ਕਮਲ ਕੌਰ ਭਾਬੀ ਕਤਲ ਮਾਮਲੇ ਵਿਚ ਚਲਾਨ ਪੇਸ਼


(ਨਿਊਜ਼ ਟਾਊਨ ਨੈਟਵਰਕ)
ਬਠਿੰਡਾ, 16 ਸਤੰਬਰ : ਮੀਡੀਆ ਉਪਰ ਸਰਗਰਮ ਰਹੀ ਕੰਚਨ ਕੁਮਾਰੀ ਉਰਫ਼ ‘ਕਮਲ ਕੌਰ ਭਾਬੀ’ ਦੇ ਕਤਲ ਮਾਮਲੇ ‘ਚ ਬਠਿੰਡਾ ਪੁਲਿਸ ਨੇ ਕੱਲ ਬਠਿੰਡਾ ਅਦਾਲਤ ‘ਚ ਚਲਾਨ ਪੇਸ਼ ਕਰ ਦਿਤਾ। ਬਠਿੰਡਾ ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਖਿਲਾਫ਼ ਚਲਾਨ ਪੇਸ਼ ਕੀਤਾ ਹੈ। ਇਸ ਮਾਮਲੇ ਵਿਚ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮਹਿਰੋ, ਰਣਜੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। ਜਾਣਕਾਰੀ ਅਨੁਸਾਰ ਬਠਿੰਡਾ ਅਦਾਲਤ ‘ਚ ਪੁਲਿਸ ਨੇ 122 ਪੰਨਿਆ ਦੀ ਚਾਰਜਸ਼ੀਟ ਪੇਸ਼ ਕੀਤੀ ਹੈ। ਪੁਲਿਸ ਨੇ ਕਤਲ ਮਾਮਲੇ ‘ਚ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਕਤਲ ਦਾ ਮੁੱਖ ਆਰੋਪੀ ਅੰਮ੍ਰਿਤਪਾਲ ਮਹਿਰੋ ਅਜੇ ਵੀ ਫਰਾਰ ਹੈ, ਜੋ ਅੰਮ੍ਰਿਤਸਰ ਤੋਂ UAE ਭੱਜ ਗਿਆ ਸੀ। ਪੁਲਿਸ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਵਿਦੇਸ਼ ਪਹੁੰਚਿਆ ਸੀ। ਮਾਮਲੇ ‘ਚ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਭਜਾਉਣ ਵਾਲੇ ਰਣਜੀਤ ਸਿੰਘ ਅਤੇ ਅਤੇ ਇੱਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। 10 ਜੂਨ ਨੂੰ ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ ਉਰਫ਼ ʻਕਮਲ ਕੌਰ ਭਾਬੀʼ ਦੀ ਲਾਸ਼ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਕਾਰ ਵਿੱਚੋਂ ਮਿਲੀ ਸੀ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਕਤਲ ਕੇਸ ਵਿੱਚ ਦੋ ਵਿਅਕਤੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਮਿਲ ਕੇ ਪਹਿਲਾਂ ਤੋਂ ਯੋਜਨਾ ਅਨੁਸਾਰ ਕਮਲ ਕੌਰ ਭਾਬੀ ਦਾ ਕਤਲ ਕੀਤਾ ਸੀ। ਇਨ੍ਹਾਂ ਲੋਕਾਂ ਨੇ ਲਾਸ਼ ਨੂੰ ਕਾਰ ਵਿੱਚ ਪਾ ਦਿੱਤਾ ਸੀ। ਕਾਰ ਨੂੰ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹਾ ਕਰਕੇ ਭੱਜ ਗਏ ਸਨ।
