰਤਰੀ ਜਤਿੰਦਰ ਸਿੰਘ ਨੇ ਸਥਾਨਕ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਮੌਕੇ ‘ਤੇ ਰਾਹਤ ਕਾਰਜਾਂ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ਹੁਣੇ -ਹੁਣੇ “ਜੰਮੂ-ਕਸ਼ਮੀਰ ਦੇ LoP ਅਤੇ ਸਥਾਨਕ ਵਿਧਾਇਕ ਸੁਨੀਲ ਕੁਮਾਰ ਸ਼ਰਮਾ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਮੈਂ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨਾਲ ਗੱਲ ਕੀਤੀ। ਚੋਸੀਟੀ ਖੇਤਰ ਵਿੱਚ ਬੱਦਲ ਫਟਣ ਕਾਰਨ ਭਾਰੀ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਹੈ ਅਤੇ ਬਚਾਅ ਟੀਮ ਮੌਕੇ ਲਈ ਰਵਾਨਾ ਹੋ ਗਈ ਹੈ। ਕੇਂਦਰੀ ਮੰਤਰੀ ਨੇ ਅੱਗੇ ਲਿਖਿਆ ਕਿ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਜ਼ਰੂਰੀ ਬਚਾਅ ਅਤੇ ਡਾਕਟਰੀ ਪ੍ਰਬੰਧਨ ਪ੍ਰਬੰਧ ਕੀਤੇ ਜਾ ਰਹੇ ਹਨ। ਮੇਰੇ ਦਫ਼ਤਰ ਨੂੰ ਨਿਯਮਤ ਤੌਰ ‘ਤੇ ਅਪਡੇਟ ਮਿਲ ਰਹੇ ਹਨ ਅਤੇ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ। ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਸ਼ਰਮਾ ਨੇ ਕਿਹਾ, “ਕਿਸ਼ਤਵਾੜ ਦੇ ਚਾਸ਼ੋਟੀ ਖੇਤਰ ਵਿੱਚ ਅਚਾਨਕ ਹੜ੍ਹ ਆ ਗਿਆ ਹੈ, ਜੋ ਕਿ ਮਛੈਲ ਮਾਤਾ ਯਾਤਰਾ ਦਾ ਸ਼ੁਰੂਆਤੀ ਬਿੰਦੂ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।”