ਖ਼ਤਰੇ ਦੇ ਨਿਸ਼ਾਨ ‘ਤੇ ‘ਚੰਡੀਗੜ੍ਹ ਦੀ ਲਾਈਫਲਾਈਨ’, ਲਗਾਤਾਰ ਪੈ ਰਹੇ ਮੀਂਹ ਕਾਰਨ ਸੁਖਨਾ ਦੇ ਫਲੱਡ ਗੇਟ ਖੋਲ੍ਹੇ

0
Screenshot 2025-08-06 142305

ਚੰਡੀਗੜ੍ਹ, 06 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :

ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਚੰਡੀਗੜ੍ਹ ਦੀ ਲਾਈਫਲਾਈਨ ਮੰਨੀ ਜਾਣ ਵਾਲੀ ਸੁਖਨਾ ਝੀਲ ਦੇ ਪਾਣੀ ਦਾ ਪੱਧਰ 1162 ਫੁੱਟ ਤੋਂ ਉੱਪਰ ਪਹੁੰਚ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਨੇੜੇ ਹੈ। ਇਸੇ ਕਾਰਨ ਫਲੱਡ ਗੇਟ ਖੋਲ੍ਹ ਕੇ ਸੁਖਨਾ ਚੋਅ ‘ਚ ਪਾਣੀ ਛੱਡਿਆ ਜਾ ਰਿਹਾ ਹੈ। ਪੰਚਕੂਲਾ ਤੇ ਮੋਹਾਲੀ ਪ੍ਰਸ਼ਾਸਨ ਨੂੰ ਵੀ ਅਲਰਟ ਭੇਜਿਆ ਗਿਆ ਹੈ। ਸੁਖਨਾ ਚੋਅ ਤੋਂ ਕਈ ਵਾਰੀ ਇਨ੍ਹਾਂ ਸ਼ਹਿਰਾਂ ਦੇ ਕੁਝ ਖੇਤਰਾਂ ‘ਚ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ। ਇਸ ਲਈ ਆਬਾਦੀ ਵਾਲੇ ਖੇਤਰਾਂ ਨੂੰ ਸੁਖਨਾ ਚੋਅ ਤੋਂ ਦੂਰੀ ਬਣਾਈ ਰੱਖਣ ਦੇ ਹੁਕਮ ਦਿੱਤੇ ਗਏ ਹਨ।

ਚੰਡੀਗੜ੍ਹ ‘ਚ ਵੀ ਸੁਖਨਾ ਚੋਅ ਦੇ ਕਿਸ਼ਨਗੜ੍ਹ, ਬਾਪੂਧਾਮ ਤੇ ਇੰਡਸਟਰੀਅਲ ਏਰੀਆ ਪੁਲ ‘ਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ। ਹਾਲਾਂਕਿ ਪਾਣੀ ਓਨਾ ਹੀ ਛੱਡਿਆ ਜਾ ਰਿਹਾ ਹੈ ਜਿੰਨਾ ਕਿ ਪੁਲ ਦੇ ਉੱਪਰੋਂ ਨਾ ਵਹੇ। ਪਹਿਲਾਂ ਇਕੱਠਾ ਪਾਣੀ ਛੱਡਣ ਨਾਲ ਪਾਣੀ ਪੁਲ ਉੱਪਰੋਂ ਵਹਿ ਜਾਂਦਾ ਸੀ, ਜਿਸ ਨਾਲ ਟ੍ਰੈਫਿਕ ਨੂੰ ਰੋਕਣਾ ਪੈਂਦਾ ਸੀ।

ਸੀਸੀਟੀਵੀ ਕੈਮਰੇ ਨਾਲ 24 ਘੰਟੇ ਨਿਗਰਾਨੀ

ਵਧ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਦੀ ਟੀਮ ਸੀਸੀਟੀਵੀ ਕੈਮਰੇ ਰਾਹੀਂ 24 ਘੰਟੇ ਝੀਲ ਦੀ ਨਿਗਰਾਨੀ ਕਰ ਰਹੀ ਹੈ। ਪਹਿਲਾਂ ਬਰਸਾਤ ਤੋਂ ਬਾਅਦ ਮੰਗਲਵਾਰ ਰਾਤ ਫਲੱਡ ਗੇਟ ਖੋਲ੍ਹਣ ਦੀ ਸੰਭਾਵਨਾ ਬਣ ਰਹੀ ਸੀ, ਪਰ ਬਰਸਾਤ ਦਾ ਅਸਰ ਘਟਣ ‘ਤੇ ਇਸਨੂੰ ਬੁੱਧਵਾਰ ਲਈ ਟਾਲ ਦਿੱਤਾ ਗਿਆ ਸੀ।

ਇਨ੍ਹਾਂ ਇਲਾਕਿਆਂ ‘ਚ ਖ਼ਤਰਾ

ਸੁਖਨਾ ਚੋਅ ਰਾਹੀਂ ਝੀਲ ਦਾ ਪਾਣੀ ਘੱਗਰ ਤਕ ਪਹੁੰਚਦਾ ਹੈ। ਸੁਖਨਾ ਚੋਅ ਚੰਡੀਗੜ੍ਹ ਇੰਡਸਟਰੀਅਲ ਏਰੀਆ ਤੋਂ ਹੋ ਕੇ ਬਲਟਾਨਾ ਰਸਤੇ ਘੱਗਰ ਤਕ ਪਹੁੰਚਦਾ ਹੈ। ਚੋਅ ਦੇ ਰਸਤੇ ‘ਚ ਬਾਪੂ ਧਾਮ, ਇੰਡਸਟਰੀਅਲ ਏਰੀਆ ਦੀਆਂ ਕਾਲੋਨੀਆਂ ਸਮੇਤ ਕਈ ਰਿਹਾਇਸ਼ੀ ਖੇਤਰ ਹਨ। ਪਹਿਲਾਂ ਕਈ ਵਾਰੀ ਬਲਟਾਨਾ ਖੇਤਰ ‘ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਚੁੱਕੇ ਹਨ। ਇਕ ਵਾਰੀ ਤਾਂ ਬਲਟਾਨਾ ਪੁਲਿਸ ਚੌਕੀ ਤਕ ਹੜ੍ਹ ਦੇ ਪਾਣੀ ਨਾਲ ਜਲਮਗਨ ਹੋ ਗਈ ਸੀ।

ਹੁਣ ਤੱਕ 505.3 ਮਿਲੀਮੀਟਰ ਬਰਸਾਤ

ਮੌਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਹੁਣ ਚੰਡੀਗੜ੍ਹ ‘ਚ 505.3 ਮਿਲੀਮੀਟਰ ਬਰਸਾਤ ਹੋ ਚੁੱਕੀ ਹੈ। ਇਹ ਔਸਤ ਤੋਂ ਵੱਧ ਹੈ। ਸੁਖਨਾ ਝੀਲ ਦਾ ਪਾਣੀ ਦਾ ਲੈਵਲ ਅਪ੍ਰੈਲ-ਮਈ ‘ਚ ਘਟ ਕੇ 1153 ਫੁੱਟ ਤੱਕ ਪਹੁੰਚ ਗਿਆ ਸੀ, ਜੋ ਹੁਣ ਵਧ ਕੇ 1162 ਫੁੱਟ ਨੂੰ ਪਾਰ ਕਰ ਚੁੱਕਾ ਹੈ।

1163 ਫੁੱਟ ‘ਤੇ ਖੋਲ੍ਹੇ ਜਾਂਦੇ ਰਹੇ ਹਨ ਫਲੱਡ ਗੇਟ

1163 ਫੁੱਟ ਸਭ ਤੋਂ ਉੱਚਾ ਕਿਨਾਰਾ ਹੈ। ਪਹਿਲਾਂ ਫਲੱਡ ਗੇਟ 1163 ਫੁੱਟ ‘ਤੇ ਖੋਲ੍ਹੇ ਜਾਂਦੇ ਰਹੇ ਹਨ, ਪਰ ਇਸ ਵਾਰੀ ਇਨ੍ਹਾਂ ਨੂੰ 1162 ਫੁੱਟ ‘ਤੇ ਹੀ ਖੋਲਿਆ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਉੱਪਰ ਤਕ ਭਰਨ ‘ਤੇ ਜ਼ਿਆਦਾ ਪਾਣੀ ਇਕੱਠੇ ਛੱਡਣ ਨਾਲ ਅੱਗੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ। ਇਸ ਲਈ ਪਹਿਲਾਂ ਹੀ ਸਾਵਧਾਨੀ ਬਰਤਦਿਆਂ ਪਾਣੀ ਛੱਡਿਆ ਜਾ ਰਿਹਾ ਹੈ।

ਪਾਣੀ ਦਾ ਫਲੋਅ ਲਗਾਤਾਰ ਜਾਰੀ

ਸੁਖਨਾ ਝੀਲ ‘ਚ ਪਾਣੀ ਦਾ ਮੁੱਖ ਸਰੋਤ ਬਰਸਾਤ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਬਰਸਾਤ ਜ਼ਿਆਦਾ ਹੋ ਰਹੀ ਹੈ। ਪਾਣੀ ਦਾ ਫਲੋ ਲਗਾਤਾਰ ਜਾਰੀ ਹੈ। ਸੁਖਨਾ ਝੀਲ ‘ਚ ਕੈਚਮੈਂਟ ਏਰੀਆ ਤੋਂ ਬਰਸਾਤ ਦਾ ਪਾਣੀ ਪਹੁੰਚਦਾ ਹੈ। ਇਸ ਪਾਣੀ ਨਾਲ ਜੰਗਲ ਦੀ ਮਿੱਟੀ ਤੇ ਕੂੜਾ ਦਰਖ਼ਤਾਂ ਦੇ ਅਵਸ਼ੇਸ਼ ਵੀ ਪਹੁੰਚਦੇ ਹਨ।

ਝੀਲ ‘ਚ ਪਾਣੀ ਸਟੋਰ ਦੀ ਸਮਰੱਥਾ ਹੋ ਰਹੀ ਘੱਟ

ਪਾਣੀ ਦੇ ਵਹਾਅ ਨਾਲ ਆਈ ਮਿੱਟੀ ਲਗਾਤਾਰ ਝੀਲ ਦੇ ਤਲ ‘ਚ ਜਮ੍ਹਾ ਹੁੰਦੀ ਰਹਿੰਦੀ ਹੈ। ਇਸ ਗਾਦ ਕਾਰਨ ਝੀਲ ‘ਚ ਪਾਣੀ ਦੀ ਭੰਡਾਰਨ ਸਮਰੱਥਾ ਘੱਟ ਹੋ ਰਹੀ ਹੈ। ਗਾਦ ਕਾਰਨ ਹੀ ਝੀਲ ਜਲਦੀ ਭਰ ਜਾਂਦੀ ਹੈ, ਜਿਸ ਨਾਲ ਹੁਣ ਹਰ ਸਾਲ ਫਲੱਡ ਗੇਟ ਖੋਲ੍ਹਣੇ ਪੈਂਦੇ ਹਨ। ਪਹਿਲਾਂ ਕਈ ਸਾਲਾਂ ਦੇ ਅੰਤਰਾਲ ‘ਚ ਐਸੀ ਨੌਬਤ ਆਉਂਦੀ ਸੀ।

Leave a Reply

Your email address will not be published. Required fields are marked *