41 ਲੱਖ ਰੁਪਏ ਦਾ ਖ਼ਰਚ ਕਰਕੇ ਕੈਨੇਡਾ ਭੇਜੀ ਨੂੰਹ, ਘਰਵਾਲੇ ਨੂੰ 2 ਵਾਰ ਪੁਲਿਸ ਤੋਂ ਕਰਵਾ ਚੁੱਕੀ ਗ੍ਰਿਫ਼ਤਾਰ


ਬਰਨਾਲਾ, 20 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਪੰਜਾਬ ਵਿਚ ਵਿਦੇਸ਼ ਜਾਣ ਦੀ ਤਾਕ ਨੂੰ ਲੈ ਕੇ ਲਗਾਤਾਰ ਠੱਗੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਜੇਕਰ ਪਤਨੀ ਵਿਆਹ ਕਰਵਾਉਣ ਤੋਂ ਬਾਅਦ ਕੈਨੇਡਾ ਜਾ ਕੇ ਆਪਣੇ ਪਤੀ ਨਾਲ ਹੀ ਠੱਗੀ ਮਾਰ ਜਾਵੇ ਤਾਂ ਪਰਿਵਾਰ ਨੂੰ ਧੱਕਾ ਜ਼ਰੂਰ ਲੱਗਦਾ ਹੈ। ਅਜਿਹਾ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਉਗੋਕੇ ਤੋਂ ਸਾਹਮਣੇ ਆਇਆ ਹੈ। ਪਿੰਡ ਉੱਗੋਕੇ ਦੇ ਰਹਿਣ ਵਾਲੇ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਡੋਗਰ ਸਿੰਘ ਨੇ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪ੍ਰੋਪਰਟੀ ਦਾ ਕੰਮ ਕਰਦਾ ਹੈ। ਉਸ ਦੇ ਪੁੱਤਰ (23 ਸਾਲ) ਸਰਬਜੀਤ ਸਿੰਘ ਦਾ ਤਿੰਨ ਸਾਲ ਪਹਿਲਾਂ ਕਿਰਨ ਕੌਰ ਪੁੱਤਰੀ ਕੁਲਵੰਤ ਰਾਮ ਪਿੰਡ ਗਲੋਲੀ, ਤਹਿਸੀਲ ਪਾਤੜਾਂ, ਜ਼ਿਲ੍ਹਾ ਪਟਿਆਲਾ ਦੀ ਰਹਿਣ ਵਾਲੀ ਲੜਕੀ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਹੋਇਆ ਸੀ। ਨੂੰਹ ਕਿਰਨ ਕੌਰ ਦੇ ਆਈਲੈਟਸ ਵਿੱਚੋਂ ਸਾਢੇ ਛੇ ਬੈਂਡ ਆਏ ਹੋਏ ਸਨ ।
ਕਿਰਨ ਕੌਰ ਵੱਲੋਂ ਸਹੁਰੇ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਕਿ ਜੇਕਰ ਸਹੁਰਾ ਪ੍ਰਵਾਰ ਉਸ ਨੂੰ ਵਿਆਹ ਕਰਵਾ ਕੇ ਬਾਹਰ ਭੇਜ ਦਿੰਦਾ ਤਾਂ ਉਹ ਆਪਣੇ ਪਤੀ ਸਰਬਜੀਤ ਸਿੰਘ ਨੂੰ ਵੀ ਕੈਨੇਡਾ ਲੈ ਜਾਵੇਗੀ ਅਤੇ ਉੱਥੋਂ ਦੀ ਪੀ.ਆਰ ਅਤੇ ਵਰਕ ਪਰਮਿਟ ਵੀ ਦਿਵਾ ਦੇਵੇਗੀ। ਕਿਰਨ ਕੌਰ ਵੱਲੋਂ ਦਿੱਤੇ ਵਿਸ਼ਵਾਸ ਤੋਂ ਬਾਅਦ ਕਿਰਨ ਕੌਰ ਦੇ ਪਤੀ ਸਰਬਜੀਤ ਸਿੰਘ ਅਤੇ ਸਹੁਰੇ ਡੋਗਰ ਸਿੰਘ ਨੇ 41 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਆਪਣੀ ਨੂੰਹ ਕਿਰਨ ਕੌਰ ਨੂੰ ਕੈਨੇਡਾ ਭੇਜ ਦਿੱਤਾ।
ਜਿਸ ਤੋਂ ਬਾਅਦ ਉਸ ਨੇ ਆਪਣੇ ਪੁੱਤ ਸਰਵਜੀਤ ਸਿੰਘ ਨੂੰ ਵੀ ਆਪਣੇ ਪੈਸਿਆਂ ‘ਤੇ ਕੈਨੇਡਾ ਭੇਜ ਦਿੱਤਾ। ਜਿੱਥੇ ਦੋਵੇਂ ਪਹਿਲਾਂ ਕੈਨੇਡਾ ਵਿੱਚ ਇਕੱਠੇ ਰਹੇ, ਪਰ ਇੱਕ ਸਾਲ ਤੋਂ ਬਾਅਦ ਕੈਨੇਡਾ ਵਿੱਚ ਹੀ ਕਿਰਨ ਕੌਰ ਨੇ ਆਪਣੇ ਪਤੀ ਸਰਬਜੀਤ ਸਿੰਘ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ, ਉਹ ਹੋਰ ਪੈਸੇ ਮੰਗਣ ਦੀ ਜ਼ਿੱਦ ਕਰਨ ਲੱਗੀ ਤੇ ਕਹਿਣ ਲੱਗੀ ਜੇਕਰ ਉਸ ਦੇ ਭਰਾ ਅਤੇ ਮਾਂ ਨੂੰ ਕੈਨੇਡਾ ਨਹੀਂ ਬੁਲਾਇਆ ਗਿਆ ਤਾਂ ਉਹ ਆਪਣੇ ਘਰਵਾਲੇ ਨੂੰ ਪੁਲਿਸ ਕੋਲੋਂ ਗ੍ਰਿਫ਼ਤਾਰ ਕਰਵਾ ਦੇਵੇਗੀ ਅਤੇ ਵਰਕ ਪਰਮਿਟ ਵੀ ਨਹੀਂ ਲੈਣ ਦੇਵੇਗੀ।
ਪੁੱਤ ਸਰਬਜੀਤ ਸਿੰਘ ਦੇ ਕਹਿਣ ‘ਤੇ ਪਿਤਾ ਡੋਗਰ ਸਿੰਘ ਨੇ 7 ਲੱਖ ਰੁਪਏ ਹੋਰ ਭੇਜ ਦਿੱਤੇ। ਕੈਨੇਡਾ ਗਈ ਲਾਲਚੀ ਨੂੰਹ ਕਿਰਨ ਕੌਰ ਦਾ ਲਾਲਚ ਇਸ ਤਰ੍ਹਾਂ ਵੱਧ ਚੁੱਕਿਆ ਸੀ ਕਿ ਉਸ ਨੇ ਕੈਨੇਡਾ ਵਿੱਚ ਆਪਣੇ ਨਾਲ ਰਹਿ ਰਹੇ ਆਪਣੇ ਪਤੀ ਸਰਬਜੀਤ ਸਿੰਘ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਦੋ ਵਾਰ ਕੈਨੇਡਾ ਪੁਲਿਸ ਕੋਲੋਂ ਗ੍ਰਿਫਤਾਰ ਵੀ ਕਰਵਾ ਦਿੱਤਾ।
ਕਿਰਨ ਕੌਰ ਆਪਣੇ ਭਰਾ ਨਾਲ ਅਲੱਗ ਕੈਨੇਡਾ ਵਿੱਚ ਰਹਿਣ ਲੱਗ ਪਈ ਅਤੇ ਸਰਬਜੀਤ ਸਿੰਘ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਮੇਰਾ ਪਿੱਛਾ ਕੀਤਾ ਤਾਂ ਮੈਂ ਤੇਰੇ ਖ਼ਿਲਾਫ਼ ਕੈਨੇਡਾ ਪੁਲਿਸ ਤੋਂ ਕਾਰਵਾਈ ਕਰਵਾਂਗੀ। ਜਿਸ ਤੋਂ ਬਾਅਦ ਹੁਣ ਸਰਬਜੀਤ ਸਿੰਘ ਕੈਨੇਡਾ ਵਿੱਚ ਲੁਕ ਛਿਪ ਕੇ ਰਹਿਣ ਲਈ ਮਜਬੂਰ ਹੈ। ਇਸ ਮੌਕੇ ਡੋਗਰ ਸਿੰਘ ਨੇ ਰੋਂਦੇ ਕੁਰਲਾਉਂਦੇ ਦੱਸਿਆ ਕਿ ਉਸ ਦਾ ਪੁੱਤ ਅੱਜ ਕੈਨੇਡਾ ਵਿੱਚ ਲੁਕ ਛਿਪ ਕੇ ਰਹਿਣ ਲਈ ਮਜਬੂਰ ਹੈ। ਉਸ ਦੇ ਪੁੱਤ ਦੇ ਹਾਲਾਤਾਂ ਦੀ ਜ਼ਿੰਮੇਵਾਰ ਕਿਰਨ ਕੌਰ ਅਤੇ ਉਸ ਦਾ ਸਾਰਾ ਲਾਲਚੀ ਪਰਿਵਾਰ ਹੈ। ਉਹਨਾਂ ਇਹ ਵੀ ਕਿਹਾ ਕਿ ਅੱਜ ਮੇਰਾ ਪੁੱਤ ਮਰਨ ਕਿਨਾਰੇ ਹੈ।
ਇਸ ਮੌਕੇ ਕੈਨੇਡਾ ਵਿੱਚ ਬੈਠੇ ਸਰਬਜੀਤ ਸਿੰਘ ਨੇ ਮੀਡੀਆ ਨੂੰ ਭੇਜੀ ਵੀਡੀਓ ਰਾਹੀਂ ਆਪਣੇ ਨਾਲ ਹੱਡ ਬੀਤੀ ਬਿਆਨ ਕੀਤੀ, ਉੱਥੇ ਪਿੰਡ ਉਗੋਕੇ ਵਿੱਚ ਮਾਪਿਆਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਧੋਖਾ ਦੇਣ ਵਾਲੀ ਨੂੰਹ ਕਿਰਨ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਕਰਵਾਉਣ ਲਈ ਪਰਿਵਾਰਕ ਮੈਂਬਰਾਂ ਵੱਲੋਂ ਮਾਨਯੋਗ ਅਦਾਲਤ ਦਾ ਵੀ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ।
ਇਸ ਮਾਮਲੇ ਨੂੰ ਲੈ ਕੇ ਪੀੜਿਤ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਥਾਣਾ ਸਹਿਣਾ ਵਿੱਚ ਆਪਣੇ ਨਾਲ 41 ਲੱਖ ਰੁਪਏ ਦੀ ਹੋਈ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ। ਪੀੜਿਤ ਪਰਿਵਾਰਿਕ ਮੈਂਬਰਾਂ ਨੇ ਕੈਨੇਡਾ ਅਤੇ ਪੰਜਾਬ ਸਰਕਾਰ ਸਮੇਤ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਕੈਨੇਡਾ ਬੈਠੀ ਧੋਖਾ ਕਰਨ ਵਾਲੀ ਕਿਰਨ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਕਰਕੇ ਪੰਜਾਬ ਵਾਪਸ ਲਿਆਂਦਾ ਜਾਵੇ ਅਤੇ ਬਾਕੀ ਰਹਿੰਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਅਜਿਹੀ ਠੱਗੀ ਅੱਗੇ ਤੋਂ ਕਿਸੇ ਨਾਲ ਹੋਰ ਨਾ ਹੋ ਸਕੇ।
ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣਾ ਸਹਿਣਾ ਦੇ ਐਸਐਚਓ ਗੁਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਿਆਨਾਂ ਦੇ ਅਧਾਰ ‘ਤੇ ਲੜਕੀ ਕਿਰਨ ਕੌਰ, ਲੜਕੀ ਦੇ ਪਿਤਾ ਕੁਲਵੰਤ ਰਾਮ, ਲੜਕੀ ਦੀ ਮਾਤਾ ਨਿਰਮਲ ਕੌਰ, ਦਾਦੀ ਕਰਤਾਰੋ ਦੇਵੀ, ਚਾਚਾ ਕ੍ਰਿਸ਼ਨ ਰਾਮ ਸਮੇਤ ਕੁੱਲ 5 ਖ਼ਿਲਾਫ਼ ਪੁਲਿਸ ਥਾਣਾ ਸਹਿਣਾ ਧੋਖਾਧੜੀ ਤਹਿਤ ਆਈ.ਪੀ.ਸੀ ਦੀ ਪੁਰਾਣੀ 420,120- ਬੀ ਅਤੇ 506 ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਲੜਕੀ ਕਿਰਨ ਕੌਰ ਦੀ ਮਾਤਾ ਨਿਰਮਲ ਕੌਰ ਪਤਨੀ ਕੁਲਵੰਤ ਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਕੀਆਂ ਦੀ ਗ੍ਰਿਫ਼ਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਨਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।