ਸਾਜਿਸ਼ ਨਾਲ ਦੋ ਨੌਜਵਾਨਾਂ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਫੋਨ ਅਤੇ ਪੈਸੇ ਖੋਹੇ…

0
04_07_2025-04fzr_10_04072025_648

ਫਿਰੋਜ਼ਪੁਰ, 4 ਜੁਲਾਈ 2025 ( ਨਿਊਜ਼ ਟਾਊਨ ਨੈੱਟਵਰਕ ) :

ਫਿਰੋਜ਼ਪੁਰ ਦੇ ਇੱਕ ਸਨਸਨੀਖੇਜ਼ ਮਾਮਲੇ ’ਚ ਸੋਚੀ-ਸਮਝੀ ਸਾਜਿਸ਼ ਦੇ ਤਹਿਤ ਦੋ ਨੌਜਵਾਨਾਂ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਦੇ ਮੋਬਾਇਲ ਫੋਨ ਅਤੇ ਨਕਦੀ ਖੋਹਣ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਕੁਲਵਿੰਦਰ ਸਿੰਘ ਉਰਫ ਕਿੰਦਰ ਸਿੰਘ ਵਾਸੀ ਕਮਾਲਾ ਬੋਦਲਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਇੰਸਟਾਗ੍ਰਾਮ ਰਾਹੀਂ ਮਨਤ ਉਰਫ ਮਨੂੰ ਉਰਫ ਪੂਜਾ ਨਾਮ ਦੀ ਲੜਕੀ ਨਾਲ ਦੋਸਤੀ ਹੋਈ ਸੀ। ਮੰਨਤ ਨੇ 2 ਜੁਲਾਈ 2025 ਨੂੰ ਆਪਣੀ ਚਾਚੀ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਪੈਸਿਆਂ ਦੀ ਮੰਗ ਕੀਤੀ ਅਤੇ ਮਿਲਣ ਲਈ ਬੁਲਾਇਆ। ਕੁਲਵਿੰਦਰ ਸਿੰਘ ਆਪਣੇ ਦੋਸਤ ਅਮਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਅਲੀਵਾਲਾ ਨਾਲ ਸਵਿਫਟ ਡਿਜਾਇਰ ਗੱਡੀ (ਨੰਬਰ ਪੀਬੀ 10 ਡੀਡੀ 8617) ਵਿੱਚ ਚੁੰਗੀ ਨੰਬਰ 8 ’ਤੇ ਪਹੁੰਚਿਆ। ਮੰਨਤ ਉਰਫ ਪੂਜਾ ਨੇ ਦੱਸਿਆ ਕਿ ਉਸ ਦੀ ਚਾਚੀ ਵਿਨੂੰ ਉਰਫ ਸੁਨੀਤਾ ਇੱਕ ਘਰ ਵਿੱਚ ਇਕੱਲੀ ਹੈ ਅਤੇ ਉਨ੍ਹਾਂ ਨੂੰ ਉਥੇ ਚੱਲਣ ਦੀ ਗੱਲ ਕੀਤੀ। ਉਸ ਨੇ ਕਿਹਾ ਕਿ ਉਹ ਚਾਹ ਪੀਣਗੇ ਅਤੇ ਗੱਲਬਾਤ ਕਰਨਗੇ। ਕੁਲਵਿੰਦਰ ਅਤੇ ਅਮਰਜੀਤ ਉਸ ਦੇ ਨਾਲ ਘਰ ਚਲੇ ਗਏ। ਇਸ ਦੌਰਾਨ ਮਨਤ ਨੇ ਕੁਲਵਿੰਦਰ ਨੂੰ ਅਲੱਗ ਕਮਰੇ ਵਿੱਚ ਲੈ ਜਾ ਕੇ ਜਬਰੀ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ, ਜਦਕਿ ਉਸ ਦੀ ਸਹੇਲੀ ਸਿਮਰਨ ਉਰਫ ਜੋਤੀ ਅਮਰਜੀਤ ਕੋਲ ਬੈਠ ਗਈ। 6.15 ਵਜੇ ਦੇ ਕਰੀਬ ਮੰਨਤ ਦੀ ਚਾਚੀ ਵਿਨੂੰ ਉਰਫ ਸੁਨੀਤਾ ਸਮੇਤ ਕਈ ਵਿਅਕਤੀ, ਜਿਨ੍ਹਾਂ ਵਿੱਚ ਪ੍ਰਿੰਸ, ਸਤਪਾਲ, ਵਰਿੰਦਰ ਸਿੰਘ, ਵਾਰਸ, ਪਾਰਸ, ਹਰਮਨ, ਸਾਹਿਲ, ਸਤਪਾਲ ਉਰਫ ਸੱਤੀ ਤੇ 2-3 ਅਣਪਛਾਤੇ ਸ਼ਾਮਲ ਸਨ ਘਰ ’ਚ ਦਾਖਲ ਹੋਏ। ਉਕਤ ਨੇ ਕੁਲਵਿੰਦਰ ਅਤੇ ਅਮਰਜੀਤ ਦੀ ਕੁੱਟਮਾਰ ਕੀਤੀ, ਉਨ੍ਹਾਂ ਦੇ ਮੋਬਾਇਲ ਫੋਨ ਖੋਹ ਲਏ ਅਤੇ ਕੱਪੜੇ ਉਤਾਰ ਦਿੱਤੇ। ਪ੍ਰਿੰਸ ਨੇ ਆਪਣੇ ਮੋਬਾਇਲ ’ਤੇ ਜਬਰੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ 2 ਲੱਖ ਰੁਪਏ ਦੀ ਮੰਗ ਕੀਤੀ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ। ਦੋਸ਼ੀਆਂ ਨੇ ਕੁਲਵਿੰਦਰ ਦੀ ਜੇਬ ਵਿੱਚੋਂ 3500 ਰੁਪਏ, ਅਮਰਜੀਤ ਦਾ ਪਰਸ ਜਿਸ ਵਿੱਚ 800 ਰੁਪਏ ਅਤੇ ਕਾਗਜ਼ਾਤ ਸਨ, ਅਤੇ ਅਮਰਜੀਤ ਦੇ ਹੱਥ ਵਿੱਚ ਪਾਇਆ 6 ਤੋਲੇ ਚਾਂਦੀ ਦਾ ਕੜਾ ਜਬਰੀ ਖੋਹ ਲਿਆ। ਇਸ ਤੋਂ ਬਾਅਦ, ਉਨ੍ਹਾਂ ਨੂੰ ਪਿੰਡ ਨੂਰਪੁਰ ਸੇਠਾਂ ਵੱਲ ਲੈ ਗਏ। ਜਦੋਂ ਗੱਡੀ ਪਿੰਡ ਨੂਰਪੁਰ ਸੇਠਾਂ ਪਹੁੰਚੀ, ਤਾਂ ਤੇਜ਼ ਰਫਤਾਰ ਕਾਰਨ ਗੱਡੀ ਦੀਵਾਰ ਨਾਲ ਟਕਰਾ ਗਈ। ਇਸ ਦੌਰਾਨ ਪਿੰਡ ਵਾਸੀਆਂ ਦੇ ਇਕੱਠੇ ਹੋਣ ਦੀ ਸੰਭਾਵਨਾ ਵੇਖ ਕੇ ਦੋਸ਼ੀਆਂ ਨੇ ਕੁਲਵਿੰਦਰ ਅਤੇ ਅਮਰਜੀਤ ਨੂੰ ਛੱਡ ਕੇ ਭੱਜਣਾ ਪਿਆ। ਥਾਣਾ ਕੁੱਲਗੜ੍ਹੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਸਤਪਾਲ ਉਰਫ ਸੱਤੀ, ਵਰਿੰਦਰ ਸਿੰਘ ਉਰਫ ਸੁੰਦਰ, ਵਾਰਸ ਉਰਫ ਨਿੱਕਾ ਅਤੇ ਪਾਰਸ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਮਲਕੀਤ ਕੁਮਾਰ ਦੀ ਅਗਵਾਈ ਵਿੱਚ ਜਾਰੀ ਹੈ, ਅਤੇ ਬਾਕੀ ਦੋਸ਼ੀਅਨ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *