ਸੀਬੀਐਸਈ ਦਾ ਵੱਡਾ ਫੈਸਲਾ, ਅਗਲੇ ਸਾਲ ਤੋਂ 2 ਵਾਰ ਹੋਵੇਗੀ 10ਵੀਂ ਬੋਰਡ ਦੀ ਪ੍ਰੀਖਿਆ

ਪਹਿਲੀ ਵਾਰ ਫਰਵਰੀ ‘ਚ ਅਤੇ ਦੂਜੀ ਵਾਰ ਮਈ ‘ਚ

(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 25 ਜੂਨ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਸਾਲ ਵਿਚ 2 ਵਾਰ 10ਵੀਂ ਬੋਰਡ ਦੀ ਪ੍ਰੀਖਿਆ ਕਰਵਾਉਣ ਦੇ ਨਿਯਮਾਂ ਨੂੰ ਮਨਜ਼ੂਰੀ ਦੇ ਦਿਤੀ ਹੈ। ਸਾਲ 2026 ਤੋਂ ਸੀਬੀਐਸਈ ਦੁਆਰਾ 10ਵੀਂ ਬੋਰਡ ਦੀਆਂ ਪ੍ਰੀਖਿਆਵਾਂ (ਸੀਬੀਐਸਈ 10ਵੀਂ ਬੋਰਡ ਪ੍ਰੀਖਿਆ) ਸਾਲ ਵਿਚ ਦੋ ਵਾਰ ਕਰਵਾਈਆਂ ਜਾਣਗੀਆਂ। ਸੀ
ਬੀਐਸਈ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਸੀਬੀਐਸਈ ਨੇ ਦੋ ਵਾਰ ਪ੍ਰੀਖਿਆਵਾਂ ਕਰਵਾਉਣ ਦੇ ਮਾਡਲ ਨੂੰ ਮਨਜ਼ੂਰੀ ਦੇ ਦਿਤੀ ਹੈ। ਸਾਲ ਦੀ ਪਹਿਲੀ ਪ੍ਰੀਖਿਆ ਫਰਵਰੀ ਵਿਚ ਅਤੇ ਦੂਜੀ ਪ੍ਰੀਖਿਆ ਮਈ ਵਿਚ ਹੋਵੇਗੀ। ਇਸ ਦੇ ਨਾਲ ਹੀ ਫਰਵਰੀ ਵਿਚ ਹੋਣ ਵਾਲੀ ਪ੍ਰੀਖਿਆ ਦੇ ਨਤੀਜੇ ਅਪ੍ਰੈਲ ਵਿਚ ਜਾਰੀ ਕੀਤੇ ਜਾਣਗੇ ਅਤੇ ਮਈ ਵਿਚ ਹੋਣ ਵਾਲੀ ਪ੍ਰੀਖਿਆ ਦੇ ਨਤੀਜੇ ਜੂਨ ਵਿਚ ਜਾਰੀ ਕੀਤੇ ਜਾਣਗੇ।
ਦੱਸਣਯੋਗ ਹੈ ਕਿ 10ਵੀਂ ਬੋਰਡ ਪ੍ਰੀਖਿਆ ਦੇ ਵਿਦਿਆਰਥੀਆਂ ਲਈ ਪਹਿਲੀ ਪ੍ਰੀਖਿਆ ਵਿਚ ਸ਼ਾਮਲ ਹੋਣਾ ਲਾਜ਼ਮੀ ਹੋਵੇਗਾ ਜਦਕਿ ਦੂਜੀ ਵਾਰ ਬੋਰਡ ਪ੍ਰੀਖਿਆ ਵਿਚ ਆਪਣੀ ਮਰਜ਼ੀ ਨਾਲ ਹਿੱਸਾ ਲੈ ਸਕਦੇ ਹਨ। ਵਿਦਿਆਰਥੀ ਆਪਣੇ ਅੰਕ ਸੁਧਾਰਨ ਲਈ ਦੂਜੀ ਵਾਰ ਪ੍ਰੀਖਿਆ ਵਿਚ ਭਾਗ ਲੈ ਸਕਦੇ ਹਨ। ਨਵੇਂ ਨਿਯਮਾਂ ਅਨੁਸਾਰ ਅੰਦਰੂਨੀ ਮੁਲਾਂਕਣ ਸਾਲ ਵਿਚ ਸਿਰਫ ਇਕ ਵਾਰ ਹੀ ਕੀਤਾ ਜਾਵੇਗਾ।
ਸੀਬੀਐਸਈ ਦੁਆਰਾ ਫਰਵਰੀ ਵਿਚ ਤਿਆਰ ਕੀਤੇ ਗਏ ਡਰਾਫਟ ਵਿਚ ਕਿਹਾ ਗਿਆ ਸੀ ਕਿ ਸੀਬੀਐਸਈ 10ਵੀਂ ਬੋਰਡ ਪ੍ਰੀਖਿਆ ਦਾ ਪਹਿਲਾ ਪੜਾਅ 17 ਫਰਵਰੀ ਤੋਂ 6 ਮਾਰਚ ਦੇ ਵਿਚਕਾਰ ਹੋ ਸਕਦਾ ਹੈ ਅਤੇ ਦੂਜੇ ਪੜਾਅ ਦੀਆਂ ਪ੍ਰੀਖਿਆਵਾਂ 5 ਤੋਂ 20 ਮਈ ਤੱਕ ਹੋਣਗੀਆਂ।
ਨਵੇਂ ਨਿਯਮਾਂ ਮੁਤਾਬਕ ਪਹਿਲੇ ਅਤੇ ਦੂਜੇ ਪੜਾਅ ਦੀਆਂ ਪ੍ਰੀਖਿਆਵਾਂ ਵਿਚ ਸਿਲੇਬਸ ਇਕੋ ਜਿਹਾ ਹੋਵੇਗਾ ਅਤੇ ਪੂਰਾ ਸਿਲੇਬਸ ਸ਼ਾਮਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੋ ਵਿਦਿਆਰਥੀ ਦੋਵੇਂ ਪ੍ਰੀਖਿਆਵਾਂ ਵਿਚ ਬੈਠਣਗੇ, ਉਨ੍ਹਾਂ ਦੇ ਪ੍ਰੀਖਿਆ ਕੇਂਦਰ ਇਕੋ ਹੋਣਗੇ। ਇਸ ਦੇ ਨਾਲ ਹੀ ਦੋਵਾਂ ਪ੍ਰੀਖਿਆਵਾਂ ਦੀ ਫੀਸ ਰਜਿਸਟ੍ਰੇਸ਼ਨ ਦੇ ਸਮੇਂ ਜਮ੍ਹਾਂ ਕਰਵਾਉਣੀ ਹੋਵੇਗੀ।
ਜ਼ਿਕਰਯੋਗ ਹੈ ਕਿ ਸੀਬੀਐਸਈ ਦੂਜੀ ਪ੍ਰੀਖਿਆ ਰਾਹੀਂ ਉਨ੍ਹਾਂ ਵਿਦਿਆਰਥੀਆਂ ਨੂੰ ਮੌਕਾ ਦੇਣਾ ਚਾਹੁੰਦਾ ਹੈ ਜੋ ਇਕ ਵਾਰ ਪ੍ਰੀਖਿਆ ਤੋਂ ਬਾਅਦ ਆਪਣੇ ਨਤੀਜੇ ਸੁਧਾਰਨਾ ਚਾਹੁੰਦੇ ਹਨ। ਜੇਕਰ ਕੋਈ ਵਿਦਿਆਰਥੀ ਸਾਲ ਦੀਆਂ ਦੋਵੇਂ ਪ੍ਰੀਖਿਆਵਾਂ ਵਿਚ ਬੈਠਦਾ ਹੈ ਤਾਂ ਉਹ ਅੰਕ ਜੋ ਵੱਧ ਕੇ ਆਏ ਹਨ, ਉਨ੍ਹਾਂ ਨੂੰ ਅੰਤਿਮ ਮੰਨਿਆ ਜਾਵੇਗਾ। ਜੇਕਰ ਕੋਈ ਪਹਿਲੀ ਪ੍ਰੀਖਿਆ ਵਿਚ ਜ਼ਿਆਦਾ ਅੰਕ ਪ੍ਰਾਪਤ ਕਰਦਾ ਹੈ ਅਤੇ ਦੂਜੀ ਪ੍ਰੀਖਿਆ ਵਿਚ ਘੱਟ ਅੰਕ ਪ੍ਰਾਪਤ ਕਰਦਾ ਹੈ ਤਾਂ ਉਸਦੇ ਪਹਿਲੇ ਪੜਾਅ ਦੀ ਪ੍ਰੀਖਿਆ ਦੇ ਅੰਕਾਂ ਨੂੰ ਅੰਤਿਮ ਮੰਨਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਵਿਦਿਆਰਥੀਆਂ ਨੂੰ ਤਿੰਨ ਵਿਸ਼ਿਆਂ ਵਿਚ ਆਪਣਾ ਪ੍ਰਦਰਸ਼ਨ ਸੁਧਾਰਨ ਦੀ ਇਜਾਜ਼ਤ ਹੋਵੇਗੀ। ਜੇਕਰ ਕੋਈ ਵਿਦਿਆਰਥੀ ਪਹਿਲੀ ਪ੍ਰੀਖਿਆ ਵਿਚ 3 ਜਾਂ 3 ਤੋਂ ਵੱਧ ਵਿਸ਼ਿਆਂ ਵਿਚ ਨਹੀਂ ਬੈਠਿਆ ਹੈ ਤਾਂ ਉਸਨੂੰ ਦੂਜੀ ਪ੍ਰੀਖਿਆ ਵਿਚ ਬੈਠਣ ਦਾ ਮੌਕਾ ਨਹੀਂ ਮਿਲੇਗਾ।