ਨੰਗਲ ਅਤੇ ਭਾਖੜਾ ਡੈਮ ਦੀ ਸੁਰੱਖਿਆ ਲਈ CISF ਟੀਮਾਂ ਦੀ ਆਮਦ ਸ਼ੁਰੂ !


ਨੰਗਲ, 29 ਅਗਸਤ (ਨਿਊਜ਼ ਟਾਊਨ ਨੈਟਵਰਕ):
ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਤੇ ਤੈਨਾਤੀ ਲਈ ਸੀ.ਆਈ.ਐਸ.ਐਫ਼. ਦੀਆਂ ਟੀਮਾਂ ਨੰਗਲ ਵਿਖੇ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਸੀ.ਆਈ.ਐਸ.ਐਫ਼. ਅਧਿਕਾਰਤ ਤੌਰ ਤੇ 31 ਅਗਸਤ ਤੋਂ ਭਾਖੜਾ ਡੈਮ ਦੀ ਸੁਰੱਖਿਆ ਵਿਚ ਜੁੱਟ ਜਾਵੇਗੀ। ਫਿਲਹਾਲ ਸੀ.ਆਈ.ਐਸ.ਐਫ਼. ਦੇ ਜਵਾਨਾਂ ਦੇ ਠਹਿਰਾਅ ਲਈ ਬੀ.ਬੀ.ਐਮ.ਬੀ ਦੇ ਕਮਿਊਨਿਟੀ ਸੈਂਟਰ ਅਤੇ ਕੁਝ ਕੁਆਟਰਾਂ ਨੂੰ ਮੁਰੰਮਤ ਪਿੱਛੋਂ ਤਿਆਰ ਕੀਤਾ ਗਿਆ ਹੈ ਤੇ ਕੱਲ ਪੁੱਜੀਆਂ ਟੀਮਾਂ ਨੂੰ ਕਮਿਊਨਿਟੀ ਸੈਂਟਰ ਵਿਖੇ ਠਹਿਰਾਇਆ ਗਿਆ। ਅੱਜ, 200 ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਜਵਾਨਾਂ ਦੀ ਇਕ ਟੁਕੜੀ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੇ ਨੰਗਲ ਟਾਊਨਸ਼ਿਪ ਵਿਚ ਪਹੁੰਚਣੀ ਸ਼ੁਰੂ ਹੋ ਗਈ। ਇਹ ਜਵਾਨ 31 ਅਗਸਤ ਤੋਂ ਭਾਖੜਾ ਡੈਮ ਵਿਚ ਅਧਿਕਾਰਤ ਤੌਰ ‘ਤੇ ਤਾਇਨਾਤ ਕੀਤੇ ਜਾਣਗੇ। ਇਸ ਕਦਮ ਨੂੰ ਭਾਖੜਾ ਡੈਮ ਵਰਗੇ ਮਹੱਤਵਪੂਰਨ ਪਣ-ਬਿਜਲੀ ਅਤੇ ਸਿੰਚਾਈ ਪ੍ਰੋਜੈਕਟ ਦੀ ਸੁਰੱਖਿਆ ਵਿਚ ਇਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਇਸ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਹੁਣ ਤਕ 10 ਤੋਂ 15 CISF ਕਰਮਚਾਰੀ ਨੰਗਲ ਪਹੁੰਚ ਚੁੱਕੇ ਹਨ ਅਤੇ ਬਾਕੀ ਕਰਮਚਾਰੀਆਂ ਦੇ ਸ਼ਾਮ ਤਕ ਪਹੁੰਚਣ ਦੀ ਉਮੀਦ ਹੈ। ਗੌਰਤਲਬ ਹੈ ਕਿ ਇਹਨਾਂ ਦੋਨਾਂ ਡੈਮਾਂ ਦੀ ਸੁਰੱਖਿਆ ਤੇ ਸੀ.ਆਈ.ਐਸ.ਐਫ਼. ਦੀ ਤੈਨਾਤੀ ਨੂੰ ਲੈ ਕੇ ਪੰਜਾਬ ਦੀਆਂ ਮੁੱਖ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਲੋਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀ ਜੰਮ ਕੇ ਨਿੰਦਾ ਕੀਤੀ ਗਈ ਤੇ ਉਥੇ ਹੀ ਸੂਬਾ ਸਰਕਾਰ ਨੂੰ ਵੀ ਘੇਰਿਆ ਗਿਆ ਹੈ। ਦੂਜੇ ਪਾਸੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਸੀ.ਆਈ.ਐਸ.ਐਫ਼. ਦੇ ਰਾਸਤੇ ਬੀਬੀਐਮਬੀ ਅਤੇ ਡੈਮਾਂ ਤੇ ਕਾਬਜ਼ ਹੋਣਾ ਚਾਹੁੰਦਾ ਹੈ ਇਸ ਲਈ ਇਹ ਸਾਰੀ ਕਾਰਵਾਈ ਕੇਂਦਰ ਵੱਲੋਂ ਜਾਣ ਬੁਝ ਕੇ ਬਦਲਾਖੋਰੂ ਨੀਤੀ ਦੇ ਤਹਿਤ ਕੀਤੀ ਗਈ ਹੈ।