ਕਰਨਲ ਬਾਠ ਕੁੱਟਮਾਰ ਮਾਮਲਾ: ਅਦਾਲਤ ਨੇ 4 ਪੁਲਿਸ ਮੁਲਾਜ਼ਮਾਂ ਦੇ ਪਾਸਪੋਰਟ ਕੀਤੇ ਜ਼ਬਤ

ਸੁਣਵਾਈ ਦੌਰਾਨ ਸੀਬੀਆਈ ਨੇ ਮੁਲਜ਼ਮਾਂ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਪ੍ਰਗਟਾਇਆ

ਪਟਿਆਲ਼ਾ, 4 ਮਾਰਚ (ਰਾਜਿੰਦਰ ਸਿੰਘ ਥਿੰਦ) : ਪਟਿਆਲਾ ਦੇ ਚਰਚਿਤ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਨਾਮਜ਼ਦ ਪੁਲਿਸ ਅਧਿਕਾਰੀਆਂ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੋਈ। ਸੀਬੀਆਈ ਨੇ ਮੁਲਜ਼ਮਾਂ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ ਪ੍ਰਗਟਾਇਆ। ਇਸ ‘ਤੇ ਅਦਾਲਤ ਨੇ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਕੁਝ ਦਿਨ ਪਹਿਲਾਂ ਅਦਾਲਤ ਨੇ ਉਨ੍ਹਾਂ ਨੂੰ ਇੱਕ ਲੱਖ ਰੁਪਏ ਦਾ ਨਿੱਜੀ ਬਾਂਡ ਦਾਖਲ ਕਰਨ ਤੋਂ ਬਾਅਦ ਅੰਤਰਿਮ ਜ਼ਮਾਨਤ ਦਿੱਤੀ ਸੀ। ਅਦਾਲਤ ਨੇ ਸੀਬੀਆਈ ਤੋਂ ਜਵਾਬ ਤਲਬ ਕੀਤਾ ਸੀ। ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਇੰਸਪੈਕਟਰ ਹੈਰੀ ਬੋਪਾਰਾਏ, ਹਰਜਿੰਦਰ ਸਿੰਘ ਢਿੱਲੋਂ ਅਤੇ ਰੌਨੀ ਸਿੰਘ ਆਪਣੇ ਵਕੀਲਾਂ ਸਮੇਤ ਅਦਾਲਤ ਵਿੱਚ ਪੇਸ਼ ਹੋਏ। ਸੀਬੀਆਈ ਨੇ ਆਪਣੇ ਜਵਾਬ ਵਿੱਚ ਮੁਲਜ਼ਮਾਂ ਦੇ ਫਰਾਰ ਹੋਣ ਦਾ ਖ਼ਦਸ਼ਾ ਜਤਾਉਂਦੇ ਹੋਏ ਅਦਾਲਤ ਤੋਂ ਉਨ੍ਹਾਂ ਦੇ ਪਾਸਪੋਰਟ ਸਰੈਂਡਰ ਕਰਵਾਉਣ ਦੀ ਮੰਗ ਕੀਤੀ। ਜਿਸ ਤੋਂ ਬਾਅਦ ਅਦਾਲਤ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਇਹਨਾਂ ਚਾਰ ਪੁਲਿਸ ਮੁਲਾਜ਼ਮਾਂ ਵਿੱਚੋਂ ਕੋਈ ਵੀ ਦੇਸ਼ ਤੋਂ ਬਾਹਰ ਨਹੀਂ ਜਾ ਸਕੇਗਾ, ਜਿਸ ਕਰ ਕੇ ਇਹਨਾਂ ਦੇ ਪਾਸਪੋਰਟ ਕੋਰਟ ਨੇ ਆਪਣੇ ਕੋਲ ਰਖਵਾ ਦਿੱਤੇ ਹਨ। ਬਹੁਤ ਸਖਤ ਹਦਾਇਤਾਂ ਨਾਲ ਉਹਨਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਜਿੰਨੀਆਂ ਵੀ ਪੇਸ਼ੀਆਂ ਹੋਣਗੀਆਂ ਤੁਹਾਨੂੰ ਉਹਨਾਂ ਉੱਪਰ ਲਾਜ਼ਮੀ ਹਾਜ਼ਰ ਹੋਣਾ ਪਵੇਗਾ। ਅਗਰ ਤੁਸੀਂ ਹਾਜ਼ਰ ਨਹੀਂ ਹੁੰਦੇ, ਤਾਂ ਡੀਜੀਪੀ ਪੰਜਾਬ ਜਾਂ ਤੁਹਾਡੇ ਉੱਚ ਅਧਿਕਾਰੀਆਂ ਨੂੰ ਇਸ ਦਾ ਕਾਰਨ ਦੱਸੋ ਨੋਟਿਸ ਦੇਣਾ ਪਵੇਗਾ ਕਿ ਇਹਨਾਂ 4 ਮੁਲਾਜ਼ਮਾਂ ਵਿੱਚੋਂ ਕੋਈ ਵੀ ਸਖਸ਼ ਹਾਜ਼ਰ ਕਿਉਂ ਨਹੀਂ ਹੋ ਸਕਿਆ। ਇਸ ਮਾਮਲੇ ਤਹਿਤ ਅਗਲੀ ਸੁਣਵਾਈ 6 ਮਾਰਚ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਘਟਨਾ 13 ਅਤੇ 14 ਮਾਰਚ ਦੀ ਅੱਧੀ ਰਾਤ ਨੂੰ ਵਾਪਰੀ ਸੀ। ਕਰਨਲ ਪੁਸ਼ਪਿੰਦਰ ਸਿੰਘ ਬਾਠ ਆਪਣੇ ਪੁੱਤਰ ਸਮੇਤ ਪਟਿਆਲਾ ਵਿੱਚ ਰਾਜਿੰਦਰਾ ਹਸਪਤਾਲ ਨੇੜੇ ਇੱਕ ਢਾਬੇ ‘ਤੇ ਸਨ। ਇਲਜ਼ਾਮ ਹੈ ਕਿ ਕਾਰ ਦੇ ਬਾਹਰ ਖੜ੍ਹੇ ਹੋ ਕੇ ਖਾਣਾ ਖਾਂਦੇ ਸਮੇਂ ਸਿਵਲ ਡਰੈੱਸ ਵਿੱਚ ਆਏ ਕੁਝ ਪੁਲਿਸ ਮੁਲਾਜ਼ਮਾਂ ਨੇ ਕਰਨਲ ਨੂੰ ਆਪਣੀ ਗੱਡੀ ਹਟਾਉਣ ਲਈ ਕਿਹਾ। ਇਸ ਤੋਂ ਬਾਅਦ ਇੱਕ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਲਾਠੀਆਂ, ਡੰਡਿਆਂ ਅਤੇ ਰਾਡਾਂ ਨਾਲ ਕਰਨਲ ਅਤੇ ਉਨ੍ਹਾਂ ਦੇ ਪੁੱਤਰ ‘ਤੇ ਹਮਲਾ ਕਰ ਦਿੱਤਾ। ਕਰਨਲ ਅਤੇ ਉਨ੍ਹਾਂ ਦਾ ਪੁੱਤਰ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਇਨ੍ਹਾਂ ਪੁਲਿਸ ਅਫ਼ਸਰਾਂ ਵਿਰੁਧ ਕੇਸ ਦਰਜ ਕੀਤਾ ਗਿਆ ਸੀ।
