ਦਿੱਲੀ-ਮੋਗਾ ਐਕਸਪ੍ਰੈੱਸ ਨੂੰ ਫਿਰੋਜ਼ਪੁਰ ਕੈਂਟ ਤਕ ਵਧਾਇਆ ਜਾਵੇਗਾ : ਰਵਨੀਤ ਸਿੰਘ ਬਿੱਟੂ

0
RAVNEET BITTU

ਨਵੀਂ ਦਿੱਲੀ, 1 ਨਵੰਬਰ (ਨਿਊਜ਼ ਟਾਊਨ ਨੈਟਵਰਕ) : ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ 22485 ਦਿੱਲੀ-ਮੋਗਾ ਐਕਸਪ੍ਰੈਸ ਨੂੰ ਹੁਣ ਫਿਰੋਜ਼ਪੁਰ ਕੈਂਟ ਤੱਕ ਵਧਾਇਆ ਜਾਵੇਗਾ। ਸੋਧੇ ਹੋਏ ਪ੍ਰੋਗਰਾਮ ਮੁਤਾਬਕ ਇਹ ਰੇਲ ਗੱਡੀ ਦਿੱਲੀ ਤੋਂ ਰਵਾਨਾ ਹੋਵੇਗੀ, ਜਾਖਲ ਅਤੇ ਲੁਧਿਆਣਾ ਰਾਹੀਂ 13:57 ਵਜੇ ਮੋਗਾ ਪਹੁੰਚੇਗੀ ਅਤੇ 13:59 ਵਜੇ ਦੁਬਾਰਾ ਰਵਾਨਾ ਹੋਵੇਗੀ। ਉੱਥੋਂ ਇਹ ਫਿਰੋਜ਼ਪੁਰ ਕੈਂਟ ਤੱਕ ਜਾਵੇਗੀ ਅਤੇ 15:00 ਵਜੇ ਪਹੁੰਚੇਗੀ। ਵਾਪਸੀ ਉਤੇ ਇਹ ਰੇਲਗੱਡੀ ਫਿਰੋਜ਼ਪੁਰ ਕੈਂਟ ਤੋਂ 15:35 ਵਜੇ ਰਵਾਨਾ ਹੋਵੇਗੀ ਅਤੇ 23:35 ਵਜੇ ਦਿੱਲੀ ਪਹੁੰਚੇਗੀ। ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ਵਿਚ ਰੇਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਅਟੁੱਟ ਸਮਰਥਨ ਅਤੇ ਵਚਨਬੱਧਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਦੀ ਚਿਰੋਕਣੀ ਮੰਗ ਆਖਰਕਾਰ ਪੂਰੀ ਹੋ ਗਈ ਹੈ। ਇਸ ਨਾਲ ਨਾ ਸਿਰਫ ਮੁਸਾਫ਼ਰਾਂ ਨੂੰ ਲਾਭ ਹੋਵੇਗਾ ਬਲਕਿ ਖੇਤਰ ਵਿਚ ਵਪਾਰ ਅਤੇ ਸੰਪਰਕ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਫਿਰੋਜ਼ਪੁਰ ਤਕ ਦਿੱਲੀ-ਮੋਗਾ ਐਕਸਪ੍ਰੈਸ ਦੇ ਵਿਸਤਾਰ ਨਾਲ ਮੁਸਾਫ਼ਰਾਂ ਨੂੰ ਵਧੇਰੇ ਸਹੂਲਤ ਮਿਲਣ ਅਤੇ ਉੱਤਰ-ਪਛਮੀ ਪੰਜਾਬ ਵਿਚ ਆਰਥਕ ਗਤੀਵਿਧੀਆਂ ਵਿਚ ਸੁਧਾਰ ਹੋਣ ਦੀ ਉਮੀਦ ਹੈ। ਦੂਜੇ ਪਾਸੇ ਭਾਰਤੀ ਰੇਲਵੇ ਵੱਲੋਂ ਫ਼ਿਰੋਜ਼ਪੁਰ-ਨਵੀਂ ਦਿੱਲੀ ਰੂਟ ’ਤੇ ਮਨਜ਼ੂਰ ਕੀਤੀ ਗਈ ਵੰਦੇ ਭਾਰਤ ਰੇਲ ਗੱਡੀ ਵੀ 7 ਨਵੰਬਰ ਨੂੰ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਸਵੇਰੇ 7:55 ਵਜੇ ਪਹਿਲੀ ਵਾਰ ਆਪਣੀ ਮੰਜ਼ਿਲ ਵੱਲ ਨੂੰ ਰਵਾਨਾ ਹੋਵੇਗੀ। ਇਹ ਗੱਡੀ ‌ਵਾਇਆ ਫ਼ਰੀਦਕੋਟ, ਬਠਿੰਡਾ, ਪਟਿਆਲਾ, ਅੰਬਾਲਾ, ਪਾਣੀਪਤ ਹੁੰਦੀ ਹੋਈ ਬਾਅਦ ਦੁਪਹਿਰ 2:30 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਪੁੱਜੇਗੀ। ਉਸੇ ਦਿਨ ਸ਼ਾਮ 4 ਵਜੇ ਇਹ ਗੱਡੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਕੇ 10 ਵਜੇ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ’ਤੇ ਪਰਤੇਗੀ। ਹਫ਼ਤੇ ਦੇ 6 ਦਿਨ ਯਾਤਰੀ ਇਸ ਗੱਡੀ ਦਾ ਲਾਭ ਲੈ ਸਕਣਗੇ।ਇਸ ਗੱਡੀ ਦੇ ਚਾਲੂ ਹੋਣ ਨਾਲ ਇਲਾਕੇ ਦੇ ਲੋਕਾਂ ਦੀ ਚਿਰੋਕੀ ਅਤੇ ਇੱਕ ਵੱਡੀ ਮੰਗ ਪੂਰੀ ਹੋ ਜਾਵੇਗੀ। ਇਲਾਕੇ ਦੇ ਰੇਲ ਯਾਤਰੂਆਂ ਨੂੰ ਵੱਡਾ ਫ਼ਾਇਦਾ ਹੋਵੇਗਾ।

Leave a Reply

Your email address will not be published. Required fields are marked *