4 ਸਾਲ ਪੈਸੇ ਲੈਣ ਮਗਰੋਂ ਹੁਣ ਕਲੇਮ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ : ਅਦਾਲਤ

0
COURT

‘ਪੁਰਾਣੀ ਬੀਮਾਰੀ’ ਦਾ ਬਹਾਨਾ ਨਾ ਆਇਆ ਕੰਮ, ਬੀਮਾ ਕੰਪਨੀ ਨੂੰ ਦੇਣੇ ਪੈਣਗੇ 7.5 ਲੱਖ ਰੁਪਏ

ਮੋਹਾਲੀ, 28 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਮੋਹਾਲੀ ’ਚ 4 ਸਾਲਾਂ ਤਕ ਸਿਹਤ ਪਾਲਿਸੀ ਵਿਚ ਪੈਸੇ ਲੈਂਦੀ ਰਹੀ ਪਰ ਜਦੋਂ ਕਲੇਮ ਦੇਣ ਦਾ ਸਮਾਂ ਆਇਆ ਤਾਂ ਬੀਮਾ ਕੰਪਨੀ ਨੇ ਗਾਹਕ ਵਲੋਂ “ਪੁਰਾਣੀ ਬਿਮਾਰੀ ਨੂੰ ਲੁਕਾਉਣ” ਦਾ ਬਹਾਨਾ ਬਣਾਇਆ। ਮੋਹਾਲੀ ਦੇ ਹਰਜਿੰਦਰ ਸਿੰਘ ਸੰਧੂ ਨੇ 2015 ਵਿਚ ਬਜਾਜ ਅਲਾਇਨਜ਼ ਤੋਂ ਇਕ ਸਿਹਤ ਪਾਲਿਸੀ ਲਈ ਸੀ, ਜਿਸ ਨੂੰ 2017 ਵਿਚ ਕੇਅਰ ਹੈਲਥ ਇੰਸ਼ੋਰੈਂਸ ਵਿਚ ਪੋਰਟ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ 2019 ਵਿਚ ਉਨ੍ਹਾਂ ਦੀ ਪਤਨੀ ਨੂੰ ਛਾਤੀ ਦੇ ਕੈਂਸਰ ਦੀ ਗੰਭੀਰ ਬੀਮਾਰੀ ਨੇ ਘੇਰ ਲਿਆ। ਇਲਾਜ ਵਿਚ ਲਗਭਗ 9 ਲੱਖ ਖ਼ਰਚਾ ਆਇਆ। ਜਦੋਂ ਕਲੇਮ ਬਾਰੇ ਪੁੱਛਿਆ ਗਿਆ ਤਾਂ ਕੰਪਨੀ ਨੇ ਕਿਹਾ, ਪਾਲਿਸੀ ਲੈਂਦੇ ਸਮੇਂ ਪੁਰਾਣੀ ਦਿਲ ਦੀ ਬੀਮਾਰੀ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ, ਇਸ ਲਈ ਕਲੇਮ ਰੱਦ ਕੀਤਾ ਜਾਂਦਾ ਹੈ।
ਹਰਜਿੰਦਰ ਸਿੰਘ ਨੇ ਦਸਿਆ ਕਿ ਉਸ ਨੇ ਅਪਣੀ ਪਤਨੀ, ਪੁੱਤਰ ਤੇ ਧੀ ਦੇ ਨਾਮ ‘ਤੇ ਇਕ ਪਰਵਾਰਕ ਫਲੋਟਰ ਪਾਲਿਸੀ ਲਈ ਸੀ। ਉਸ ਦੀ ਪਤਨੀ ਨੇ ਕੈਂਸਰ ਦੇ ਇਲਾਜ ਲਈ ਸਰਜਰੀ ਅਤੇ ਕੀਮੋਥੈਰੇਪੀ ਕਰਵਾਈ। ਕੰਪਨੀ ਨੂੰ 8.92 ਲੱਖ ਰੁਪਏ ਦਾ ਕਲੇਮ ਭੇਜਿਆ ਗਿਆ। ਜਵਾਬ ਵਿਚ ਕੰਪਨੀ ਨੇ 2016 ਦੀ ਬਜਾਜ ਅਲਾਇਨਜ਼ ਦੀ ਇਕ ਰਿਪੋਰਟ ਦਾ ਹਵਾਲਾ ਦਿਤਾ, ਜਿਸ ਵਿਚ ਦਿਲ ਦੀ ਹਲਕੀ ਸਮੱਸਿਆ ਦਾ ਜ਼ਿਕਰ ਸੀ। ਇਸ ਦੇ ਆਧਾਰ ‘ਤੇ ਕਲੇਮ ਰੱਦ ਕਰ ਦਿਤਾ ਗਿਆ।
ਇਹ ਸ਼ਿਕਾਇਤ ਖਪਤਕਾਰ ਕਮਿਸ਼ਨ ਕੋਲ ਪਹੁੰਚੀ, ਜਿੱਥੇ ਕਮਿਸ਼ਨ ਨੇ ਮੈਡੀਕਲ ਰਿਕਾਰਡਾਂ ਅਤੇ ਰੀਪੋਰਟਾਂ ਦੀ ਜਾਂਚ ਕਰਨ ਤੋਂ ਬਾਅਦ ਪਾਇਆ ਕਿ ਉਸ ਨੂੰ ਕੈਂਸਰ ਤੋਂ ਪਹਿਲਾਂ ਦਿਲ ਦੀ ਹਲਕੀ ਸਮੱਸਿਆ ਸੀ। ਕਮਿਸ਼ਨ ਨੇ ਇਸ ਨੂੰ ‘ਅਨਿਆਂਪੂਰਨ ਕਾਰੋਬਾਰੀ ਤਰੀਕਾ’ ਦਸਿਆ। ਅਦਾਲਤ ਨੇ ਕਿਹਾ ਕਿ 4 ਸਾਲ ਪੈਸੇ ਲੈਣ ਤੋਂ ਬਾਅਦ ਹੁਣ ਕਲੇਮ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਦਾਲਤ ਨੇ ਬੀਮਾ ਕੰਪਨੀ ਨੂੰ 21 ਜੂਨ 2019 ਤੋਂ 6 ਫ਼ੀ ਸਦੀ ਸਾਲਾਨਾ ਵਿਆਜ ਸਮੇਤ 7.5 ਲੱਖ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿਤਾ ਹੈ ਤੇ ਕਿਹਾ ਹੈ ਕਿ ਜੇ ਰਕਮ 30 ਦਿਨਾਂ ਵਿਚ ਅਦਾ ਨਹੀਂ ਕੀਤੀ ਤਾਂ ਵਿਆਜ 9 ਫ਼ੀ ਸਦੀ ਤਕ ਵਧ ਜਾਵੇਗਾ। ਇਸ ਦੇ ਨਾਲ ਹੀ 40 ਹਜ਼ਾਰ ਰੁਪਏ ਮਾਨਸਿਕ ਪੀੜਾ ਅਤੇ ਕੇਸ ਖ਼ਰਚਿਆਂ ਲਈ ਭੁਗਤਾਨ ਕਰਨੇ ਪੈਣਗੇ। ਕਮਿਸ਼ਨ ਨੇ ਮੰਨਿਆ ਕਿ ਕੰਪਨੀ ਨੇ ਬਿਨਾਂ ਕਿਸੇ ਠੋਸ ਡਾਕਟਰੀ ਸਬੂਤ ਦੇ ਸਿਰਫ਼ ਇਕ ਪੁਰਾਣੇ ਸੰਖੇਪ ਦੇ ਆਧਾਰ ‘ਤੇ ਦਾਅਵੇ ਨੂੰ ਰੱਦ ਕਰ ਦਿਤਾ ਅਤੇ ਇਸ ਤੋਂ ਇਲਾਵਾ ਬਿਨਾਂ ਕਿਸੇ ਕਾਰਨ ਦੇ ਪਾਲਿਸੀ ਰੱਦ ਕਰ ਦਿਤੀ। ਕਮਿਸ਼ਨ ਨੇ ਇਸ ਪੂਰੀ ਕਾਰਵਾਈ ਨੂੰ ਗਾਹਕ ਨਾਲ ਧੋਖਾਧੜੀ ਅਤੇ ਸੇਵਾ ਵਿਚ ਕਮੀ ਦਸਿਆ।

Leave a Reply

Your email address will not be published. Required fields are marked *