ਬਿਜਲੀ ਮੰਤਰੀ ਵਲੋਂ ਪੰਜਾਬ ਪਾਵਰਕਾਮ ‘ਚ ਕੀਤੇ ਗਏ ਭ੍ਰਿਸ਼ਟਾਚਾਰ ਦੀ ਹੋਵੇ ਨਿਰਪੱਖ ਜਾਂਚ: ਸੁਖਬੀਰ ਬਾਦਲ


ਕਿਹਾ, ਹਲਕੇ ਤੋਂ 2 ਡੀ.ਐਸ.ਪੀ. ਅਤੇ ਇਕ ਐਸ.ਐਚ.ਓ. ਦੀ ਬਦਲੀ ਨੇ ਝੂਠੇ ਮਾਮਲੇ ਦਰਜ ਕਰ ਕੇ ਚੋਣਾਂ ਨੂੰ ਪ੍ਰਭਾਵਤ ਕਰਨ ਦੇ ਆਪ ਤਰੀਕੇ ਦਾ ਪਰਦਾ ਫ਼ਾਸ਼ ਕੀਤਾ

(ਨਿਊਜ਼ ਟਾਊਨ ਨੈਟਵਰਕ)
ਤਰਨ ਤਾਰਨ, 31 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਪੰਜਾਬ ਨੂੰ ਦਿੱਲੀ ਦੇ ਲੁਟੇਰਿਆਂ ਤੋਂ ਬਚਾਉਣ ਲਈ ਲੜ ਰਹੀ ਹੈ। ਉਹਨਾਂ ਨੇ ਬਿਜਲੀ ਮੰਤਰੀ ਸੰਜੀਵ ਅਰੋੜਾ ਵਲੋਂ ਪੰਜਾਬ ਬਿਜਲੀ ਨਿਗਮ ਲਿਮਟਿਡ (ਪੀ.ਐਸ.ਪੀ.ਸੀ.ਐਲ) ਵਿਚ ਕੀਤੇ ਭ੍ਰਿਸ਼ਟਾਚਾਰ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ ਕਈ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਏ..ਕੇ ਸਿਨਹਾ ਦਾ ਇਸ ਕਰ ਕੇ ਤਬਾਦਲਾ ਕਰ ਦਿਤਾ ਗਿਆ ਕਿ ਉਹਨਾਂ ਨੇ 2000 ਮੈਗਾਵਾਟ ਬਿਜਲੀ ਖ਼ਰੀਦ ਸਮਝੌਤੇ ਦੇ ਸਬੰਧ ਵਿਚ ਬਿਜਲੀ ਮੰਤਰੀ ਸੰਜੀਵਅਰੋੜਾ ਦੇ ਨਜਾਇਜ਼ ਹੁਕਮਾਂ ਨੂੰ ਮੰਨਣ ਤੋਂ ਨਾਂਹ ਕੀਤੀ ਤੇ ਆਖਿਆ ਕਿ ਸੰਜੀਵ ਅਰੋੜਾ ਆਪਣੇ ਦਿੱਲੀ ਦੇ ਆਕਾਵਾਂ ਦੇ ਇਸ਼ਾਰੇ ’ਤੇ ਭ੍ਰਿਸ਼ਟਾਚਾਰ ਵਿਚ ਡੁੱਬੇ ਹਨ। ਉਹਨਾਂ ਕਿਹਾ ਕਿ ਸੰਜੀਵ ਅਰੋੜਾ ਪੀ.ਐਸ.ਪੀ.ਸੀ.ਐਲ. ਦੀ ਮਲਕੀਅਤ ਵਾਲੀ ਮੁੱਖ ਜ਼ਮੀਨ ਵੇਚਣ ਲਈ ਮਜਬੂਰ ਕਰ ਰਹੇ ਹਨ ਅਤੇ ਟੈਂਡਰਾਂ ਦੀ ਵੰਡ ਨੂੰ ਪ੍ਰਭਾਵਤ ਕਰ ਰਹੇ ਹਨ ਅਤੇ ਚਾਰਜਸ਼ੀਟ ਕੀਤੇ ਭ੍ਰਿਸ਼ਟ ਅਧਿਕਾਰੀਆਂ ਨੂੰ ਪ੍ਰਮੁੱਖ ਅਹੁਦਿਆਂ ’ਤੇ ਤਾਇਨਾਤ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਸਭ ਦਿੱਲੀ ਵਿਚ ਆਲਾ ਕਮਾਨ ਨੂੰ ਪੈਸੇ ਭੇਜਣ ਵਾਸਤੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿਰਫ਼ ਨਿਰਪੱਖ ਜਾਂਚ ਨਾਲ ਹੀ ਭ੍ਰਿਸ਼ਟਾਚਾਰ ਉਜਾਗਰ ਹੋ ਸਕਦਾ ਹੈ ਤੇ ਜਵਾਬਦੇਹੀ ਤੈਅ ਕੀਤੀ ਜਾ ਸਕਦੀ ਹੈ। ਸ. ਬਾਦਲ ਨੇ ਕਿਹਾ ਕਿ ਆਪ ਸਰਕਾਰ ਵਲੋਂ ਆਪਣੇ ਚੁਣੇ ਅਧਿਕਾਰੀਆਂ ਦੀ ਵਰਤੋਂ ਕਰ ਕੇ ਅਕਾਲੀ ਵਰਕਰਾਂ ’ਤੇ ਝੂਠੇ ਮਾਮਲੇ ਦਰਜ ਕਰ ਕੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਤ ਕਰਨ ਦੀ ਸਾਜ਼ਿਸ਼ ਦਾ ਪਰਦਾ ਫ਼ਾਸ਼ ਹੋ ਗਿਆ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੇ ਪਾਰਟੀ ਵਲੋਂ ਦਿਤੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦੇ ਹੋਏ ਹਲਕੇ ਤੋਂ ਦੋ ਡੀ.ਐਸ.ਪੀ ਅਤੇ ਇਕ ਐਸ.ਐਚ.ਓ ਬਦਲ ਦਿਤਾ ਹੈ। ਉਹਨਾਂ ਕਿਹਾ ਕਿ ਡੀ.ਐਸ.ਪੀ ਸੁਖਬੀਰ ਸਿੰਘ ਸੰਧੂ ਅਤੇ ਜਗਜੀਤ ਸਿੰਘ ਤੇ ਐਸ.ਐਚ.ਓ ਗੁਰਦੀਪ ਸਿੰਘ ਸਮੇਤ ਤਿੰਨੋਂ ਅਧਿਕਾਰੀ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਚੇਹੇਤੇ ਸਨ। ਉਹਨਾਂ ਤਿੰਨਾਂ ਅਧਿਕਾਰੀਆਂ ਵਿਰੁਧ ਅਨੁਸ਼ਾਸਨੀ ਕਾਰਵਾਈ ਦੀ ਮੰਗ ਵੀ ਕੀਤੀ। ਸ. ਬਾਦਲ ਨੇ ਪੁਲਿਸ ਅਧਿਕਾਰੀਆਂ ਨੂੰ ਪੇਸ਼ੇਵਰ ਤਰੀਕੇ ਨਾਲ ਕੰਮ ਕਰਨ ਅਤੇ ਆਪ ਆਗੂਆਂ ਦੇ ਹੁਕਮਾਂ ਦੀ ਪਾਲਣਾ ਕਰ ਕੇ ਆਪਣੀ ਨੌਕਰੀ ਖ਼ਤਰੇ ਵਿਚ ਨਾ ਪਾਉਣ ਦੀ ਅਪੀਲ ਵੀ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਧਰਮੀ ਫੌਜੀ ਦੀ ਪਤਨੀ ਪ੍ਰਿੰਸੀਪਲ ਰੰਧਾਵਾ ਦੇ ਸਮਰਥਨ ਦੀ ਅਪੀਲ ਕਰਦਿਆਂ ਕਿਹਾਕਿ ਉਹਨਾਂ ਨੇ ਕੌਮ ਵਾਸਤੇ ਬਹੁਤ ਵੱਡੀ ਸ਼ਹਾਦਤ ਦਿੱਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਹੁਣ ਵੀ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦਾ ਹੁਕਮ ਦੇਣ ਵਾਲੀ ਇੰਦਰਾ ਗਾਂਧੀ ਦੇ ਸੋਹਲੇ ਗਾ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮਾਣ ਨਾਲ ਕਹਿ ਰਹੇ ਹਨ ਕਿ ਇੰਦਰਾ ਗਾਂਧੀ ਉਹਨਾਂ ਦੀ ਮਾਂ ਹੈ ਜ਼ਦੋਂ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੇ ਤਾਂ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਲਈ ਇੰਦਰਾ ਗਾਂਧੀ ਨੂੰ ਵਧਾਈ ਵੀ ਦਿੱਤੀ ਸੀ। ਉਹਨਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਬਾਰੇ ਵਿਚ ਜਿੰਨਾ ਘੱਟ ਕਿਹਾ ਜਾਵੇ ਚੰਗਾ ਹੈ। ਹਰ ਕੋਈ ਜਾਣਦਾ ਹੈ ਕਿ ਇਸ ਪਰਿਵਾਰ ਨੇ ਜਾਇਦਾਦ ਕਿਵੇਂ ਬਣਾਈ ਅਤੇ ਬੁਰਜ ਦੇ ਪਿਤਾ ਦਾ ਕਾਰੋਬਾਰ ਕੀ ਸੀ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਵੀ ਕਿਸਾਨਾਂ ਲਈ ਮੁਫਤ ਬਿਜਲੀ ਦਿੱਤੀ ਸੀ ਅਤੇ ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਤੇ ਆਟਾ ਦਾਲ ਵਰਗੀਆਂ ਸਮਾਜ ਭਲਾਈ ਸਕੀਮਾਂ ਦਿੱਤੀ ਸਨ। ਉਹਨਾਂ ਕਿਹਾ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹਨਾਂ ਸਕੀਮਾਂ ਦਾ ਵਿਸਥਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੈਂ ਯਕੀਨੀ ਬਣਾਵਾਂਗਾ ਕਿ ਪੰਜਾਬ ਵਿਚ ਇਕ ਵੀ ਕੱਚਾ ਘਰ ਨਾ ਰਹੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਕੋਈਵੀ ਕੱਚੀ ਨਾਲੀ ਜਾਂ ਗਲੀ ਨਾ ਰਹੇ। ਅਸੀਂ ਤੁਹਾਡੇ ਚੇਹਰਿਆਂ ’ਤੇ ਮੁਸਕਾਨ ਲਿਆਵਾਂਗੇ ਅਤੇ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਵੱਲੋਂ ਬੰਦ ਕੀਤੀਆਂ ਸਾਰੀਆਂ ਸਕੀਮਾਂ ਮੁੜ ਸ਼ੁਰੂ ਕਰਾਂਗੇ। ਇਸ ਮੌਕੇ ਵੱਡੀ ਗਿਣਤੀ ਵਿਚਔਰਤਾਂ ਵੀ ਹਾਜ਼ਰ ਸਨ। ਇਸ ਮੌਕੇ ਕੰਚਨਪ੍ਰੀਤ ਕੌਰ, ਸਿਕੰਦਰ ਸਿੰਘ ਮਲੂਕਾ, ਸੁੱਚਾ ਸਿੰਘ ਲੰਗਾਹ, ਬਲਦੇਵ ਖਹਿਰਾ, ਗੌਰਵ ਵਲਟੋਹਾ, ਜਗਰੂਪ ਸਿੰਘ ਸ਼ਾਹਪੁਰ, ਨਰੇਂਦਰ ਬਾੜਾ, ਪਰਮਵੀਰ ਸਿੰਘ ਅਤੇ ਜਸਪ੍ਰੀਤ ਸਿੰਘ ਰਾਣਾ ਵੀ ਹਾਜ਼ਰ ਸਨ।

 
                         
                       
                       
                       
                      