ਮੁੱਖ ਮੰਤਰੀ ਦੀ ਫ਼ਰਜ਼ੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਣ ਵਾਲੇ ਵਿਰੁਧ ਪਰਚਾ ਦਰਜ


(ਸਚਿਨ ਸ਼ਰਮਾ)
ਮੋਹਾਲੀ, 21 ਅਕਤੂਬਰ : ਸੋਸ਼ਲ ਮੀਡੀਆ ਉਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਫੇਕ ਵੀਡੀਓ ਪਾਉਣ ਦੇ ਮਾਮਲੇ ਵਿਚ ਸਾਈਬਰ ਸੈਲ ਵਲੋਂ ਮਾਮਲਾ ਦਰਜ ਕੀਤਾ ਗਿਆ। ਸਟੇਟ ਸਾਈਬਰ ਸੈਲ ਮੋਹਾਲੀ ਵਿਚ ਵੀਡੀਓ ਪਾਉਣ ਵਾਲੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਟੈਕਨਾਲੋਜੀ ਦੀ ਦੁਰਵਰਤੋਂ ਕਰਦੇ ਹੋਏ ਮੁੱਖ ਮੰਤਰੀ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਟੇਟ ਸਾਈਬਰ ਸੈਲ ਵਲੋਂ ਜਗਮਨ ਸਮਰਾ ਨਾਂ ਦੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਸੰਗਰੂਰ ਦਾ ਰਹਿਣ ਵਾਲਾ ਹੈ। ਉਸ ਵਿਰੁਧ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਵਿਚ ਰਹਿ ਰਿਹਾ ਹੈ। ਇਸ ਵੀਡੀਓ ਨੂੰ ਕਿਵੇਂ ਬਣਾਇਆ ਗਿਆ ਸੀ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ, ਜਗਮਨ ਸਮਰਾ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦੋ ਪੋਸਟਾਂ ਅਪਲੋਡ ਕੀਤੀਆਂ ਗਈਆਂ ਹਨ। ਪੋਸਟ ਵਿੱਚ ਲਿਖਿਆ ਹੈ, “ਇਹ ਤਾਂ ਟ੍ਰੇਲਰ ਹੈ। ਏਆਈ ਸਾਬਤ ਕਰਨ ਵਾਲੇ ਨੂੰ ਇਕ ਮਿਲੀਅਨ ਡਾਲਰ ਇਨਾਮ ਮਿਲੇਗਾ।” ਕੁੱਲ ਸੱਤ ਵੀਡੀਓ ਹਨ। ਹਾਲਾਂਕਿ, ਇਹ ਪਾਇਆ ਗਿਆ ਹੈ ਕਿ ਇਹ ਵਿਦੇਸ਼ ਤੋਂ ਵਾਇਰਲ ਕੀਤੇ ਗਏ ਹਨ। ਇੱਕ ਪੋਸਟ ਚੌਦਾਂ ਘੰਟੇ ਪਹਿਲਾਂ ਪੋਸਟ ਕੀਤੀ ਗਈ ਸੀ ਅਤੇ ਦੂਜੀ ਨੌਂ ਘੰਟੇ ਪਹਿਲਾਂ।