ਕਪੂਰਥਲਾ ‘ਚ ਸਰਕਾਰੀ ਬੱਸ ‘ਤੇ ਚੜ੍ਹਦਿਆਂ ਤਿਲਕਿਆ ਔਰਤ ਦਾ ਪੈਰ, ਟੁੱਟੀ ਲੱਤ ਤੇ ਲੱਗੀਆਂ ਗੰਭੀਰ ਸੱਟਾਂ; ਇਲਾਜ ਦੌਰਾਨ ਮੌਤ


ਡਡਵਿੰਡੀ, 08 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਸ਼ੁੱਕਰਵਾਰ ਸਵੇਰੇ ਡਡਵਿੰਡੀ ਅੱਡੇ ‘ਤੇ ਸਰਕਾਰੀ ਬੱਸ ‘ਤੇ ਚੜਨ ਸਮੇਂ ਪੈਰ ਤਿਲਕਣ ਨਾਲ ਇੱਕ ਬਜ਼ੁਰਗ ਔਰਤ ਹੇਠਾਂ ਡਿੱਗ ਪਈ। ਜਿਸ ਦੌਰਾਨ ਉਸਦੀ ਲੱਤ ਟੁੱਟ ਗਈ ਤੇ ਹੋਰ ਵੀ ਗੰਭੀਰ ਸੱਟਾਂ ਲੱਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਸ਼ਨ ਕੌਰ ਉਮਰ ਤਕਰੀਬਨ 75-80 ਸਾਲ ਪਤਨੀ ਸਵਰਨ ਸਿੰਘ ਵਾਸੀ ਸੇਚਾਂ ਅੱਜ ਸਵੇਰੇ ਕਰੀਬ ਸਾਢੇ 8 ਵਜੇ ਬੱਸ ਅੱਡਾ ਡਡਵਿੰਡੀ ਤੋਂ ਬੱਸ ਚੜ੍ਹਨ ਲੱਗੀ ਸੀ ਕਿ ਅਚਾਨਕ ਉਸਦਾ ਪੈਰ ਤਿਲਕ ਗਿਆ। ਜਿਸ ਕਾਰਨ ਉਹ ਹੇਠਾਂ ਡਿੱਗ ਪਈ ਅਤੇ ਉਸਦੀ ਲੱਤ ਟੁੱਟ ਗਈ ਅਤੇ ਉਸਦੇ ਹੋਰ ਵੀ ਗੁੱਝੀਆਂ ਤੇ ਗੰਭੀਰ ਸੱਟਾਂ ਲੱਗੀਆਂ। ਮੌਕੇ ‘ਤੇ ਇਕੱਤਰ ਰਾਹਗੀਰਾਂ ਨੇ ਏਐਸਆਈ ਪਾਲ ਸਿੰਘ ਚੌਂਕੀ ਇੰਚਾਰਜ ਮੋਠਾਂਵਾਲਾ ਨੂੰ ਇਸਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਤੁਰੰਤ ਆਪਣੀ ਪੁਲਿਸ ਪਾਰਟੀ ਮੋਠਾਂਵਾਲਾ ਦੇ ਜਵਾਨਾਂ ਏਐਸਆਈ ਪਿੰਦਰ ਸਿੰਘ ਅਤੇ ਹੌਲਦਾਰ ਬਖ਼ਸ਼ੀਸ਼ ਸਿੰਘ ਨੂੰ ਮੌਕੇ ‘ਤੇ ਭੇਜਿਆ ਜਿਨ੍ਹਾਂ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।