8 ਦਿਨਾਂ ਤੋਂ ਗੰਦੇ ਪਾਣੀ ਦੀ ਨਿਕਾਸੀ ਦੀ ਕੀਤੀ ਜਾ ਰਹੀ ਮੰਗ


ਧਰਨੇ ਦੇ 8ਵੇਂ ਦਿਨ ਲੋਕਾਂ ਨੇ ਕੱਢਿਆ ਮਾਰਚ
ਲੋਕ ਇਨਸਾਫ਼ ਮੰਚ ਨੇ ਫੂਕੀ ਪੰਚਾਇਤ ਮੰਤਰੀ ਦੀ ਅਰਥੀ

ਫਿਲੌਰ/ਅੱਪਰਾ, 15 ਜੁਲਾਈ (ਦੀਪਾ) : ਲੋਕ ਇਨਸਾਫ਼ ਮੰਚ ਵਲੋਂ ਡੇਰਾ ਮਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀਡੀਪੀਓ ਦਫ਼ਤਰ ਫਿਲੌਰ ਸਾਹਮਣੇ ਪੱਕਾ ਧਰਨਾ ਅੱਜ ਅੱਠਵੇਂ ਦਿਨ ‘ਚ ਸ਼ਾਮਲ ਹੋ ਗਿਆ। ਇਸ ਮੌਕੇ ਸ਼ਹਿਰ ਫ਼ਿਲੌਰ ਵਿਚ ਵਿਸ਼ਾਲ ਮਾਰਚ ਕਰਕੇ ਪੰਚਾਇਤ ਮੰਤਰੀ ਪੰਜਾਬ ਦੀ ਅਰਥੀ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿਤੀ ਕਿ ਜੇਕਰ ਜਲਦ ਮਸਲਾ ਹੱਲ ਨਾ ਕੀਤਾ ਗਿਆ ਤਾਂ ਲੋਕ ਇਨਸਾਫ਼ ਮੰਚ ਵਲੋਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈਕੇ 23 ਜੁਲਾਈ ਨੂੰ ਹਲਕਾ ਇੰਚਾਰਜ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਸਥਾਨਕ ਪ੍ਰਸ਼ਾਸ਼ਨ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਜਲਦੀ ਹੀ ਬੀਡੀਪੀਓ ਫ਼ਿਲੌਰ ਦੇ ਘਰ ਸਾਹਮਣੇ ਰਾਤ ਦਾ ਜਗਰਾਤਾ ਕੀਤਾ ਜਾਵੇਗਾ।
ਅੱਜ ਅੱਠਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਆਗੂਆਂ ਨੇ ਸੰਬੋਧਨ ਕੀਤਾ। ਧਰਨੇ ਦੀ ਅਗਵਾਈ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਕੀਤੀ। ਇਸ ਮੌਕੇ ਲੋਕ ਇਨਸਾਫ਼ ਮੰਚ ਦੇ ਆਗੂਆਂ ਨੇ ਕਿਹਾ ਕਿ ਜਦੋਂ ਤਕ ਮਸਲਾ ਹੱਲ ਨਹੀਂ ਹੁੰਦਾਂ ਇਹ ਧਰਨਾ ਪੱਕੇ ਤੌਰ ‘ਤੇ ਚਲਦਾ ਰਹੇਗਾ। ਉਨਾਂ ਕਿਹਾ ਕਿ ਅਗਲੇ ਐਕਸ਼ਨ ਦੀ ਤਿਆਰੀ ਪਿੰਡ ਪਿੰਡ ਜਾ ਕੇ ਸ਼ੁਰੂ ਕੀਤੀ ਜਾ ਰਹੀ ਹੈ।