CBSE ਨੇ ਆਂਸਰ ਸ਼ੀਟਸ ਨੂੰ ਲੈ ਕੇ ਬਣਾਇਆ ਨਵਾਂ ਨਿਯਮ, ਹੋਣਗੇ ਕਈ ਲਾਭ!


ਨਵੀਂ ਦਿੱਲੀ, 16 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਕੇਂਦਰੀ ਮਾਧਿਮਕ ਸਿੱਖਿਆ ਬੋਰਡ (CBSE) ਨੇ ਬੋਰਡ ਪ੍ਰੀਖਿਆਵਾਂ ਦੀਆਂ ਆਂਸਰ ਸ਼ੀਟਸ ਨੂੰ ਸਿਰਫ ਇਕ ਸਾਲ ਤਕ ਰੱਖਣ ਦਾ ਫੈਸਲਾ ਲਿਆ ਹੈ। ਬੋਰਡ ਦੇ ਅਧਿਕਾਰੀਆਂ ਅਨੁਸਾਰ, ਹੁਣ ਕਿਸੇ ਵੀ ਸਾਲਾਨਾ ਪ੍ਰੀਖਿਆਵਾਂ ਦੀਆਂ ਬਚੀਆਂ ਹੋਈਆਂ ਆਂਸਰ ਸ਼ੀਟਸ ਸਿਰਫ ਇਕ ਸਾਲ ਤਕ ਹੀ ਰੱਖੀਆਂ ਜਾਣਗੀਆਂ ਅਤੇ ਨਿਰਧਾਰਤ ਸਮੇਂ ਦੇ ਪੂਰਾ ਹੋਣ ‘ਤੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਇਹ ਵਿਵਸਥਾ ਵਿਦਿਅਕ ਸੈਸ਼ਨ 2025-26 ਦੀਆਂ ਬੋਰਡ ਪ੍ਰੀਖਿਆਵਾਂ ਤੋਂ ਲਾਗੂ ਹੋਵੇਗੀ।
ਸੀਬੀਐਸਈ ਦੀ ਗਵਰਨਿੰਗ ਬਾਡੀ ਨੇ ਇਹ ਫੈਸਲਾ ਉਸ ਸਥਿਤੀ ਨੂੰ ਦੇਖਦਿਆਂ ਲਿਆ ਹੈ ਜਿਸ ਵਿਚ ਹਰ ਸਾਲ ਵੱਡੀ ਗਿਣਤੀ ‘ਚ ਬੇਕਾਰ ਆਂਸਰ ਸ਼ੀਟਸ ਬਰਬਾਦ ਹੁੰਦੀਆਂ ਹਨ। ਬੋਰਡ ਅਨੁਸਾਰ, ਪਿਛਲੇ ਸਾਲ ਹੀ ਆਂਸਰ ਸ਼ੀਟਸ ਦੀ ਪ੍ਰਿੰਟਿੰਗ, ਸਟੋਰੇਜ ਤੇ ਟਰਾਂਸਪੋਰਟ ‘ਤੇ ਲਗਪਗ ਤਿੰਨ ਕਰੋੜ ਰੁਪਏ ਖਰਚ ਕੀਤੇ ਗਏ ਸਨ।
ਇਸ ਖਰਚ ‘ਚ ਉਹ ਕਾਪੀਆਂ ਦੀ ਲਾਗਤ ਵੀ ਸ਼ਾਮਲ ਹੈ ਜੋ ਇਸਤੇਮਾਲ ਨਹੀਂ ਹੋ ਸਕੀਆਂ। ਇਨ੍ਹਾਂ ਬੇਕਾਰ ਕਾਪੀਆਂ ਨੂੰ ਅਗਲੇ ਸਾਲ ਦੁਬਾਰਾ ਵਰਤਣ ਲਈ ਪੰਨੇ ਬਦਲਣ, ਰੀ-ਬਾਈਂਡਿੰਗ ਤੇ ਲੌਜਿਸਟਿਕ ਪ੍ਰਬੰਧਾਂ ‘ਤੇ ਹੋਰ ਖਰਚ ਕਰਨਾ ਪੈਂਦਾ ਹੈ, ਨਾਲ ਹੀ ਇਨ੍ਹਾਂ ਦੇ ਗਵਾਚਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਬੋਰਡ ਅਨੁਸਾਰ, ਹਰ ਆਂਸਰ ਸ਼ੀਟ ‘ਤੇ ਇਕ ਵਿਲੱਖਣ ਨੰਬਰ ਲਿਖਿਆ ਜਾਵੇਗਾ, ਜਿਸ ਨੂੰ ਸਕੈਨਿੰਗ ਰਾਹੀਂ ਦਰਜ ਕੀਤਾ ਜਾਵੇਗਾ। ਇਹ ਨੰਬਰ ਫਲਾਈਂਗ ਸਲਿੱਪ ਨਾਲ ਵੀ ਦਰਜ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਕ ਹੀ ਕਾਪੀ ਦੁਬਾਰਾ ਵਰਤੀ ਨਾ ਜਾਵੇ।
ਪ੍ਰੀਖਿਆ ਕੇਂਦਰਾਂ ‘ਤੇ ਉਪਲਬਧ ਕਰਵਾਈਆਂ ਜਾਣ ਵਾਲੀਆਂ ਕਾਪੀਆਂ ਦਾ ਸਹੀ ਆਡਿਟ ਕੀਤਾ ਜਾਵੇਗਾ, ਜਿਸ ਨਾਲ ਵਾਧੂ ਕਾਪੀਆਂ ਬਚ ਨਾ ਸਕਣ ਤੇ ਗੜਬੜੀ ਦੀ ਸੰਭਾਵਨਾ ਖਤਮ ਹੋ ਜਾਵੇ। ਬੋਰਡ ਨੇ ਇਹ ਵੀ ਸਾਫ ਕੀਤਾ ਹੈ ਕਿ ਖਾਲੀ ਜਾਂ ਬੇਕਾਰ ਸ਼ੀਟਸ ਨੂੰ ਨਸ਼ਟ ਕਰਨ ਤੋਂ ਪਹਿਲਾਂ ਕੈਂਸਲੇਸ਼ਨ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਇਸ ਤੋਂ ਬਾਅਦ, ਇਨ੍ਹਾਂ ਦੀ ਦੁਬਾਰਾ ਵਰਤੋਂ ਸਰਕਾਰੀ ਸਕੂਲਾਂ ‘ਚ ਲੇਖਨ ਸਮੱਗਰੀ ਜਾਂ ਸਟੇਸ਼ਨਰੀ ਦੇ ਰੂਪ ‘ਚ ਕੀਤਾ ਜਾ ਸਕੇਗਾ। ਇਸ ਨਾਲ ਆਰਥਿਕ ਬੋਝ ਘਟੇਗਾ ਤੇ ਵਾਤਾਵਰਨ ਸੁਰੱਖਿਆ ਦੀ ਦਿਸ਼ਾ ‘ਚ ਵੀ ਸਕਾਰਾਤਮਕ ਯੋਗਦਾਨ ਮਿਲੇਗਾ।
ਸੀਬੀਐਸਈ ਦੇ ਅਧਿਕਾਰੀਆਂ ਅਨੁਸਾਰ, ਇਹ ਕਦਮ ਨਾ ਸਿਰਫ ਖਰਚੇ ‘ਚ ਕਮੀ ਲਿਆਉਣ ‘ਚ ਸਹਾਇਕ ਹੋਵੇਗਾ, ਬਲਕਿ ਪ੍ਰੀਖਿਆ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਸੁਰੱਖਿਅਤ, ਪਾਰਦਰਸ਼ੀ ਤੇ ਵਿਵਸਥਿਤ ਬਣਾਏਗਾ। ਹੁਣ ਪ੍ਰੀਖਿਆ ਕੇਂਦਰਾਂ ‘ਤੇ ਉਪਲਬਧ ਹਰ ਕਾਪੀ ਦਾ ਰਿਕਾਰਡ ਹੋਵੇਗਾ ਤੇ ਭਵਿੱਖ ਵਿਚ ਗੁੰਮਸ਼ੁਦਗੀ ਜਾਂ ਦੁਰਵਰਤੋਂ ਦਾ ਖਦਸ਼ਾ ਲਗਪਗ ਖ਼ਤਮ ਹੋ ਜਾਵੇਗਾ।