ਗੁਣਕਾਰੀ ਘਰਾਟ ਚੱਕੀਆਂ ਦੇ ਆਟੇ ਦਾ ਘਟਦਾ ਜਾ ਰਿਹਾ ਚਲਨ


ਗੁਰਦਾਸਪੁਰ, 13 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਕੋਈ ਸਮਾਂ ਸੀ ਜਦੋਂ ਲੋਕ ਨਹਿਰੀ ਪਾਣੀ ਨਾਲ ਚੱਲਣ ਵਾਲੀਆਂ ਘਰਾਟ ਚੱਕੀਆਂ ਤੋਂ ਆਟਾ ਪਿਸਵਾਉਣ ਨੂੰ ਹੀ ਤਰਜੀਹ ਦਿੰਦੇ ਸਨ ਕਿਉਂਕਿ ਇਹਨਾਂ ਚੱਕੀਆਂ ਨਾਲ ਪੀਸਿਆ ਆਟਾ ਪੂਰੀ ਤਰ੍ਹਾਂ ਨਾਲ ਕੁਦਰਤੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਪਰ ਹੌਲੀ ਹੌਲੀ ਆਧੁਨਿਕ ਮਸ਼ੀਨੀ ਯੁਗ ਆ ਗਿਆ ਤੇ ਘਰਾਟ ਚੱਕੀਆਂ ਦਾ ਚਲਨ ਘੱਟਦਾ ਗਿਆ । ਜਿਲਾ ਗੁਰਦਾਸਪੁਰ ਵਿਚ ਜਿੱਥੇ ਕਿਸੇ ਸਮੇਂ 60 ਤੋਂ 65 ਘਰਾਟ ਚੱਕੀਆਂ ਹੁੰਦੀਆਂ ਸੀ ਉੱਥੇ ਹੀ ਹੁਣ ਸਿਰਫ ਤਿੰਨ ਘਰਾਟ ਚੱਕੀਆ ਰਹਿ ਗਈਆਂ ਹਨ।
ਦੱਸਣਯੋਗ ਹੈ ਕਿ ਇਹ ਚੱਕੀਆਂ ਨਹਿਰੀ ਪਾਣੀ ਦੇ ਬਹਾਵ ਨਾਲ ਚਲਦੀਆਂ ਹਨ। ਜਦੋਂ ਨਹਿਰੀ ਪਾਣੀ ਦਾ ਬਹਾਵ ਤੇਜ਼ ਹੁੰਦਾ ਹੈ ਤਾਂ ਕੁਦਰਤੀ ਪੱਥਰਾਂ ਨਾਲ ਬਣੀਆਂ ਇਹ ਚੱਕੀਆਂ ਘੁੰਮਣੀਆਂ ਸ਼ੁਰੂ ਹੁੰਦੀਆਂ ਹਨ ਅਤੇ ਇਹਨਾਂ ਵਿਚ ਪਾਈ ਗਈ ਕਣਕ ਪਿੱਸਣੀ ਸ਼ੁਰੂ ਹੋ ਜਾਂਦੀ ਹੈ ਪਰ ਜਦੋਂ ਨਹਿਰੀ ਪਾਣੀ ਪਿੱਛੋਂ ਬੰਦ ਹੋ ਜਾਂਦਾ ਹੈ ਤਾਂ ਇਹ ਚੱਕੀਆਂ ਵੀ ਬੰਦ ਕਰ ਦਿਤੀ ਜਾਂਦੀਆਂ ਹਨ । ਹਾਲਾਂਕਿ ਘਰਾਟ ਚੱਕੀਆਂ ਨਾਲ ਆਟਾ ਪਿਸਵਾਉਣ ਨੂੰ ਅੱਜ ਵੀ ਕੁਝ ਲੋਕ ਤਰਜੀਹ ਦਿੰਦੇ ਹਨ ਜੋ ਇਸ ਦਾ ਮੁੱਲ ਜਾਣਦੇ ਹਨ ।