ਪਟਿਆਲਾ ਦੇ ਮੇਅਰ ਦੇ ਦੀਵੇ ਹੇਠ ਹਨੇਰੇ ਵਾਲੀ ਗੱਲ !


10 ਵਜੇ ਤੋਂ ਪਹਿਲਾਂ ਦਫਤਰ ‘ਚ ਨਹੀਂ ਆਉਂਦਾ ਸਟਾਫ਼!
9:30 ਤੋਂ ਪਹਿਲਾਂ ਸ਼ੁਰੂ ਨਹੀਂ ਹੁੰਦਾ ਪ੍ਰੋਪਰਟੀ ਟੈਕਸ ਭਰਨਾ
ਗਰਮੀ ਦੇ ਮੌਸਮ ‘ਚ ਲੋਕ ਹੁੰਦੇ ਨੇ ਜ਼ਿਆਦਾ ਪ੍ਰੇਸ਼ਾਨ
ਪਟਿਆਲਾ, 11 ਜੂਨ 2025 (ਗੁਰਪ੍ਰਤਾਪ ਸਿੰਘ ਸਾਹੀ) : ਨਗਰ ਨਿਗਮ ਪਟਿਆਲਾ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਵਲੋਂ ਦਫਤਰ ਦੇ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਪ੍ਰਬੰਧ ਵਿੱਚ ਸੁਧਾਰ ਕਰਨ ਲਈ ਦਿਲੋਂ ਮਿਹਨਤ ਕੀਤੀ ਜਾ ਰਹੀ ਹੈ ਪਰ ਪਿਛਲੇ ਲੰਬੇ ਅਰਸੇ ਤੋਂ ਨਗਰ ਨਿਗਮ ਪਟਿਆਲਾ ਦੇ ਕਰਮਚਾਰੀਆਂ ਦਾ ਦਫਤਰ ਲੇਟ ਆਉਣਾ ਅਤੇ ਆਪਣੀ ਮਨਮਰਜੀ ਨਾਲ ਲੋਕਾਂ ਦੇ ਕੰਮ ਕਰਨ ਦੀ ਆਦਤ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਹੋ ਰਿਹਾ।
ਪਟਿਆਲਾ ਦੇ ਕੁਝ ਸਮਾਜ ਸੇਵੀ ਵਿਅਕਤੀਆਂ ਦਾ ਕਹਿਣਾ ਹੈ ਕਿ ਮਿੰਨੀ ਸਕੱਤਰੇਤ ਜਾਂ ਪਟਿਆਲਾ ਦੇ ਹੋਰ ਸਿਵਲ ਦਫਤਰਾਂ ਵਿੱਚ ਕਰਮਚਾਰੀ 9:00 ਵਜੇ ਆਪਣੇ ਦਫਤਰ ਵਿੱਚ ਪਹੁੰਚ ਜਾਂਦੇ ਹਨ।ਗਰਮੀ ਦੇ ਦਿਨਾਂ ਵਿੱਚ ਸਵੇਰ ਦੇ 9 ਵਜੇ ਵੀ ਦਿਨ ਦਾ ਦੁਪਹਿਰਾ ਹੋ ਜਾਂਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਨਗਰ ਨਿਗਮ ਪਟਿਆਲਾ ਦੇ ਮੁਲਾਜਮ 9:30 ਵਜੇ ਤੋਂ ਬਾਅਦ ਦਫਤਰ ਵਿੱਚ ਸਿਰਕਤ ਕਰਦੇ ਹਨ ਤੇ ਆਮ ਲੋਕ ਆਪਣੇ ਕੰਮ ਕਰਵਾਉਣ ਲਈ 9 ਵਜੇ ਪਹੁੰਚ ਜਾਂਦੇ ਹਨ।
ਜਨਤਕ ਲੋਕਾਂ ਨੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਪਾਸੋਂ ਮੰਗ ਕਰਦਿਆਂ ਕਿਹਾ ਕਿ ਗਰਮੀ ਦੇ ਦਿਨਾਂ ਨੂੰ ਵੇਖਦੇ ਹੋਏ ਕਾਉਂਟਰਾਂ ਉੱਪਰ ਪ੍ਰੋਪਰਟੀ ਟੈਕਸ ਭਰਨ ਦਾ ਸਮਾਂ ਸਵੇਰੇ 8:00 ਵਜੇ ਤੋਂ 1:00 ਤੱਕ ਕੀਤਾ ਜਾਵੇ ਜਿਸ ਨਾਲ ਲੋਕ ਸਵੇਰ ਦੇ ਸਮੇਂ ਜਲਦੀ ਪਹੁੰਚਕੇ ਆਪਣਾ ਪ੍ਰੋਪਰਟੀ ਟੈਕਸ ਭਰ ਸਕਣ। ਇਸ ਤੋਂ ਇਲਾਵਾ ਸਾਰੀਆਂ ਬਰਾਂਚਾਂ ਵਿੱਚ ਕੰਮ ਕਰਵਾਉਣ ਲਈ ਪਹੁੰਚੇ ਹੋਏ ਲੋਕਾਂ ਦਾ ਜਲਦੀ ਅਤੇ ਸਹੀ ਸਮੇਂ ਕੰਮ ਹੋ ਸਕੇ।