ਹਿੰਦੀ ਨਹੀਂ ਆਤੀ ਵਾਲੀ ਟਿਪਣੀ ਕਾਰਨ ਵਿਵਾਦ ਪੈਦਾ ਹੋਇਆ

0
WhatsApp Image 2025-09-10 at 7.53.26 PM

ਪ੍ਰਧਾਨ ਮੰਤਰੀ ਨੇ ਪੰਜਾਬ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ : ਮੁੰਡੀਆਂ
ਕਿਹਾ, ਸਾਨੂੰ ਪਹਿਲਾਂ ਹੀ ਆਖ ਦਿਤਾ ਗਿਆ ਕਿ ਅਸੀਂ ਪ੍ਰਧਾਨ ਮੰਤਰੀ ਨਾਲ ਹੱਥ ਨਹੀਂ ਮਿਲਾਉਣਾ


(ਨਿਊਜ਼ ਟਾਊਨ ਨੈਟਵਰਕ)


ਚੰਡੀਗੜ੍ਹ, 10 ਸਤੰਬਰ : ਭਿਆਨਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪੰਜਾਬ ਲਈ ਰਾਹਤ ਰਾਸ਼ੀ ਵਧਾਉਣ ਦੀ ਮੰਗ ਕਰਨ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਕੀਤੇ “ਹਿੰਦੀ ਨਹੀਂ ਆਤੀ” ਜਿਹੇ ਵਿਅੰਗ ਬਾਰੇ ਸੂਬੇ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਕਿਹਾ ਕਿ ਅਜਿਹੀ ਟਿੱਪਣੀ ਕਰਕੇ ਪ੍ਰਧਾਨ ਮੰਤਰੀ ਨੇ ਪੰਜਾਬ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਇਥੇ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਭਿਆਨਕ ਹੜ੍ਹਾਂ ਵਿਚ ਲੋਕ ਡੁੱਬ ਰਹੇ ਹਨ ਤਾਂ ਅਜਿਹੇ ਮੌਕੇ ਪ੍ਰਧਾਨ ਮੰਤਰੀ ਨੂੰ ਮਜ਼ਾਕ ਸੁੱਝ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਹੜ੍ਹ ਪ੍ਰਭਾਵਿਤ ਪੰਜਾਬ ਦੀ ਬੀਤੇ ਕੱਲ ਕੀਤੀ ਫੇਰੀ ਸਿਰਫ਼ ਪੀ.ਆਰ. ਐਕਸਰਸਾਈਜ਼ ਸੀ ਜਿਸ ਦਾ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਬਿਲਕੁਲ ਵੀ ਉਦੇਸ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਪੰਜਾਬ ਦੇ ਲੋਕਾਂ ਦੀ ਪ੍ਰਤੀਨਿਧਤਾ ਕਰ ਰਹੇ ਪੰਜਾਬ ਦੇ ਕੈਬਨਿਟ ਮੰਤਰੀਆਂ ਲਈ ਵੱਖ ਪ੍ਰੋਟੋਕੋਲ ਅਪਣਾਇਆ ਗਿਆ ਜਦਕਿ ਭਾਜਪਾ ਆਗੂਆਂ ਲਈ ਕੋਈ ਪ੍ਰੋਟੋਕੋਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਮੁਲਾਕਾਤ ਵਾਲੇ ਸਥਾਨ ਤੋਂ ਕਾਫ਼ੀ ਪਿੱਛੇ ਹੀ ਸਾਨੂੰ ਗੱਡੀਆਂ ਵਿਚੋਂ ਉਤਾਰ ਦਿਤਾ ਗਿਆ ਜਦਕਿ ਭਾਜਪਾ ਆਗੂ ਆਪਣੀਆਂ ਨਿੱਜੀ ਗੱਡੀਆਂ ਵਿਚ ਮੁਲਾਕਾਤ ਵਾਲੇ ਸਥਾਨ ਤੋਂ ਬਿਲਕੁਲ ਬਾਹਰ ਜਾ ਕੇ ਉੱਤਰੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਾਡੇ ਫੋਨ ਬਾਹਰ ਜਮ੍ਹਾਂ ਕਰਵਾ ਲਏ ਗਏ ਜਦਕਿ ਭਾਜਪਾ ਆਗੂ ਅਤੇ ਉਥੇ ਤਾਇਨਾਤ ਸੁਰੱਖਿਆ ਅਮਲਾ ਆਪਣੇ ਫੋਨ ਬਿਨਾਂ ਕਿਸੇ ਰੋਕ-ਟੋਕ ਤੋਂ ਵਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸਾਡੇ ਸਾਰਿਆਂ ਦੇ ਸਾਂਝੇ ਅਤੇ ਸਤਿਕਾਰਯੋਗ ਹਨ ਪਰ ਮੈਨੂੰ ਇਹ ਸਮਝ ਨਹੀਂ ਪਈ ਕਿ ਇਹ ਕਿੱਥੋਂ ਦਾ ਪ੍ਰੋਟੋਕੋਲ ਹੈ ਕਿ ਪ੍ਰਧਾਨ ਮੰਤਰੀ ਨਾਲ ਕੋਈ ਹੱਥ ਨਹੀਂ ਮਿਲਾ ਸਕਦਾ ਕਿਉਂਕਿ ਸਾਨੂੰ ਪਹਿਲਾਂ ਹੀ ਹੁਕਮ ਚਾੜ੍ਹ ਦਿਤਾ ਗਿਆ ਕਿ ਤੁਸੀਂ ਪ੍ਰਧਾਨ ਮੰਤਰੀ ਨਾਲ ਹੱਥ ਨਹੀਂ ਮਿਲਾਉਣਾ। ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਅਧਿਕਾਰੀਆਂ ਨੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਅਤੇ ਵੀਡਿਓਜ਼ ਰਾਹੀਂ ਸੂਬੇ ਵਿੱਚ ਆਏ ਹੜ੍ਹਾਂ ਬਾਰੇ ਜਾਣੂ ਕਰਵਾਇਆ ਜਿਸ ‘ਤੇ ਪ੍ਰਧਾਨ ਮੰਤਰੀ ਖ਼ੁਦ ਮੰਨੇ ਕਿ ਹਿਮਾਚਲ ਪ੍ਰਦੇਸ਼ ਨਾਲੋਂ ਕਿਤੇ ਜ਼ਿਆਦਾ ਨੁਕਸਾਨ ਪੰਜਾਬ ਵਿਚ ਹੋਇਆ ਹੈ ਪਰ ਜਦੋਂ ਮੈਂ ਉਨ੍ਹਾਂ ਨੂੰ ਹੱਥ ਜੋੜ ਕੇ 1600 ਕਰੋੜ ਰੁਪਏ ਦੀ ਥਾਂ ਵੱਧ ਰਾਹਤ ਰਾਸ਼ੀ ਐਲਾਨਣ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਮੇਰੀ ਗੱਲ ਨੂੰ ਦਰਕਿਨਾਰ ਕਰਦਿਆਂ ਮਜ਼ਾਕੀਆ ਅੰਦਾਜ਼ ਵਿਚ ਕਿਹਾ, “ਆਪ ਕੋ ਹਿੰਦੀ ਨਹੀਂ ਆਤੀ, ਮੈਨੇ 1600 ਕਰੋੜ ਦੇਨੇ ਕੀ ਘੋਸ਼ਣਾ ਤੋ ਕੀ ਹੈ।” ਜਦ ਮੈਂ ਕਿਹਾ ਕਿ ਇਹ ਰਾਹਤ ਰਾਸ਼ੀ ਨੁਕਸਾਨ ਦੇ ਮੁਕਾਬਲੇ ਬਹੁਤ ਘੱਟ ਹੈ ਤਾਂ ਉਨ੍ਹਾਂ ਫਿਰ ਕਹਿਣਾ ਸ਼ੁਰੂ ਕਰ ਦਿਤਾ ਕਿ “ਇਸ ਕੋ ਹਿੰਦੀ ਸਿਖਾਉ” ਅਤੇ ਨਾਲ ਹੀ ਪੰਜਾਬ ਦੇ ਭਾਜਪਾ ਆਗੂ ਵੀ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਮੈਨੂੰ ਹੀ ਚੁੱਪ ਕਰਨ ਲਈ ਆਖਣ ਲੱਗੇ। ਉਨ੍ਹਾਂ ਸਵਾਲ ਕੀਤਾ ਕਿ ਜੇ ਇਸੇ ਤਰ੍ਹਾਂ ਦੀ ਸਥਿਤੀ ਵਿਚ ਪ੍ਰਧਾਨ ਮੰਤਰੀ ਦੇਸ਼ ਦੇ ਦੱਖਣੀ ਸੂਬੇ ਵਿਚ ਗਏ ਹੁੰਦੇ ਤਾਂ ਕੀ ਉਥੇ ਵੀ ਅਜਿਹਾ ਗੰਭੀਰ ਮੁੱਦਾ ਉਠਾਉਣ ਵਾਲੇ ਲੋਕਾਂ ਨੂੰ ਚੁੱਪ ਕਰਵਾਉਣ ਲਈ “ਹਿੰਦੀ ਸਿਖਾਉ” ਵਰਗੇ ਜਵਾਬ ਦੇਣਗੇ? ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਵੀ ਬਹੁਤ ਦੁੱਖ ਹੈ ਕਿ ਜਦੋਂ ਪੰਜਾਬ ਪਿਛਲੇ 40 ਸਾਲਾਂ ਦੌਰਾਨ ਸਭ ਤੋਂ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਤਾਂ ਪੰਜਾਬ ਭਾਜਪਾ ਇਕਾਈ ਦੇ ਆਗੂ ਪੰਜਾਬ ਅਤੇ ਪੰਜਾਬੀਆਂ ਨਾਲ ਖੜਨ ਦੀ ਥਾਂ ਆਪਣੇ ਆਕਾ ਨੂੰ ਖ਼ੁਸ਼ ਕਰਨ ਲਈ ਸਾਡੀ ਆਵਾਜ਼ ਬੰਦ ਕਰਨ ਦਾ ਯਤਨ ਕਰ ਰਹੇ ਹਨ। ਮਾਲ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਪ੍ਰਧਾਨ ਮੰਤਰੀ ਨੂੰ ਰਾਹਤ ਰਾਸ਼ੀ ਵਧਾਉਣ ਦੀ ਬੇਨਤੀ ਕਰ ਰਿਹਾ ਸੀ ਤਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਮੇਰਾ ਹੱਥ ਘੁੱਟ ਕੇ ਮੈਨੂੰ ਚੁੱਪ ਕਰ ਜਾਣ ਲਈ ਕਹਿ ਰਹੇ ਸਨ ਜਿਸ ਤੋਂ ਸਪੱਸ਼ਟ ਪਤਾ ਚਲਦਾ ਹੈ ਕਿ ਉਹ ਪੰਜਾਬ ਦਾ ਬਿਲਕੁਲ ਵੀ ਭਲਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਬਿੱਟੂ ਨਾਲ ਉਸ ਮੌਕੇ ‘ਤੇ ਮੌਜੂਦ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਚੁੱਪ ਧਾਰੀ ਖੜੇ ਰਹੇ।

Leave a Reply

Your email address will not be published. Required fields are marked *