ਭਾਰਤ ਅੰਦਰ ਬਾਂਦਰਾਂ ਦੀ ਘਟ ਰਹੀ ਅਬਾਦੀ ਚਿੰਤਾ ਦਾ ਵਿਸ਼ਾ

0
WhatsApp Image 2025-08-08 at 11.58.54 AM

ਭਾਰਤ, 08 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :

ਬਾਂਦਰ, ਭਾਰਤੀ ਸੰਸਕ੍ਰਿਤੀ ਵਿਚ ਅਹਿਮ ਸਥਾਨ ਰੱਖਦੇ ਹਨ। ਸਮਾਜ ਦਾ ਇਕ ਵਰਗ ਬਾਂਦਰ ਨੂੰ ਧਾਰਮਕ ਨਜ਼ਰੀਏ ਤੋਂ ਕਾਫ਼ੀ ਜ਼ਿਆਦਾ ਸ਼ਰਧਾ-ਭਾਵਨਾ ਨਾਲ ਵੇਖਦਾ ਆ ਰਿਹਾ ਹੈ। ਰਾਵਨ ਦੀ ਲੰਕਾ ਜਲਾਉਣ ਦੀ ਘਟਨਾ ਨਾਲ ਵੀ ਬਾਂਦਰ ਨੂੰ ਜੋੜਿਆ ਜਾਂਦਾ ਹੈ। ਸਮਾਜ ਦਾ ਇਕ ਹਿੱਸਾ ਬਾਂਦਰਾਂ ਨੂੰ ਅਪਣੇ ਪੂਰਵਜਾਂ (ਪੁਰਖਿਆਂ) ਦੇ ਰੂਪ ਵਿਚ ਵੀ ਵੇਖ ਰਿਹਾ ਹੈ। ਬਾਂਦਰ ਮਨੋਰੰਜਨ ਦਾ ਸਾਥਨ ਵੀ ਰਿਹਾ ਹੈ। ਬਾਂਦਰਾਂ ਦੀ ਮਦਦ ਨਾਲ ਬਣੀਆਂ ਹਿੰਦੀ ਫ਼ਿਲਮਾਂ ਬਲਾਕ-ਬਸਟਰ ਹੋਈਆਂ ਹਨ। ਗੋਬਿੰਦਾ ਅਤੇ ਚੰਕੀ ਪਾਂਡੇ ਦੀ ਸਾਲ 1993 ਵਿਚ ਆਈ ਫ਼ਿਲਮ ਆਂਖੇ ਵਿਚ ਬਾਂਦਰ ਦਾ ਕੰਮ ਲਾਜਵਾਬ ਰਿਹਾ। ਮਿਥੁਨ ਚੱਕਰਵਰਤੀ ਦੀ 1987 ਵਿਚ ਰਿਲੀਜ਼ ਹੋਈ ਪਰਿਵਾਰ ਫ਼ਿਲਮ ਦਾ ਹੀਰੋ ਹੀ ਲੋਕ ਬਾਂਦਰ ਨੂੰ ਸਮਝਦੇ ਸਨ। ਜੇ ਉਸ ਫ਼ਿਲਮ ਵਿਚ ਬਾਂਦਰ ਨਾ ਹੁੰਦਾ ਤਾਂ ਅਖ਼ੀਰ ਵਿਚ ਫਿਲਮ ਦਾ ਹੀਰੋ ਤੇ ਹੀਰੋਇਨ ਮਰ ਜਾਂਦੇ ਤੇ ਫ਼ਿਲਮ ਫ਼ਲਾਪ ਹੋ ਜਾਂਦੀ। ਜੈਕੀ ਸ਼ਰਾਫ਼ ਦੀ ਫ਼ਿਲਮ ਜਵਾਬ ਹਮ ਦੇਂਗੇ, ਜਿਹੜੀ 1987 ਵਿਚ ਰਿਲੀਜ਼ ਹੋਈ ਸੀ, ਦਾ ਆਖ਼ਰੀ ਦ੍ਰਿਸ਼ ਬਾਂਦਰ ਦੀ ਕਲਾਕਾਰੀ ਅਤੇ ਲੜਾਈ ਤੋਂ ਬਿਨਾਂ ਪੂਰਾ  ਨਹੀਂ ਸੀ ਹੋ ਸਕਦਾ। ਉਸ ਫ਼ਿਲਮ ਵਿਚ ਬਾਂਦਰ ਨੇ ਜੈਕੀ ਸ਼ਰਾਫ਼, ਸ੍ਰੀਦੇਵੀ ਅਤੇ ਸਤਰੂਘਨ ਸਿਨਹਾ ਦੀ ਜਾਨ ਬਚਾਈ। ਕਈ ਲੋਕਾਂ ਲਈ ਬਾਂਦਰ ਰੋਜ਼ੀ-ਰੋਟੀ ਦਾ ਸਾਧਨ ਵੀ ਹਨ। ਪਿੰਡਾਂ ਵਿਚ ਅੱਜ ਵੀ ਮਦਾਰੀ ਬਾਂਦਰ-ਬਾਂਦਰੀ ਦਾ ਤਮਸ਼ਾ ਵਿਖਾ ਕੇ ਪੈਸੇ ਜਾਂ ਆਟਾ ਇਕੱਠਾ ਕਰਦਾ ਹੈ ਅਤੇ ਫਿਰ ਉਸ ਨਾਲ ਅਪਣਾ ਘਰ ਚਲਾਉਂਦਾ ਹੈ। ਪਰ ਅੱਜ ਕੱਲ ਬਾਂਦਰਾਂ ਦੀਆਂ ਕਈ ਨਸਲਾਂ ਉਤੇ ਸਮਾਪਤੀ ਦੇ ਬੱਦਲ ਛਾ ਚੁੱਕੇ ਹਨ। ਦੇਸ਼ ਵਿਚ ਬਾਂਦਰਾਂ ਦੀ ਘੱਟ ਰਹੀ ਅਬਾਦੀ ਬੇਹੱਦ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਕਈ ਕਿਸਮਾਂ ਤਾਂ ਅਜਿਹੀਆਂ ਹਨ ਜਿਹੜੀਆਂ ਮੁਕੰਮਲ ਰੂਪ ਵਿਚ ਖ਼ਤਮ ਹੋਣ ਕਿਨਾਰੇ ਹਨ ਜਦਕਿ ਕੁੱਝ ਖ਼ਤਮ ਹੋਣ ਵੱਲ ਤੇਜ਼ੀ ਨਾਲ ਵਧ ਰਹੀਆਂ ਹਨ। ਇਸ ਦਾ ਮੁੱਖ ਕਾਰਨ ਜੰਗਲਾਂ ਦਾ ਘੱਟ ਜਾਣਾ ਹੈ। ਮਨੁੱਖ ਲਗਾਤਾਰ ਜੰਗਲਾਂ ਦੀ ਕਟਾਈ ਕਰਦਾ ਆ ਰਿਹਾ ਹੈ। ਜੰਗਲਾਂ ਦੀ ਘਾਟ ਨੇ ਬਾਂਦਰਾਂ ਦੀ ਆਬਾਦੀ ਵੀ ਘਟਾਈ ਹੈ। ਦੂਜਾ ਕਾਰਨ ਮਨੁੱਖ ਅਤੇ ਬਾਂਦਰਾਂ ਦਰਮਿਆਨ ਆਪਸੀ ਸੰਘਰਸ਼ ਨੂੰ ਮੰਨਿਆ ਜਾ ਰਿਹਾ ਹੈ। ਜੰਗਲ ਵਿਚੋਂ ਨਿਕਲ ਕੇ ਸ਼ਹਿਰਾਂ ਵਿਚ ਪੁੱਜੇ ਬਾਂਦਰਾਂ ਨੂੰ ਮਨੁੱਖ ਮਾਰ ਦਿੰਦਾ ਹੈ। ਬਾਂਦਰ ਅਤੇ ਮਨੁੱਖ ਦਰਮਿਆਨ ਸੰਘਰਸ਼ ਸਦੀਆਂ ਤੋਂ ਚਲਦਾ ਆ ਰਿਹਾ ਹੈ। ਕਈ ਬਾਰ ਮਨੁੱਖ ਸ਼ਿਕਾਰ ਦੇ ਰੂਪ ਵਿਚ ਅਪਣਾ ਸ਼ੌਕ ਪੂਰਾ ਕਰਨ ਲਈ ਵੀ ਬਾਂਦਰ ਨੂੰ ਗੋਲੀ ਮਾਰ ਦਿੰਦਾ ਹੈ। ਬਾਂਦਰ ਨੂੰ ਗੁਲਾਮ ਬਣਾ ਕੇ, ਘਰ ਬੰਨ੍ਹ ਕੇ ਰੱਖਣ ਦਾ ਅਸਰ ਵੀ ਬਾਂਦਰਾਂ ਦੀ ਗਿਣਤੀ ਉਤੇ ਪੈਂਦਾ ਹੈ।

ਅਸੀਂ ਸਮਝਦੇ ਹਾਂ ਕਿ ਬਾਂਦਰ ਕੁਦਰਤੀ ਵਾਤਾਵਰਣ ਦਾ ਅਟੁੱਟ ਅੰਗ ਹੈ। ਉਨ੍ਹਾਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਰੱਖਿਆ ਕਰਨਾ ਵੀ ਸਾਡਾ ਫ਼ਰਜ਼ ਬਣਦਾ ਹੈ। ਉਨ੍ਹਾਂ ਨੂੰ ਬਚਾਉਣ ਲਈ ਸਰਕਾਰ ਨੂੰ ਜੰਗਲਾਂ ਦਾ ਕਰਬਾ ਵਧਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਜੰਗਲਾਂ ਦੀ ਕਟਾਈ ਰੋਕਣੀ ਚਾਹੀਦੀ ਹੈ। ਜੰਗਲਾਂ ਵਿਚ ਬਾਂਦਰਾਂ ਲਈ ਵਿਸ਼ੇਸ਼ ਰਿਹਾਇਸ਼ਾਂ ਤਿਆਰ ਕਰਨੀਆਂ ਚਾਹੀਦੀਆਂ ਹਨ। ਆਮ ਨਾਗਰਿਕਾਂ ਵਿਚ ਬਾਂਦਰਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਤਾਕਿ ਬਾਂਦਰ ਤੇ ਮਨੁੱਖ ਦਰਮਿਆਨ ਚਲਦਾ ਆ ਰਿਹਾ ਸਦੀਆਂ ਪੁਰਾਣਾ ਸੰਘਰਸ਼ ਰੁਕ ਸਕੇ। ਜਿਵੇਂ ਦੱਖਣੀ ਏਸ਼ੀਆ ਦੇ ਕੁੱਝ ਦੇਸ਼ਾਂ ਅੰਦਰ ਬਾਂਦਰਾਂ ਦੀ ਹਿਫ਼ਾਜ਼ਤ ਲਈ ਸਖ਼ਤ ਕਾਨੂੰਨੀ ਵਿਵਸਥਾਵਾਂ ਕੀਤੀਆਂ ਹੋਈਆਂ ਹਨ, ਉਸੇ ਤਰ੍ਹਾਂ ਭਾਰਤ ਵਿਚ ਵੀ ਕਠੋਰ ਕਾਨੂੰਨ ਬਣਨੇ ਚਾਹੀਦੇ ਹਨ। ਜੇ ਸਰਕਾਰ, ਜੀਵ-ਜੰਤੂਆਂ ਬਾਰੇ ਵਿਭਾਗ ਅਤੇ ਆਮ ਲੋਕ ਮਿਲ ਕੇ ਬਾਂਦਰਾਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਤਾਂ ਸਫ਼ਲਤਾ ਜ਼ਰੂਰ ਮਿਲੇਗੀ। ਪੰਜਾਬ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *