ਸ੍ਰੀ ਅਕਾਲ ਤਖਤ ਸਾਹਿਬ ਵਿਖੇ CM ਭਗਵੰਤ ਮਾਨ ਤਲਬ

15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਣ ਦਾ ਦਿਤਾ ਹੁਕਮ

ਗੋਲਕਾਂ ਬਾਰੇ ਬਿਆਨ ਦੇਣ ਨੂੰ ਲੈ ਕੇ ਕੀਤਾ ਗਿਆ ਤਲਬ
ਅੰਮ੍ਰਿਤਸਰ, 5 ਜਨਵਰੀ (ਮੋਹਕਮ ਸਿੰਘ) : ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੂੰ ਵਾਰ-ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੋਲਕਾਂ ਬਾਰੇ ਬਿਆਨ ਦੇਣ ਦੇ ਮਾਮਲੇ ‘ਚ ਤਲਬ ਕੀਤਾ ਗਿਆ ਹੈ। ਮੁੱਖ ਮੰਤਰੀ ਨੂੰ 15 ਜਨਵਰੀ ਨੂੰ ਨਿੱਜੀ ਤੌਰ ‘ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਰਗਾੜੀ ਕਾਂਡ ‘ਚ ਪ੍ਰਦੀਪ ਕਲੇਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਪਰੀਮ ਕੋਰਟ ‘ਚ ਪੇਸ਼ੀ ਦੌਰਾਨ ਸਰਕਾਰ ਦਾ ਕੋਈ ਵਕੀਲ ਪੇਸ਼ ਨਹੀਂ ਹੋਇਆ। ਜਦਕਿ ਸਪੀਕਰ ਸੰਧਾਵਾ ਦਾ ਕਹਿਣਾ ਸੀ 24 ਘੰਟਿਆਂ ‘ਚ ਬੇਅਦਬੀ ਦੋਸ਼ੀਆਂ ਨੂੰ ਇਨਸਾਫ਼ ਦੇਵਾਂਗੇ, ਪਰ ਅੱਜ 4 ਸਾਲ ਹੋ ਗਏ ਹਨ, ਧਰਨਾ ਵੀ ਚੁਕਵਾਇਆ ਗਿਆ, ਪਰੰਤੂ ਇਨਸਾਫ਼ ਨਹੀਂ ਦਿੱਤਾ ਗਿਆ। ਨਾਲ ਹੀ ਮੌੜ ਬੰਬ ਕਾਂਡ ਦੇ ਮੁਲਜ਼ਮ ਵੀ ਹੁਣ ਤੱਕ ਨਹੀਂ ਫੜੇ ਗਏ, ਜਦਕਿ ਉਸਦਾ ਸਿੱਧਾ ਲਿੰਕ ਡੇਰਾ ਸਿਰਸਾ ਮੁਖੀ ਨਾਲ ਹੈ। ਨਾ ਹੀ ਪੰਜਾਬ ਸਰਕਾਰ ਬੇਅਦਬੀ ਮਾਮਲੇ ‘ਚ ਸੁਪਰੀਮ ਕੋਰਟ ਪੇਸ਼ ਹੋ ਰਹੀ ਹੈ। ਇਸੇ ਦੌਰਾਨ ਜਥੇਦਾਰ ਗੜਗੱਜ ਨੇ ਸਾਲ 2015 ਵਿੱਚ ਬਰਗਾੜੀ ਵਿਖੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਇਸ਼ਾਰੇ ਉੱਤੇ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ 2017 ਵਿੱਚ ਕੀਤੇ ਗਏ ਮੌੜ ਅੱਤਵਾਦੀ ਧਮਾਕੇ ਜਿਸ ਵਿੱਚ ਪੰਜ ਬੱਚਿਆਂ ਸਮੇਤ ਸੱਤ ਵਿਅਕਤੀਆਂ ਦੀ ਜਾਨ ਗਈ ਸੀ, ਦੇ ਮਾਮਲਿਆਂ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਸਰਕਾਰ ਨੇ ਹੁਣ ਤੱਕ ਇਨ੍ਹਾਂ ਮਾਮਲਿਆਂ ਵਿੱਚ ਸਿੱਖਾਂ ਤੇ ਪੀੜਤਾਂ ਨੂੰ ਇਨਸਾਫ਼ ਕਿਉਂ ਨਹੀਂ ਦਿਵਾਇਆ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ ਵਿੱਚ ਬੀਤੇ ਸਮੇਂ ਗ੍ਰਿਫ਼ਤਾਰ ਕੀਤੇ ਗਏ ਮੁੱਖ ਦੋਸ਼ੀ ਪ੍ਰਦੀਪ ਕਲੇਰ ਨੇ ਅਦਾਲਤ ਵਿੱਚ ਆਪਣੇ ਬਿਆਨਾਂ ਅੰਦਰ ਇਹ ਗੱਲ ਸਪੱਸ਼ਟ ਆਖੀ ਹੈ ਕਿ ਇਹ ਬੇਅਦਬੀ ਗੁਰਮੀਤ ਰਾਮ ਰਹੀਮ ਤੇ ਉਸ ਦੀ ਪੈਰੋਕਾਰ ਹਨੀਪ੍ਰੀਤ ਦੇ ਕਹਿਣ ਉੱਤੇ ਕੀਤੀ ਗਈ ਹੈ। ਇਸ ਦੇ ਨਾਲ ਹੀ ਮੌੜ ਬੰਬ ਧਮਾਕੇ ਮਾਮਲੇ ਦੀ ਕੜੀ ਵੀ ਗੁਰਮੀਤ ਰਾਮ ਰਹੀਮ ਦੇ ਡੇਰੇ ਨਾਲ ਜੁੜਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੱਸੇ ਕਿ ਉਹ ਹੁਣ ਤੱਕ ਇਨ੍ਹਾਂ ਮਾਮਲਿਆਂ ਵਿੱਚ ਗੁਰਮੀਤ ਰਾਮ ਰਹੀਮ ਤੇ ਹਨੀਪ੍ਰੀਤ ਅਤੇ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਅੰਦਰ ਕਿਉਂ ਨਹੀਂ ਲਿਆਈ? ਉਨ੍ਹਾਂ ਕਿਹਾ ਕਿ ਬਰਗਾੜੀ ਮਾਮਲੇ ਵਿੱਚ ਸ਼ਰੇਆਮ ਸਿੱਖਾਂ ਵਿਰੁੱਧ ਵੱਡੀ ਸਾਜ਼ਸ਼ ਤਹਿਤ ਗੁਰਮੀਤ ਰਾਮ ਰਹੀਮ ਵੱਲੋਂ ਬੇਅਦਬੀ ਕਰਵਾਈ ਗਈ, ਲੇਕਿਨ ਮੌਜੂਦਾ ਆਮ ਪਾਰਟੀ ਦੀ ਸਰਕਾਰ ਨੇ ਬਰਗਾੜੀ ਬੇਅਦਬੀ ਮਾਮਲੇ ਨੂੰ ਇਕੱਲੇ ਸਿਆਸੀ ਤੌਰ ਉੱਤੇ ਹੀ ਨਹੀਂ ਵਰਤਿਆ ਬਲਕਿ ਸਰਕਾਰ ਇੱਕ ਧਿਰ ਬਣਕੇ ਰਾਮ ਰਹੀਮ ਜਿਹੇ ਸਿੱਖ ਵਿਰੋਧੀ ਝੂਠੇ ਸਾਧ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਇਹ ਗੱਲ ਕਹਿੰਦੇ ਰਹੇ ਹਨ ਕਿ ਮੌੜ ਧਮਾਕਾ ਉਨ੍ਹਾਂ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਕੀਤਾ ਗਿਆ ਸੀ ਪਰੰਤੂ ਸੱਤਾ ਆ ਕੇ ਸਰਕਾਰ ਨੇ ਇਸ ਮਾਮਲੇ ਵਿੱਚ ਕਾਰਵਾਈ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨਿੱਕੇ ਨਿੱਕੇ ਮਾਮਲਿਆਂ ਜਿਵੇਂ ਖਿਡੌਣਾ ਰਫ਼ਲ ਨਾਲ ਫ਼ੋਟੋ ਪਾਉਣ ਉੱਤੇ ਨੌਜਵਾਨਾਂ ਉੱਤੇ ਪਰਚੇ ਕਰ ਦਿੰਦੀ ਹੈ। ਇਸ ਸਰਕਾਰ ਨੇ ਸਿੱਖ ਨੌਜਵਾਨਾਂ ਉੱਤੇ ਐੱਨਐੱਸਏ ਅਤੇ ਯੂਏਪੀਏ ਜਿਹੇ ਕਾਨੂੰਨਾਂ ਤਹਿਤ ਕਾਰਵਾਈ ਕਰਕੇ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਪਿਛਲੇ ਲੰਮੇ ਸਮੇਂ ਤੋਂ ਕੀਤਾ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਪਿਛਲੇ ਦਿਨੀ CM ਮਾਨ ਨੇ ਸ੍ਰੀ ਅਕਾਲ ਤਖ਼ਤ ਦੀ ਰਹਿਤ ਮਾਰਿਆਦਾ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਹਿਤ ਮਾਰਿਆਦਾ 100 ਸਾਲ ਪਹਿਲਾਂ ਬਣੀ ਹੈ, ਜਿਸ ਨੂੰ 30 ਸਾਲ ਦਾ ਸਮਾਂ ਲੱਗਿਆ ਸੀ। ਉਨ੍ਹਾਂ ਕਿਹਾ ਕਿ CM ਮਾਨ ਨੇ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ‘ਚ ਪੈਸੇ ਪਾਉਣ ਨੂੰ ਲੈ ਕੇ ਵੀ ਕਈ ਵਾਰ ਨਿਸ਼ਾਨਾ ਬਣਾ ਕੇ ਬਿਆਨ ਦਿੱਤੇ। ਨਾਲ ਹੀ ਦਸਵੰਧ ਨੂੰ ਵੀ ਚੁਣੌਤੀ ਦਿੱਤੀ। ਜਥੇਦਾਰ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਕਈ ਵੀਡੀਓਜ਼ ਨੂੰ ਲੈ ਕੇ ਉਨ੍ਹਾਂ ਕੋਲ ਸ਼ਿਕਾਇਤਾਂ ਵੀ ਪੁੱਜੀਆਂ ਹਨ, ਜੋ ਕਿ ਕਈ ਵੱਡੇ-ਵੱਡੇ ਲੋਕਾਂ ਵੱਲੋਂ ਕੀਤੀਆਂ ਗਈਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਕਥਿਤ ਤੌਰ ‘ਤੇ ਭਗਵੰਤ ਮਾਨ ਦੇ ਸ਼ਰਾਬ ਪੀਣ ਅਤੇ 10 ਗੁਰੂ ਸਾਹਿਬਾਨ ਦੀਆਂ ਤਸਵੀਰਾਂ ‘ਤੇ ਦਾਰੂ ਦੇ ਛਿੱਟੇ ਮਾਰਨ ਦੇ ਦ੍ਰਿਸ਼ ਵਿਖਾਈ ਦਿੱਤੇ ਹਨ। ਨਾਲ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ‘ਤੇ ਵੀ ਕੋਝੀ ਹਰਕਤ ਕੀਤੀ ਗਈ। ਇਹ ਅਤਿ ਘਟੀਆ ਕਾਰਵਾਈ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਇਹ ਜੋ ਵੀ ਵੀਡੀਓਜ਼ ਹਨ, ਇਨ੍ਹਾਂ ਦੀ ਸਖਤ ਤੋਂ ਸਖਤ ਜਾਂਚ ਕੀਤੀ ਜਾਵੇਗੀ ਅਤੇ ਸਖਤ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਸਿੱਖ ਮਾਣ-ਸਨਮਾਨ ਨੂੰ ਚੁਣੌਤੀ ਦੇਣ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮਾਂ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਕੀਰਤਨ ਕੀਤਾ ਸੀ, ਜਿਸ ‘ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਇਤਰਾਜ਼ ਜਤਾਇਆ ਸੀ। ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗਾਇਕ ਦੇ ਹੱਕ ਵਿੱਚ ਬਿਆਨ ਦਿੰਦਿਆਂ ਕਿਹਾ ਸੀ ਕਿ ਪਰਮਾਤਮਾ ਦਾ ਨਾਂ ਜਪਣ ਲਈ ਸਾਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਦੇ ਸਵਾਲ ਚੁੱਕਣ ਵਾਲੇ ਇਹ ਕੌਣ ਹੁੰਦੇ ਹਨ।
