ਦਿਲਜੀਤ ਦੋਸਾਂਝ ਤੇ ਕ੍ਰਿਪਟਿਕ ਪੋਸਟ ਕਰਨਾ ਗੁਰੂ ਰੰਧਾਵਾ ਨੂੰ ਪਿਆ ਮਹਿੰਗਾ, X ਅਕਾਊਂਟ ਕਰਨਾ ਪਿਆ ਬੰਦ


ਐਂਟਰਟੇਨਮੈਂਟ ਤੜਕਾ, 27 ਜੂਨ ( ਨਿਊਜ਼ ਟਾਊਨ ਨੈੱਟਵਰਕ ) ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ‘ਸਰਦਾਰ ਜੀ 3’ ਇਸ ਸਮੇਂ ਵੱਡੇ ਵਿਵਾਦ ਦਾ ਕੇਂਦਰ ਬਣੀ ਹੋਈ ਹੈ। ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਕਾਸਟ ਕਰਨ ਕਰਕੇ ਦਿਲਜੀਤ ਦੀ ਭਾਰੀ ਆਲੋਚਨਾ ਹੋ ਰਹੀ ਹੈ। ਇਸੇ ਸੰਦਰਭ ‘ਚ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ 26 ਜੂਨ ਨੂੰ ਇੱਕ ਕ੍ਰਿਪਟਿਕ ਪੋਸਟ ਕਰਕੇ ਆਪਣੀ ਭਾਵਨਾ ਜਤਾਈ, ਜਿਸ ਤੋਂ ਬਾਅਦ ਉਹ ਖੁਦ ਲੋਕਾਂ ਦੀ ਟਰੋਲਿੰਗ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਗਾਇਕ ਨੇ ਆਪਣਾ ‘ਐਕਸ’ ਅਕਾਊਂਟ ਡੀਐਕਟੀਵੇਟ ਕਰ ਦਿੱਤਾ।

ਗੁਰੂ ਰੰਧਾਵਾ ਨੇ ਆਪਣੇ X (ਟਵਿੱਟਰ) ਹੈਂਡਲ ‘ਤੇ ਬਿਨਾਂ ਕਿਸੇ ਨਾਂ ਲਏ ਲਿਖਿਆ: ” ਲੱਖ ਪਰਦੇਸੀ ਹੋਈਏ, ਆਪਣਾ ਦੇਸ਼ ਨ੍ਹੀ ਭੰਡੀ ਦਾ, ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨ੍ਹੀ ਮੰਗੀ ਦਾ। ਭਾਵੇਂ ਤੁਸੀਂ ਪੂਰੀ ਤਰ੍ਹਾਂ ਵਿਦੇਸ਼ੀ ਹੋ ਜਾਓ, ਪਰ ਤੁਹਾਨੂੰ ਆਪਣੇ ਦੇਸ਼ ਨਾਲ ਕਦੇ ਵੀ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ। ਜਿਹੜੇ ਦੇਸ਼ ਤੋਂ ਤੁਹਾਨੂੰ ਸਭ ਕੁਝ ਮਿਲਿਆ, ਉਸ ਲਈ ਬੁਰਾ ਨਹੀਂ ਸੋਚਣਾ ਚਾਹੀਦਾ। ਭਾਵੇਂ ਹੁਣ ਤੁਹਾਡੀ ਨਾਗਰਿਕਤਾ ਭਾਰਤੀ ਨਾ ਹੋਵੇ, ਪਰ ਤੁਸੀਂ ਇੱਥੇ ਹੀ ਜੰਮੇ ਹੋ, ਇਹ ਕਦੇ ਨਾ ਭੁੱਲੋ। ਇਹ ਦੇਸ਼ ਮਹਾਨ ਕਲਾਕਾਰਾਂ ਦੀ ਜਨਮਭੂਮੀ ਹੈ, ਜਿਸ ‘ਤੇ ਸਾਨੂੰ ਮਾਣ ਹੈ। ਕਿਰਪਾ ਕਰਕੇ ਉਸ ਜਗ੍ਹਾ ‘ਤੇ ਮਾਣ ਕਰੋ ਜਿੱਥੇ ਤੁਸੀਂ ਪੈਦਾ ਹੋਏ ਸੀ। ਸਿਰਫ਼ ਇੱਕ ਸਲਾਹ ਹੈ। ਹੁਣ ਫਿਰ ਤੋਂ ਕੋਈ ਵਿਵਾਦ ਸ਼ੁਰੂ ਨਾ ਕਰੋ ਅਤੇ ਭਾਰਤੀਆਂ ਨੂੰ ਭਟਕਾਉਣਾ ਵੀ ਬੰਦ ਕਰੋ। PR ਆਰਟਿਸਟ ਤੋਂ ਵੱਡਾ ਹੋ ਗਿਆ ਹੈ।”

ਇਹ ਪੋਸਟ ਜਿਵੇਂ ਹੀ ਵਾਇਰਲ ਹੋਈ, ਇੰਟਰਨੈੱਟ ਉਪਭੋਗਤਾਵਾਂ ਨੇ ਇਸਨੂੰ ਦਿਲਜੀਤ ਦੋਸਾਂਝ ਨਾਲ ਜੋੜ ਦਿੱਤਾ। ਨੈੱਟੀਜ਼ਨਜ਼ ਨੇ ਗੁਰੂ ਰੰਧਾਵਾ ‘ਤੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ਉਹ ਸਸਤੀ ਪਬਲਿਸਿਟੀ ਲਈ ਦਿਲਜੀਤ ਦੇ ਵਿਵਾਦ ਦਾ ਫਾਇਦਾ ਚੁੱਕ ਰਹੇ ਹਨ। ਕਈ ਲੋਕਾਂ ਨੇ ਉਨ੍ਹਾਂ ਦੀ ਪੋਸਟ ਨੂੰ “ਗਲਤ ਹਰਕਤ” ਕਿਹਾ। ਇਨ੍ਹਾਂ ਸਾਰੀਆਂ ਆਲੋਚਨਾਵਾਂ ਤੋਂ ਤੰਗ ਆ ਕੇ ਗੁਰੂ ਨੇ ਕੋਈ ਸਫਾਈ ਨਾ ਦਿੰਦੇ ਹੋਏ ਆਪਣੇ X ਅਕਾਊਂਟ ਨੂੰ ਡੀਐਕਟੀਵੇਟ ਕਰ ਦਿੱਤਾ।
ਦਿਲਜੀਤ ਦੋਸਾਂਝ ਨੇ ਹਾਲ ਹੀ ‘ਚ ‘ਸਰਦਾਰ ਜੀ 3’ ਦਾ ਟ੍ਰੇਲਰ ਜਾਰੀ ਕੀਤਾ ਸੀ, ਜਿਸ ‘ਚ ਹਾਨੀਆ ਆਮਿਰ ਵੀ ਦਿਖਾਈ ਦਿੱਤੀ। ਪਰ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਿਚ ਪਾਕਿਸਤਾਨੀ ਕਲਾਕਾਰਾਂ ‘ਤੇ ਬੈਨ ਲੱਗ ਚੁੱਕਾ ਹੈ। ਇਸ ਕਾਰਨ ਲੋਕ ਨਾ ਸਿਰਫ ਫਿਲਮ ਦੀ ਆਲੋਚਨਾ ਕਰ ਰਹੇ ਹਨ, ਸਗੋਂ ਦਿਲਜੀਤ ਦਾ ਵੀਜ਼ਾ ਰੱਦ ਕਰਨ ਦੀ ਮੰਗ ਵੀ ਹੋ ਰਹੀ ਹੈ।

ਫਿਲਮ ਦੀ ਟੀਮ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ, “ਫਿਲਮ ਦੀ ਸ਼ੂਟਿੰਗ ਮੌਜੂਦਾ ਹਾਲਾਤਾਂ ਤੋਂ ਕਾਫੀ ਪਹਿਲਾਂ ਹੋ ਚੁੱਕੀ ਸੀ। ਅਜਿਹੀ ਕੋਈ ਘਟਨਾ ਨਹੀਂ ਹੋਈ ਜਿਸ ਵਿਚ ਪਾਕਿਸਤਾਨੀ ਕਲਾਕਾਰ ਨੂੰ ਹਮਲੇ ਤੋਂ ਬਾਅਦ ਕਾਸਟ ਕੀਤਾ ਗਿਆ ਹੋਵੇ।”
‘ਸਰਦਾਰ ਜੀ 3’ ਨੂੰ ਭਾਰਤ ਨੂੰ ਛੱਡ ਕੇ 27 ਜੂਨ ਨੂੰ ਵਿਸ਼ਵ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਕਰ ਦਿੱਤਾ ਗਿਆ ਹੈ।