ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਏ ਸੀਐਮ ਮਾਨ

0
d8172fecab733951c70097879501b33a_1280X720

ਗੋਲਕਾਂ ‘ਤੇ ਦਿਤੇ ਗਏ ਬਿਆਨ ਤੇ ਕਥਿਤ ਵੀਡੀਓ ਨੂੰ ਲੈ ਕੇ ਕੀਤਾ ਗਿਆ ਸੀ ਤਲਬ
CM ਭਗਵੰਤ ਮਾਨ ਭਵਿੱਖ ‘ਚ ਧਾਰਮਿਕ ਮਸਲਿਆਂ ‘ਤੇ ਨਹੀਂ ਕਰਨਗੇ ਟਿੱਪਣੀ : ਗੜਗੱਜ

ਅੰਮ੍ਰਿਤਸਰ, 16 ਜਨਵਰੀ (ਮੋਹਕਮ ਸਿੰਘ) : ਗੋਲਕਾਂ ‘ਤੇ ਦਿਤੇ ਗਏ ਬਿਆਨ ਅਤੇ ਕਥਿਤ ਵੀਡੀਓ ਦੇ ਮਾਮਲੇ ਨੂੰ ਲੈ ਕੇ ਅੱਜ ਸਵੇਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ੀ ਹੋਈ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ 35 ਮਿੰਟਾਂ ਤੱਕ ਸਵਾਲ-ਜਵਾਬ ਹੋਏ। ਇਸ ਮੁਲਾਕਾਤ ਵਿਚ ਭਗਵੰਤ ਮਾਨ ਨੇ ਅਪਣੇ ਵਿਚਾਰ ਅਤੇ ਅਪਣਾ ਪੱਖ ਸਾਹਮਣੇ ਰਖਿਆ। ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਵੀ ਇਸ ਮੁਲਾਕਾਤ ਦੌਰਾਨ ਮੌਜੂਦ ਰਹੇ। ਇਸ ਦੌਰਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਨੂੰ ਸਿੱਖ ਰਹਿਤ ਮਰਿਆਦਾ ਦਾ ਕਿਤਾਬਚਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਿੱਠਿਆਂ ਨਾਲ ਸਬੰਧਤ ਮਾਸਿਕ ਗੁਰਦੁਆਰਾ ਗਜ਼ਟ ਰਸਾਲੇ ਦੀ ਕਾਪੀ ਭੇਟ ਕੀਤੀ ਗਈ। ਮੁਲਾਕਾਤ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣਾ ਸਪੱਸ਼ਟੀਕਰਨ ਦੇਣ ਲਈ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ। ਜਥੇਦਾਰ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਗੋਲਕ, ਦਸਵੰਧ, ਕਥਿਤ ਵੀਡੀਓ ਸਮੇਤ ਹਰ ਮਸਲੇ ‘ਤੇ ਸਪੱਸ਼ਟੀਕਰਨ ਦਿਤਾ ਹੈ। ਮੁੱਖ ਮੰਤਰੀ ਮਾਨ ਵਲੋਂ ਰੱਖੇ ਗਏ ਸਪੱਸ਼ਟੀਕਰਨ ਨੂੰ ਸਿੰਘ ਸਾਹਿਬਾਨ ਦੀ ਆਗਾਮੀ ਹੋਣ ਵਾਲੀ ਇਕੱਤਰਤਾ ਵਿਚ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਸਿੱਖ ਰਹਿਤ ਮਰਿਆਦਾ ਬਾਰੇ ਵੀ ਗੱਲਬਾਤ ਹੋਈ, ਜਿਸ ਦੌਰਾਨ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਜਥੇਦਾਰ ਨੇ ਮੁੱਖ ਮੰਤਰੀ ਦੀ ਵਾਇਰਲ ਵੀਡੀਓ ਬਾਰੇ ਕਿਹਾ ਕਿ ਉਹ ਦੋ ਲੈਬਾਂ ਦੱਸਣ ਅਤੇ ਅਸੀਂ ਇਸ ਦੀ ਜਾਂਚ ਕਰਵਾਵਾਂਗੇ, ਤਾਂ ਜੋ ਸਚਾਈ ਸਾਹਮਣੇ ਆ ਸਕੇ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸੀਐਮ ਨੇ ਆਪਣੀ ਬਿਆਨਬਾਜ਼ੀ ‘ਤੇ ਖੇਦ ਜਤਾਇਆ ਹੈ, ਅਤੇ CM ਭਗਵੰਤ ਮਾਨ ਭਵਿੱਖ ‘ਚ ਧਾਰਮਿਕ ਮਸਲਿਆਂ ‘ਤੇ ਟਿੱਪਣੀ ਨਹੀਂ ਕਰਨਗੇ, ਇਸ ਗੱਲ ਦਾ ਮੁੱਖ ਮੰਤਰੀ ਮਾਨ ਨੇ ਭਰੋਸਾ ਦਿੱਤਾ ਹੈ।

ਜਥੇਦਾਰ ਸਾਹਿਬ ਜੋ ਵੀ ਫ਼ੈਸਲਾ ਲੈਣਗੇ, ਉਹ ਸਿਰ ਮੱਥੇ ਪ੍ਰਵਾਨ ਹੋਵੇਗਾ : ਮੁੱਖ ਮੰਤਰੀ ਭਗਵੰਤ ਮਾਨ
ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੁਣ ਤਕ ਤਲਬ ਕੀਤੇ ਗਏ ਪੰਜਾਬ ਦੇ ਵੱਡੇ ਆਗੂਆਂ ਵਿਚ
ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ, 1979: ਮੁੱਖ ਮੰਤਰੀ, ਪੰਜਾਬ
ਮਰਹੂਮ ਸ. ਸੁਰਜੀਤ ਸਿੰਘ ਬਰਨਾਲਾ, 1988: ਮੁੱਖ ਮੰਤਰੀ, ਪੰਜਾਬ
ਮਰਹੂਮ ਸ. ਗਿਆਨੀ ਜ਼ੈਲ ਸਿੰਘ, 1984: ਰਾਸ਼ਟਰਪਤੀ, ਭਾਰਤ
ਮਰਹੂਮ ਸ. ਬੂਟਾ ਸਿੰਘ, 1984: ਗ੍ਰਹਿ ਮੰਤਰੀ, ਭਾਰਤ
ਸ. ਸੁਖਬੀਰ ਸਿੰਘ ਬਾਦਲ, 2024: ਉਪ ਮੁੱਖ ਮੰਤਰੀ, ਪੰਜਾਬ
ਸ. ਭਗਵੰਤ ਮਾਨ, 2026: ਮੁੱਖ ਮੰਤਰੀ, ਪੰਜਾਬ ਦੇ ਨਾਂ ਸ਼ਾਮਲ ਹਨ।

Leave a Reply

Your email address will not be published. Required fields are marked *