ਜਲੰਧਰ ਦੇ ਸਰਕਾਰੀ ਹਸਪਤਾਲ ਵਿਚ ਮਰੀਜ਼ਾਂ ਦੀ ਮੌਤ ਦਾ ਮਾਮਲਾ ਭਖਿਆ


ਦਰਜਾ ਚਾਰ ਕਰਮਚਾਰੀ ਦੇ ਸਹਾਰੇ ਚੱਲ ਰਿਹਾ ਸੀ ਆਕਸੀਜਨ ਪਲਾਂਟ
ਅਕਾਲੀ ਦਲ ਨੇ ਕੇਜਰੀਵਾਲ ਦੇ ਸਿਹਤ ਮਾਡਲ ਨੂੰ ਬਣਾਇਆ ਨਿਸ਼ਾਨਾ
(ਦੁਰਗੇਸ਼ ਗਾਜਰੀ)
ਚੰਡੀਗੜ੍ਹ, 29 ਜੁਲਾਈ : ਜਲੰਧਰ ਸਿਵਲ ਹਸਪਤਾਲ ਵਿਚ ਤਿੰਨ ਸ਼ੱਕੀ ਮਰੀਜ਼ਾਂ ਦੀ ਮੌਤ ਦਾ ਮਾਮਲਾ ਭਖ ਗਿਆ ਹੈ। ਜਾਂਚ ਰਿਪੋਰਟ ਵਿਚ ਮਾਮਲੇ ਨੂੰ ਲੈ ਕੇ ਵੱਡਾ ਪ੍ਰਗਟਾਵਾ ਹੋਇਆ ਹੈ। ਜਾਂਚ ਕਮੇਟੀ ਵਿਚ ਸਾਹਮਣੇ ਆਇਆ ਹੈ ਕਿ ਕਲਾਸ ਫੋਰ ਦੇ ਸਹਾਰੇ ਐਤਵਾਰ ਨੂੰ ਆਕਸੀਜਨ ਪਲਾਂਟ ਚੱਲ ਰਿਹਾ ਸੀ। ਜਿਸ ਕਲਾਸ ਫੋਰ ਦੀ ਡਿਊਟੀ ਆਕਸੀਜਨ ਪਲਾਂਟ ਵਿਚ ਲਗਾਈ ਗਈ, ਉਹ ਆਰਜ਼ੀ ਤੌਰ ਤੇ ਵੱਖ-ਵੱਖ ਵਾਰਡ ਵਿਚ ਡਿਊਟੀ ਕਰਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੱਲ ਜਲੰਧਰ ਦੇ ਸਿਵਲ ਹਸਪਤਾਲ ਵਿਚ ਲੱਗੇ ਆਕਸੀਜਨ ਪਲਾਂਟ ਦੀ ਵੀ ਰਿਪੇਅਰ ਕੀਤੀ ਗਈ। ਜ਼ਿਕਰਯੋਗ ਹੈ ਕਿ ਮੌਤਾਂ ਦਾ ਅਸਲ ਕਾਰਨ ਕੀ ਰਿਹਾ, ਇਹ ਸਪੱਸ਼ਟ ਨਹੀਂ ਹੋ ਪਾਏਗਾ ਕਿਉਂਕਿ ਕਿਸੇ ਵੀ ਮਰੀਜ਼ ਦਾ ਪੋਸਟ-ਮਾਰਟਮ ਨਹੀਂ ਕੀਤਾ ਗਿਆ। ਹਸਪਤਾਲ ਦਾ ਤਰਕ ਹੈ ਕਿ ਪੁਲਿਸ ਕੇਸ ਨਹੀਂ ਸੀ ਅਤੇ ਨਾ ਹੀ ਪਰਿਵਾਰਕ ਮੈਂਬਰ ਪੋਸਟ-ਮਾਰਟਮ ਕਰਵਾਉਣਾ ਚਾਹੁੰਦੇ ਸਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਉਤੇ ਸਰਕਾਰ ਨੂੰ ਕਟਗਹਿਰੇ ਵਿਚ ਖੜਾ ਕੀਤਾ ਹੈ। ਉਨ੍ਹਾਂ ਆਖਿਆ ਕਿ ਜਲੰਧਰ ਦੇ ਸਿਵਲ ਹਸਪਤਾਲ ਵਿਚ ਆਕਸੀਜਨ ਸਪਲਾਈ ਇਕ ਘੰਟੇ ਲਈ ਰੁਕ ਜਾਣ ਕਾਰਨ ਵੈਂਟੀਲੇਟਰ ਉਤੇ ਪਏ ਤਿੰਨ ਮਰੀਜ਼ਾਂ, ਜਿਨ੍ਹਾਂ ਵਿਚ ਇਕ 15 ਸਾਲਾ ਨੌਜਵਾਨ ਵੀ ਸੀ, ਦੀ ਦਰਦਨਾਕ ਮੌਤ ਹੋ ਗਈ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ਼ਤਿਹਾਰੀ ‘ਸਿਹਤ ਕ੍ਰਾਂਤੀ’ ਦੀ ਅਤੇ ਬੁਨਿਆਦੀ ਸਹੂਲਤਾਂ ਪ੍ਰਤੀ ਬੇਹੱਦ ਲਾਪਰਵਾਹ ਰਵੱਈਏ ਦੀ ਇਕ ਹੋਰ ਭਿਆਨਕ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਵਿਸ਼ਵਾਸ ਨਹੀਂ ਹੋ ਰਿਹਾ ਕਿ ਜਦ ਮਰੀਜ਼ ਵੈਂਟੀਲੇਟਰ ‘ਤੇ ਸਨ ਤਾਂ ਆਕਸੀਜਨ ਸਪਲਾਈ ਫ਼ੇਲ੍ਹ ਹੋ ਗਈ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ‘ਤੇ ਕਤਲ ਹਨ ਅਤੇ ਇਸ ਦੇ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਜਿਸ ਨੇ ਪੰਜਾਬ ਵਿਚ ਅਪਣੇ “ਦਿੱਲੀ ਸਿਹਤ ਮਾਡਲ” ਦੇ ਵਾਅਦੇ ਕੀਤੇ ਸਨ, ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਇਹ ਹਾਦਸਾ ਓਦੋਂ ਵਾਪਰਿਆ ਜਦ ਬੇਰਹਿਮ ਆਪ ਸਰਕਾਰ ਪੰਜਾਬ ਦੇ ਪੈਸੇ ਨਾਲ ਗ਼ੈਰ-ਪੰਜਾਬੀਆਂ ਦੀ ਪਰਚਾਰ ਮੁਹਿੰਮ ਚਲਾਉਣ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਅਤਿ ਜ਼ਰੂਰੀ ਸਿਹਤ ਸਹੂਲਤਾਂ ਲਈ ਲੋੜੀਂਦੀ ਰਕਮ ਪੰਜਾਬ ਅਤੇ ਪੰਜਾਬ ਤੋਂ ਬਾਹਰ ਪਾਰਟੀ ਦੀ ਝੂਠੀ ਪ੍ਰਚਾਰਬਾਜ਼ੀ ਉਤੇ ਖ਼ਰਚੀ ਜਾ ਰਹੀ ਹੈ।