ਕਾਂਗਰਸ ਤੇ RJD ਨੇ ਸਿਰਫ਼ ਮੇਰੀ ਮਾਂ ਦਾ ਹੀ ਨਹੀਂ, ਦੇਸ਼ ਦੀਆਂ ਸਾਰੀਆਂ ਮਾਵਾਂ ਦਾ ਅਪਮਾਨ ਕੀਤਾ : PM ਮੋਦੀ


ਪਟਨਾ, 2 ਸਤੰਬਰ (ਨਿਊਜ਼ ਟਾਊਨ ਨੈਟਵਰਕ) :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲੀ ਬਿਹਾਰ ਰਾਜ ਜੀਵਿਕਾ ਨਿਧੀ ਬ੍ਰਾਂਚ ਕੋਆਪਰੇਟਿਵ ਯੂਨੀਅਨ ਲਿਮਟਿਡ ਦਾ ਉਦਘਾਟਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਬਿਹਾਰ ਵਿਚ ਜੋ ਹੋਇਆ ਮੈਂ ਉਸ ਬਾਰੇ ਕਲਪਨਾ ਵੀ ਨਹੀਂ ਕੀਤੀ ਸੀ। ਬਿਹਾਰ ਵਿਚ ਕਾਂਗਰਸ ਦੇ ਪਲੇਟਫ਼ਾਰਮ ਤੋਂ ਮੇਰੀ ਮਾਂ ਦਾ ਅਪਮਾਨ ਕੀਤਾ ਗਿਆ। ਮੋਦੀ ਨੇ ਕਿਹਾ ਕਿ ਇਹ ਅਪਮਾਨ ਸਿਰਫ਼ ਮੇਰੀ ਮਾਂ ਦਾ ਅਪਮਾਨ ਨਹੀਂ ਹੈ, ਇਹ ਦੇਸ਼ ਦੀ ਸਾਰੀਆਂ ਮਾਂਵਾਂ, ਭੈਣਾਂ ਤੇ ਧੀਆਂ ਦਾ ਅਪਮਾਨ ਹੈ। ਪ੍ਰਧਾਨ ਮੰਤਰੀ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਇਸ ਘਟਨਾ ਦਾ ਦਰਦ ਮੇਰੇ ਦਿਲ ਵਿਚ ਓਨਾ ਹੀ ਹੈ, ਜਿੰਨਾ ਬਿਹਾਰ ਦੇ ਲੋਕਾਂ ਦੇ ਦਿਲਾਂ ਵਿਚ ਦਰਦ ਹੈ। ਮੈਂ ਤੁਹਾਡੇ ਨਾਲ ਅਪਣਾ ਦੁੱਖ ਸਾਂਝਾ ਕਰ ਰਿਹਾ ਹਾਂ ਤਾਂ ਜੋ ਮੈਂ ਇਸ ਦਰਦ ਨੂੰ ਸਹਿ ਸਕਾਂ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਮੈਂ ਇਕ ਗਰੀਬ ਪਰਵਾਰ ਤੋਂ ਹਾਂ। ਮੈਂ ਸਮਾਜ ਅਤੇ ਦੇਸ਼ ਦੀ ਸੇਵਾ ਵਿਚ ਲੱਗਾ ਹੋਇਆ ਹਾਂ। ਮੈਂ ਹਰ ਦਿਨ, ਹਰ ਪਲ ਅਪਣੇ ਦੇਸ਼ ਤੇ ਦੇਸ਼ ਵਾਸੀਆਂ ਲਈ ਸਖ਼ਤ ਮਿਹਨਤ ਕੀਤੀ।
ਜਿਸ ਵਿਚ ਮੇਰੀ ਮਾਂ ਦੇ ਆਸ਼ੀਰਵਾਦ ਤੇ ਮੇਰੀ ਮਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ। ਜਿਸ ਮਾਂ ਨੇ ਮੈਨੂੰ ਜਨਮ ਦਿਤਾ ਸੀ, ਉਸ ਨੇ ਮੈਨੂੰ ਅਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿਤਾ ਸੀ। ਮੇਰੀ ਮਾਂ ਜੋ ਹੁਣ ਇਸ ਦੁਨੀਆਂ ਵਿਚ ਨਹੀਂ ਹੈ, ਨੂੰ ਕਾਂਗਰਸ ਆਰ.ਜੇ.ਡੀ. ਨੇ ਅਪਮਾਨਜਨਕ ਸ਼ਬਦ ਬੋਲੇ, ਜੋ ਕਿ ਨਿੰਦਣਯੋਗ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਅੱਜ ਇਸ ਬਾਰੇ ਦੁਖੀ ਹਾਂ। ਮਾਂ ਨੇ ਮੈਨੂੰ ਦੇਸ਼ ਦੀ ਸੇਵਾ ਕਰਨ ਲਈ ਭੇਜਿਆ ਸੀ। ਹਰ ਮਾਂ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਵੱਡਾ ਹੋਵੇ, ਮੇਰੇ ਲਈ ਕੁਝ ਕਰੇ। ਮੇਰੀ ਮਾਂ ਨੇ ਅਜਿਹਾ ਨਹੀਂ ਸੋਚਿਆ। ਉਸ ਨੇ ਮੈਨੂੰ ਤੁਹਾਡੇ ਲਈ ਭੇਜਿਆ। ਮੇਰੀ ਮਾਂ ਇਸ ਦੁਨੀਆ ਵਿਚ ਨਹੀਂ ਹੈ। ਮੇਰੀ ਉਹ ਮਾਂ ਜਿਸ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਜੋ ਹੁਣ ਇਸ ਦੁਨੀਆਂ ਵਿਚ ਹੈ ਵੀ ਨਹੀਂ ਹੈ, ਨੂੰ ਆਰ.ਜੇ.ਡੀ. ਅਤੇ ਕਾਂਗਰਸ ਗਲਤ ਸ਼ਬਦ ਬੋਲੇ। ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਮਾਂ ਦਾ ਸਥਾਨ ਦੇਵਤਿਆਂ ਤੋਂ ਉੱਪਰ ਮੰਨਿਆ ਜਾਂਦਾ ਹੈ। ਇਹ ਭਾਰਤ ਦਾ ਸਭਿਆਚਾਰ ਹੈ, ਜਿੱਥੇ ਮਾਂ ਦਾ ਸਥਾਨ ਪਰਮਾਤਮਾ ਤੋਂ ਵੀ ਉੱਪਰ ਮੰਨਿਆ ਜਾਂਦਾ ਹੈ ਤੇ ਮਾਂ ਦੇ ਰਿਸ਼ਤੇ ਨੂੰ ਸਰਵ ਸਾਂਝਾ ਮੰਨਿਆ ਜਾਂਦਾ ਹੈ, ਮਾਵਾਂ ਸੱਭ ਦੀਆਂ ਸਾਂਝੀਆਂ ਹੁੰਦੀਆਂ ਹਨ। ਇਸ ਲਈ ਉਨ੍ਹਾਂ ਕਿਹਾ ਕਿ ਇਹ ਗਾਲ੍ਹਾਂ ਕਰੋੜਾਂ ਮਾਵਾਂ ਅਤੇ ਭੈਣਾਂ ਨੂੰ ਦਿਤੀਆਂ ਗਈਆਂ ਹਨ। ਸ਼ਾਹੀ ਪਰਵਾਰਾਂ ਵਿਚ ਪੈਦਾ ਹੋਏ ਰਾਜਕੁਮਾਰ ਇਸ ਦਰਦ ਨੂੰ ਨਹੀਂ ਸਮਝ ਸਕਦੇ।