ਚੰਦਰਾ ਬਰਾੜ ਨੇ ਕੀਤਾ ਆਪਣੀ ਨਵੀਂ ਈਪੀ ਦਾ ਐਲਾਨ, ਜਲਦ ਹੋਏਗੀ ਰਿਲੀਜ਼ !


ਚੰਡੀਗੜ੍ਹ: 14 ਜੂਨ 2025 (ਨਿਊਜ਼ ਟਾਊਨ ਨੈਟਵਰਕ):
ਪੰਜਾਬੀ ਸੰਗੀਤ ਦੇ ਖੇਤਰ ਵਿੱਚ ਸ਼ਾਨਦਾਰ ਮੁਕਾਮ ਅਤੇ ਵਿਲੱਖਣ ਪਹਿਚਾਣ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਨੌਜਵਾਨ ਅਤੇ ਚਰਚਿਤ ਗਾਇਕ ਚੰਦਰਾ ਬਰਾੜ, ਜੋ ਆਪਣਾ ਇੱਕ ਵਿਸ਼ੇਸ਼ ਈਪੀ ‘Sad Hour’ ਲੈ ਕੇ ਸੰਗੀਤ ਪ੍ਰੇਮੀਆਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਅਪਣੇ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
‘ਚੰਦਰਾ ਬਰਾੜ’ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਈਪੀ ਦੇ ਪਹਿਲੇ ਸਦਾ ਬਹਾਰ ਟ੍ਰੈਕ ਤੁਰਦੇ ਸੱਜਣ ਮੁੜਦੇ ਨਾਂਅ ਦੀ ਝਲਕ ਵੀ ਜਾਰੀ ਕਰ ਦਿੱਤੀ ਗਈ ਹੈ, ਜਿਸ ਸੰਬੰਧਤ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਇਸ ਹੋਣਹਾਰ ਗਾਇਕ, ਕੰਪੋਜ਼ਰ ਅਤੇ ਗੀਤਕਾਰ ਨੇ ਦੱਸਿਆ ਕਿ ਸੱਜਣ ਸ਼ਖਸ਼ੀਅਤਾਂ ਅਤੇ ਪ੍ਰਸ਼ੰਸਕਾਂ ਦੇ ਬਹੁਤ ਸੁਨੇਹੇ ਆ ਰਹੇ ਸਨ ਕਿ ਇਕਦਮ ਕਿੱਧਰ ਗਾਇਬ ਹੋ ਗਿਆ ਹਾਂ, ਪਰ ਇਹ ਥੋੜਾ ਪਾਸੇ ਹੋਣ ਦਾ ਮੁੱਖ ਕਾਰਨ ਉਕਤ ਈਪੀ ਦੀਆਂ ਤਿਆਰੀਆਂ ਵਿੱਚ ਰੁਝੇ ਹੋਣਾ ਹੀ ਮੁੱਖ ਸੀ, ਜਿਸ ਨੂੰ ਅਪਣੇ ਇੱਕ ਡ੍ਰੀਮ ਪ੍ਰੋਜੈਕਟ ਵਜੋਂ ਸਾਹਮਣੇ ਲਿਆ ਰਿਹਾ ਹਾਂ।
ਸੰਗੀਤਕ ਗਲਿਆਰਿਆਂ ਵਿੱਚ ਚਰਚਿਤ ਬਣ ਉਭਰ ਰਹੇ ਇਸ ਬਾਕਮਾਲ ਗਾਇਕ ਨੇ ਅੱਗੇ ਦੱਸਿਆ ਕਿ ਉਦਾਸ ਗੀਤਾਂ ਦਾ ਈਪੀ ਬਹੁਤ ਸਮੇਂ ਤੋਂ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਲਈ ਖਾਹਿਸ਼ਮੰਦ ਸਨ, ਜਿਸ ਨੂੰ ਆਖ਼ਿਰਕਾਰ ਬੇਹੱਦ ਮਿਹਨਤ ਬਾਅਦ ਵਜ਼ੂਦ ਵਿੱਚ ਲਿਆਂਦਾ ਗਿਆ ਹੈ, ਜਿਸ ਦਾ ਇੱਕ ਇੱਕ ਗੀਤ ਸਭਨਾਂ ਨੂੰ ਪਸੰਦ ਆਵੇਗਾ।

ਉਨ੍ਹਾਂ ਦੱਸਿਆ ਕਿ ਸਦਾ ਬਹਾਰ ਰੰਗਾਂ ਵਿੱਚ ਰੰਗੇ ਇਸ ਈਪੀ ਦਾ ਖਾਸ ਪੱਖ ਇਹ ਹੋਵੇਗਾ ਕਿ ਇਸ ਦੇ ਗੀਤਾਂ ਵਿੱਚ ਉਨ੍ਹਾਂ ਅਜ਼ੀਮ ਪੰਜਾਬੀ ਫਨਕਾਰਾਂ ਨਾਲ ਵੀ ਕਲੋਬ੍ਰੇਸ਼ਨ ਕਰਨ ਦਾ ਉਪਰਾਲਾ ਕੀਤਾ ਗਿਆ ਹੈ, ਜਿੰਨ੍ਹਾਂ ਨੂੰ ਸੁਣ ਸੁਣ ਲਿਖਣ ਅਤੇ ਗਾਉਣ ਦਾ ਇਹ ਸਿਲਸਿਲਾ ਸ਼ੁਰੂ ਕੀਤਾ।
ਉਕਤ ਸੰਬੰਧੀ ਹੀ ਮਿਲੀ ਹੋਰ ਜਾਣਕਾਰੀ ਅਨੁਸਾਰ ਮਿਆਰੀ ਗਾਇਕੀ ਅਤੇ ਗੀਤਕਾਰੀ ਦਾ ਅਹਿਸਾਸ ਕਰਵਾਉਂਦੇ ਇਸ ਈਪੀ ਨਾਲ ਸੰਬੰਧਤ ਗਾਣਿਆਂ ਦੇ ਮਿਊਜ਼ਿਕ ਵੀਡੀਓਜ਼ ਨੂੰ ਵੀ ਬੇਹੱਦ ਸ਼ਾਨਦਾਰ ਬਣਾਇਆ ਜਾ ਰਿਹਾ ਹੈ, ਜਿੰਨ੍ਹਾਂ ਨੂੰ ਪੜਾਅ ਦਰ ਪੜਾਅ ਰਿਲੀਜ਼ ਕੀਤਾ ਜਾਵੇਗਾ।