ਸੁਨਾਮ ’ਚ ਪੁਲਸ ਵੀਆਈਪੀ ਸੁਰੱਖਿਆ ’ਚ ਵਿਅਸਤ, ਅਪਰਾਧੀਆਂ ਦੇ ਹੌਂਸਲੇ ਬੁਲੰਦ

ਇੱਕ ਹੀ ਦਿਨ ’ਚ 3 ਵੱਡੀਆਂ ਵਾਰਦਾਤਾਂ, ਚਾਕੂ ਨਾਲ ਹਮਲੇ ’ਚ ਇਕ ਜ਼ਖਮੀ
ਅਪਰਾਧੀਆਂ ਦੀ ਮੌਜ, ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ : ਰਜਿੰਦਰ ਦੀਪਾ


ਸੰਗਰੂਰ/ਸੁਨਾਮ, 5 ਜਨਵਰੀ (ਗੁਰਦੀਪ ਸਿੰਘ ਛਾਜਲੀ) :
ਸੁਨਾਮ ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਲੁੱਟਾਂ ਅਤੇ ਖੋਹਾਂ ਦੀਆਂ ਵਾਰਦਾਤਾਂ ਨੇ ਕਾਨੂੰਨ-ਵਿਵਸਥਾ ਦੀ ਹਕੀਕਤ ਨੂੰ ਬੇਨਕਾਬ ਕਰ ਦਿੱਤਾ ਹੈ। ਹਰ ਰੋਜ਼ ਕਿਸੇ ਨਾ ਕਿਸੇ ਇਲਾਕੇ ਤੋਂ ਅਪਰਾਧ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਸ਼ਹਿਰ ਵਿੱਚ ਡਰ ਅਤੇ ਅਣਸੁਰੱਖਿਅਤ ਹੋਣ ਦੀ ਸੰਭਾਵਨਾ ਤੇਜ਼ੀ ਨਾਲ ਵਧ ਰਹੀ ਹੈ। ਬੀਤੀ ਕੱਲ੍ਹ ਇੱਕ ਹੀ ਦਿਨ ਦੌਰਾਨ ਵਾਪਰੀਆਂ ਤਿੰਨ ਵੱਡੀਆਂ ਅਪਰਾਧਿਕ ਘਟਨਾਵਾਂ ਨੇ ਨਾ ਸਿਰਫ਼ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਕੀਤੇ, ਸਗੋਂ ਪੰਜਾਬ ਸਰਕਾਰ ਦੀ ਕਾਨੂੰਨ-ਵਿਵਸਥਾ ਸੰਭਾਲਣ ਦੀ ਨੀਤੀ ਉੱਤੇ ਵੀ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ।
ਪਹਿਲੀ ਘਟਨਾ ਬਿਗੜਵਾਲ ਰੋਡ ’ਤੇ ਵਾਪਰੀ, ਜਿੱਥੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਇੱਕ ਵਿਅਕਤੀ ਨੂੰ ਘੇਰ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕਿਸੇ ਤਰ੍ਹਾਂ ਉਹ ਬਚ ਨਿਕਲਿਆ, ਪਰ ਇਸ ਘਟਨਾ ਨੇ ਇਲਾਕੇ ਦੇ ਵਸਨੀਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਸੇ ਦੌਰਾਨ ਦੂਜੀ ਘਟਨਾ ਵੀ ਇਸੇ ਇਲਾਕੇ ਵਿੱਚ ਸਾਹਮਣੇ ਆਈ, ਜਿੱਥੇ ਅਣਪਛਾਤੇ ਚੋਰਾਂ ਵੱਲੋਂ ਦੋ ਬਿਜਲੀ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਚੋਰੀ ਕਰ ਲਿਆ ਗਿਆ, ਜਿਸ ਨਾਲ ਨਾ ਸਿਰਫ਼ ਸਰਕਾਰੀ ਸੰਪਤੀ ਨੂੰ ਨੁਕਸਾਨ ਹੋਇਆ, ਸਗੋਂ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ।
ਤੀਜੀ ਅਤੇ ਸਭ ਤੋਂ ਗੰਭੀਰ ਘਟਨਾ ਸੁਨਾਮ ਦੇ ਪੀਰਾਂ ਵਾਲੇ ਗੇਟ ਨੇੜੇ ਮੇਨ ਬਾਜ਼ਾਰ ਵਿੱਚ ਵਾਪਰੀ, ਜਿੱਥੇ ਸਵੇਰੇ ਕਰੀਬ 4 ਵਜੇ ਕਾਲੂ ਨਾਮਕ ਵਿਅਕਤੀ, ਜੋ ਰੋਜ਼ਾਨਾ ਦੀ ਤਰ੍ਹਾਂ ਸਬਜ਼ੀ ਦੀ ਰੇਹੜੀ ਲਗਾਉਣ ਲਈ ਸਬਜ਼ੀ ਮੰਡੀ ਜਾ ਰਿਹਾ ਸੀ, ਨੂੰ ਦੋ ਅਣਪਛਾਤੇ ਲੁਟੇਰਿਆਂ ਨੇ ਲੁੱਟ-ਖੋਹ ਦੀ ਮਨਸ਼ਾ ਨਾਲ ਘੇਰ ਲਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ’ਤੇ ਬੇਰਹਿਮੀ ਨਾਲ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਉਸ ਨੂੰ ਤੁਰੰਤ ਸੁਨਾਮ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
ਇੱਕੋ ਦਿਨ ਵਿੱਚ ਵਾਪਰੀਆਂ ਇਨ੍ਹਾਂ ਤਿੰਨ ਅਪਰਾਧਿਕ ਵਾਰਦਾਤਾਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਰਜਿੰਦਰ ਦੀਪਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ’ਤੇ ਸਖ਼ਤ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਵੀ.ਆਈ.ਪੀ. ਕਲਚਰ ਖਤਮ ਕਰਨ ਦੇ ਵੱਡੇ ਦਾਅਵਿਆਂ ਨਾਲ ਸੱਤਾ ਵਿੱਚ ਆਈ ਸੀ, ਅੱਜ ਉਹੀ ਸਰਕਾਰ ਸਭ ਤੋਂ ਵੱਧ ਵੀ.ਆਈ.ਪੀ. ਸਹੂਲਤਾਂ ਲੈ ਰਹੀ ਹੈ, ਜਦਕਿ ਆਮ ਲੋਕਾਂ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਸ੍ਰੀ ਦੀਪਾ ਨੇ ਦੋਸ਼ ਲਗਾਇਆ ਕਿ ਸੁਨਾਮ ਦੀ ਪੁਲਸ ਵੱਡੇ ਆਗੂਆਂ ਅਤੇ ਮੰਤਰੀਆਂ ਦੇ ਉਦਘਾਟਨੀ ਸਮਾਗਮਾਂ ਵਿੱਚ ਵਿਅਸਤ ਰਹਿੰਦੀ ਹੈ, ਖ਼ਾਸ ਕਰਕੇ ਮੰਤਰੀ ਅਮਨ ਅਰੋੜਾ ਦੇ ਸਮਾਗਮਾਂ ਦੌਰਾਨ ਜਿਸ ਕਾਰਨ ਸ਼ਹਿਰ ਚ ਰਾਤ ਨੂੰ ਹੋਣ ਵਾਲੀ ਗਸ਼ਤ ਅਤੇ ਆਮ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਢਿੱਲੇ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਥਾਣਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਭਾਰੀ ਘਾਟ ਹੈ, ਜਿਸਦਾ ਫਾਇਦਾ ਚੋਰ ਅਤੇ ਲੁਟੇਰੇ ਬੇਖੌਫ਼ ਹੋ ਕੇ ਉਠਾ ਰਹੇ ਹਨ।
ਰਜਿੰਦਰ ਦੀਪਾ ਨੇ ਮੰਗ ਕੀਤੀ ਕਿ ਸੁਨਾਮ ਸ਼ਹਿਰ ਵਿੱਚ ਤੁਰੰਤ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇ, ਰਾਤ ਦੀ ਗਸ਼ਤ ਨੂੰ ਯਕੀਨੀ ਬਣਾਇਆ ਜਾਵੇ ਅਤੇ ਲੁੱਟਾਂ-ਖੋਹਾਂ ਵਿੱਚ ਸ਼ਾਮਲ ਅਪਰਾਧੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਆਮ ਲੋਕਾਂ ਅਤੇ ਵਪਾਰੀਆਂ ਨੂੰ ਸੁਰੱਖਿਅਤ ਮਹਿਸੂਸ ਕਰਵਾਇਆ ਜਾ ਸਕੇ।
