ਤੁਰਕੀ ‘ਚ ਪੈਗੰਬਰ ਮੁਹੰਮਦ ਦਾ ਕਾਰਟੂਨ ਛਾਪਣ ‘ਤੇ ਵਿਵਾਦ, 4 ਗ੍ਰਿਫ਼ਤਾਰ


ਲੈਮਨ ਮੈਗਜ਼ੀਨ ਨੇ ਸੋਸ਼ਲ ਮੀਡੀਆ ‘ਤੇ ਮੰਗੀ ਮੁਆਫ਼ੀ
ਅੰਕਾਰਾ, 1 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਇਕ ਵਾਰ ਫਿਰ ਪੈਗੰਬਰ ਮੁਹੰਮਦ ਦੇ ਕਾਰਟੂਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪਰ ਇਸ ਵਾਰ ਇਹ ਵਿਵਾਦ ਯੂਰਪ ਵਿਚ ਨਹੀਂ ਸਗੋਂ ਇਕ ਮੁਸਲਿਮ ਦੇਸ਼ ਤੁਰਕੀ ਵਿਚ ਹੋਇਆ ਹੈ। ਤੁਰਕੀ ਵਿਚ ਇਕ ਕਾਰਟੂਨਿਸਟ ‘ਤੇ ਪੈਗੰਬਰ ਮੁਹੰਮਦ ਨੂੰ ਕਥਿਤ ਤੌਰ ‘ਤੇ ਅਪਮਾਨਜਨਕ ਢੰਗ ਨਾਲ ਦਰਸਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਕਾਰਟੂਨ ਦੇ ਛਾਪਣ ਮਗਰੋਂ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ, ਜਿਸਦੇ ਨਤੀਜੇ ਵਜੋਂ ਕਾਰਟੂਨਿਸਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਨਿਊਜ਼ ਏਜੰਸੀ ਏਪੀ ਮੁਤਾਬਕ ਲੈਮਨ ਮੈਗਜ਼ੀਨ ਨੇ 26 ਜੂਨ ਨੂੰ ਇਕ ਕਾਰਟੂਨ ਪ੍ਰਕਾਸ਼ਿਤ ਕੀਤਾ ਸੀ, ਜਿਸ ਵਿਚ ਪੈਗੰਬਰ ਮੁਹੰਮਦ ਅਤੇ ਪੈਗੰਬਰ ਮੂਸਾ ਵਰਗੇ ਦੋ ਲੋਕਾਂ ਨੂੰ ਅਸਮਾਨ ਤੋਂ ਡਿੱਗ ਰਹੀਆਂ ਮਿਜ਼ਾਈਲਾਂ ਵਿਚਕਾਰ ਹਵਾ ਵਿਚ ਹੱਥ ਮਿਲਾਉਂਦੇ ਦਿਖਾਇਆ ਗਿਆ ਸੀ। ਇਸ ਕਾਰਟੂਨ ਦੇ ਸਾਹਮਣੇ ਆਉਣ ਮਗਰੋਂ ਤੁਰਕੀ ਵਿਚ ਲੋਕ ਗੁੱਸੇ ਵਿਚ ਆ ਗਏ ਤੇ ਇਸਤਾਂਬੁਲ ਵਿਚ ਲੈਮਨ ਮੈਗਜ਼ੀਨ ਦੇ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਪ੍ਰਦਰਸ਼ਨਕਾਰੀਆਂ ਵਲੋਂ ਮੈਗਜ਼ੀਨ ਦੇ ਦਫਤਰ ‘ਤੇ ਪੱਥਰ ਵੀ ਸੁੱਟੇ ਗਏ।
ਇਸਤਾਂਬੁਲ ਵਿਚ ਲੈਮਨ ਮੈਗਜ਼ੀਨ ਦੇ ਦਫ਼ਤਰ ਦੇ ਬਾਹਰ ਗੁੱਸੇ ਵਿਚ ਆਏ ਲੋਕਾਂ ਨੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਉਹ ‘ਦੰਦ ਦੇ ਬਦਲੇ ਦੰਦ, ਖੂਨ ਦੇ ਬਦਲੇ ਖੂਨ’ ਦੇ ਨਾਅਰੇ ਲਗਾ ਰਹੇ ਸਨ। ਕੁਝ ਪ੍ਰਦਰਸ਼ਨਕਾਰੀਆਂ ਨੂੰ ਇਕ ਇਸਲਾਮੀ ਸੰਗਠਨ ਨਾਲ ਜੁੜਿਆ ਹੋਇਆ ਦਸਿਆ ਜਾ ਰਿਹਾ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਪੁਲਿਸ ਨੇ ਕੱਲ੍ਹ ਕਾਰਟੂਨਿਸਟ ਡੋਗਨ ਪਹਿਲਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਲੈਮਨ ਦੇ ਮੁੱਖ ਸੰਪਾਦਕ, ਪ੍ਰਬੰਧਕ ਸੰਪਾਦਕ ਅਤੇ ਗ੍ਰਾਫਿਕ ਡਿਜ਼ਾਈਨਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਘਟਨਾ ਮਗਰੋਂ ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਾਯਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਪ੍ਰੈਸ ਦੀ ਆਜ਼ਾਦੀ ਜਾਂ ਪ੍ਰਗਟਾਵੇ ਦੀ ਆਜ਼ਾਦੀ ਨਹੀਂ ਹੈ ਸਗੋਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਯੇਰਲਿਕਾਯਾ ਨੇ ਕਿਹਾ ਕਿ ਉਹ ਪੈਗੰਬਰ ਸਾਹਿਬ ਦਾ ਮਜ਼ਾਕ ਉਡਾਉਣ ਵਾਲੇ ਇਸ ਸ਼ਰਮਨਾਕ ਕਾਰਟੂਨ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੰਮ ਸਾਡੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਦੇ ਹਨ। ਮੁਸਲਮਾਨਾਂ ਦੇ ਦਿਲਾਂ ਨੂੰ ਠੇਸ ਪਹੁੰਚਾਉਂਦੇ ਹਨ। ਇਹ ਕਾਰਵਾਈਆਂ ਲੋਕਾਂ ਨੂੰ ਭੜਕਾ ਰਹੀਆਂ ਹਨ ਤੇ ਜੋ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਨੂੰ ਕਾਨੂੰਨ ਦੇ ਸਾਹਮਣੇ ਜਵਾਬ ਦੇਣਾ ਪਵੇਗਾ।
ਤੁਰਕੀ ਦੇ ਨਿਆਂ ਮੰਤਰੀ ਯਿਲਮਾਜ਼ ਟੁੰਕ ਨੇ ਕਿਹਾ ਕਿ ਅਜਿਹੇ ਕਾਰਟੂਨ ਧਾਰਮਿਕ ਭਾਵਨਾਵਾਂ ਅਤੇ ਸਮਾਜਿਕ ਸਦਭਾਵਨਾ ਦਾ ਅਪਮਾਨ ਕਰਦੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਕੋਈ ਵੀ ਪ੍ਰਗਟਾਵੇ ਦੀ ਆਜ਼ਾਦੀ ਦੇ ਬਹਾਨੇ ਕਿਸੇ ਵੀ ਧਰਮ ਦੇ ਪ੍ਰਤੀਕਾਂ ਦਾ ਅਪਮਾਨ ਨਹੀਂ ਕਰ ਸਕਦਾ।
ਜ਼ਿਕਰਯੋਗ ਹੈ ਕਿ ਤੁਰਕੀ ਵਿਚ ਧਰਮ ਨਿਰਪੱਖ ਕਾਨੂੰਨ ਲਾਗੂ ਹੈ ਪਰ ਉੱਥੇ ਕਿਸੇ ਦੇ ਧਾਰਮਿਕ ਮੁੱਲਾਂ ਦਾ ਜਨਤਕ ਤੌਰ ‘ਤੇ ਅਪਮਾਨ ਕਰਨ ‘ਤੇ ਇਕ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਹਾਲਾਂਕਿ ਜਿਵੇਂ ਹੀ ਵਿਵਾਦ ਵਧਿਆ ਤਾਂ ਲੈਮਨ ਮੈਗਜ਼ੀਨ ਨੇ ਸੋਸ਼ਲ ਮੀਡੀਆ ‘ਤੇ ਮੁਆਫ਼ੀ ਮੰਗੀ ਤੇ ਕਿਹਾ ਕਿ ਕਾਰਟੂਨ ਦਾ ਇਰਾਦਾ ਇਸਲਾਮ ਦਾ ਅਪਮਾਨ ਕਰਨ ਲਈ ਨਹੀਂ ਸੀ।
ਲੈਮਨ ਮੈਗਜ਼ੀਨ ਦੇ ਸੰਪਾਦਕ ਟੁਨਕੇ ਅਕਗੁਨ ਨੇ ਕਿਹਾ ਕਿ ਜਿਸ ਕਾਰਟੂਨ ਨੇ ਵਿਵਾਦ ਖੜ੍ਹਾ ਕੀਤਾ ਹੈ ਉਸਨੂੰ ਗਲਤ ਤਰੀਕੇ ਨਾਲ ਸਮਝਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕਾਰਟੂਨ ਪੈਗੰਬਰ ਮੁਹੰਮਦ ਦਾ ਕਾਰਟੂਨ ਨਹੀਂ ਹੈ, ਸਗੋਂ ਇਸ ਵਿਚ ਇਜ਼ਰਾਈਲੀ ਬੰਬ ਧਮਾਕੇ ਵਿਚ ਮਾਰੇ ਗਏ ਇਕ ਮੁਸਲਿਮ ਵਿਅਕਤੀ ਨੂੰ ਦਿਖਾਇਆ ਗਿਆ ਹੈ ਜਿਸਦਾ ਨਾਮ ਕਾਲਪਨਿਕ ਤੌਰ ‘ਤੇ ਮੁਹੰਮਦ ਰੱਖਿਆ ਗਿਆ ਸੀ।
ਅਕਗੁਨ ਨੇ ਕਿਹਾ ਕਿ ਦੁਨੀਆ ਦੇ 200 ਮਿਲੀਅਨ ਤੋਂ ਵੱਧ ਲੋਕਾਂ ਦਾ ਨਾਮ ਮੁਹੰਮਦ ਹੈ ਤੇ ਕਾਰਟੂਨ ਦਾ ਇਰਾਦਾ ਕਦੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਸੀ। ਮੈਗਜ਼ੀਨ ਨੇ ਉਨ੍ਹਾਂ ਪਾਠਕਾਂ ਤੋਂ ਮੁਆਫ਼ੀ ਮੰਗੀ ਹੈ ਜਿਨ੍ਹਾਂ ਨੂੰ ਇਸ ਕਾਰਟੂਨ ਤੋਂ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਜਾਣਬੁੱਝ ਕੇ ਕਾਰਟੂਨ ਦੀ ਗਲਤ ਵਿਆਖਿਆ ਕਰਕੇ ਇਸਨੂੰ ਵਿਵਾਦਪੂਰਨ ਬਣਾ ਰਹੇ ਹਨ।
ਅਕਗੁਨ ਨੇ ਕਿਹਾ ਕਿ ਕਾਰਟੂਨ ਪ੍ਰਤੀ ਪ੍ਰਤੀਕਿਰਿਆ ਚਾਰਲੀ ਹੇਬਡੋ ਵਰਗੀਆਂ ਘਟਨਾਵਾਂ ਦੀ ਯਾਦ ਦਿਵਾਉਂਦੀ ਹੈ, ਜਦੋਂ 2015 ਵਿਚ ਪੈਗੰਬਰ ਦਾ ਇਕ ਕਾਰਟੂਨ ਪ੍ਰਕਾਸ਼ਿਤ ਕਰਨ ‘ਤੇ ਫਰਾਂਸੀਸੀ ਮੈਗਜ਼ੀਨ ‘ਤੇ ਹਮਲਾ ਕੀਤਾ ਗਿਆ ਸੀ, ਜਿਸ ਵਿਚ 12 ਲੋਕ ਮਾਰੇ ਗਏ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੈਮਨ ਕਦੇ ਵੀ ਅਜਿਹਾ ਕੋਈ ਜੋਖ਼ਮ ਨਹੀਂ ਚੁਕੇਗਾ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।
