ਬਲਟਾਨਾ ਫ਼ਰਨੀਚਰ ਮਾਰਕੀਟ ਦੀਆਂ ਸੜਕਾਂ ਉਤੇ ਖ਼ਤਰਨਾਕ ਖੱਡੇ


ਲੋਕਾਂ ਨੇ ਕਿਹਾ, ਪ੍ਰਸ਼ਾਸਨ ਨੂੰ ਸ਼ਾਇਦ ਲੋਕਾਂ ਦੀਆਂ ਹੱਡੀਆਂ ਟੁੱਟਣ ਦਾ ਇੰਤਜ਼ਾਰ
ਜ਼ੀਰਕਪੁਰ, 4 ਅਗੱਸਤ (ਅਵਤਾਰ ਧੀਮਾਨ) : ਜ਼ੀਰਕਪੁਰ ਦੀ ਮਸ਼ਹੂਰ ਬਲਟਾਨਾ ਫਰਨੀਚਰ ਮਾਰਕੀਟ ਇਨ੍ਹਾਂ ਦਿਨਾਂ ਬਦਹਾਲ ਸੜਕਾਂ ਅਤੇ ਵੱਡੇ-ਵੱਡੇ ਖੱਡਿਆਂ ਕਾਰਨ ਚਰਚਾ ਵਿਚ ਹੈ। ਇਥੇ ਆਉਣ ਵਾਲੇ ਗਾਹਕਾਂ ਤੋਂ ਲੈ ਕੇ ਦੁਕਾਨਦਾਰ ਅਤੇ ਟਰਾਂਸਪੋਰਟਰ ਤਕ ਸਾਰਿਆਂ ਲਈ ਇਹ ਖੱਡੇ ਰੋਜ਼ਾਨਾ ਮੁਸੀਬਤ ਦਾ ਕਾਰਨ ਬਣ ਰਹੇ ਹਨ। ਮੁੱਖ ਸੜਕ ’ਤੇ ਥਾਂ-ਥਾਂ ਗਹਿਰੇ ਅਤੇ ਚੌੜੇ ਖੱਡੇ ਬਣੇ ਹੋਏ ਹਨ ਜੋ ਕਈ ਵਾਰ ਪੂਰੇ ਪਹੀਏ ਨੂੰ ਨਿਗਲਣ ਵਾਲੇ ਹੋ ਜਾਂਦੇ ਹਨ। ਬਾਰਸ਼ ਵਿਚ ਇਨ੍ਹਾਂ ਵਿਚ ਪਾਣੀ ਭਰ ਜਾਣ ਕਾਰਨ ਇਹ ਖੱਡੇ ਨਜ਼ਰ ਨਹੀਂ ਆਉਂਦੇ ਅਤੇ ਵਾਹਨ ਚਾਲਕ ਅਚਾਨਕ ਇਨ੍ਹਾਂ ਦੀ ਚਪੇਟ ਵਿਚ ਆ ਜਾਂਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਥੇ ਹੁਣ ਤਕ ਕਈ ਲੋਕ ਖੱਡਿਆਂ ਵਿਚ ਫਸ ਕੇ ਡਿੱਗ ਚੁੱਕੇ ਹਨ, ਜਿਨ੍ਹਾਂ ਵਿਚ ਮੋਟਰਸਾਈਕਲ ਸਵਾਰ ਅਤੇ ਪੈਦਲ ਯਾਤਰੀ ਦੋਵੇਂ ਸ਼ਾਮਲ ਹਨ। ਟਰੱਕ ਅਤੇ ਪਿਕਅੱਪ ਵੈਨ ਵਰਗੇ ਭਾਰੀ ਵਾਹਨ ਜਦ ਇਨ੍ਹਾਂ ਖੱਡਿਆਂ ਤੋਂ ਲੰਘਦੇ ਹਨ ਤਾਂ ਸੜਕ ਕਿਨਾਰੇ ਖੜੇ ਲੋਕਾਂ ’ਤੇ ਛਿੱਟੇ ਪੈ ਜਾਂਦੇ ਹਨ ਅਤੇ ਮਿੱਟੀ ਤੇ ਗੰਦਾ ਪਾਣੀ ਦੁਕਾਨਾਂ ਵਿਚ ਵੜ ਜਾਂਦਾ ਹੈ। ਗਾਹਕਾਂ ਮੁਤਾਬਕ, ਸੜਕ ਦੀ ਇਸ ਹਾਲਤ ਕਾਰਨ ਮਾਰਕੀਟ ਵਿਚ ਆਉਣ ਤੋਂ ਵੀ ਲੋਕ ਕਤਰਾਉਣ ਲੱਗੇ ਹਨ, ਜਿਸ ਨਾਲ ਕਾਰੋਬਾਰ ’ਤੇ ਸਿੱਧਾ ਅਸਰ ਪੈ ਰਿਹਾ ਹੈ। ਇਕ ਦੁਕਾਨਦਾਰ ਨੇ ਗੁੱਸੇ ਵਿਚ ਕਿਹਾ, “ਲੱਗਦਾ ਹੈ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਜਾਂ ਲੋਕਾਂ ਦੀਆਂ ਹੱਡੀਆਂ ਟੁੱਟਣ ਦਾ ਇੰਤਜ਼ਾਰ ਕਰ ਰਿਹਾ ਹੈ, ਫਿਰ ਹੀ ਕਾਰਵਾਈ ਹੋਵੇਗੀ।” ਹਾਲਾਤ ਏਨੇ ਖ਼ਰਾਬ ਹੋ ਗਏ ਹਨ ਕਿ ਲੋਕਾਂ ਨੇ ਆਪ ਹੀ ਪਹਿਲ ਕਰਦੇ ਹੋਏ ਇਕ ਵੱਡੇ ਖੱਡੇ ਵਿਚ ਰੁੱਖ ਦੀ ਟਾਹਣੀ ਗੱਡ ਕੇ ਉਸ ਨੂੰ ਨਿਸ਼ਾਨਜ਼ਦ ਕੀਤਾ ਤਾਕਿ ਆਉਣ-ਜਾਣ ਵਾਲੇ ਹਾਦਸੇ ਤੋਂ ਬਚ ਸਕਣ।
