ਦਿੱਲੀ ਦੇ ਲਾਲ ਕਿਲ੍ਹੇ ਨੇੜੇ ਕਾਰ ‘ਚ ਧਮਾਕਾ, 10 ਲੋਕਾਂ ਦੀ ਮੌਤ, 24 ਜ਼ਖਮੀ

0
69120384d1292-delhi-blast-updates-102343454-16x9

ਦਿੱਲੀ, ਮੁੰਬਈ, ਉੱਤਰ ਪ੍ਰਦੇਸ਼ ਤੇ ਹਰਿਆਣਾ ‘ਚ ਹਾਈ ਅਲਰਟ


ਪ੍ਰਧਾਨ ਮੰਤਰੀ ਮੋਦੀ ਨੇ ਅਮਿਤ ਸ਼ਾਹ ਨਾਲ ਕੀਤੀ ਗੱਲ

ਨਵੀਂ ਦਿੱਲੀ, 10 ਨਵੰਬਰ (ਨਿਊਜ਼ ਟਾਊਨ ਨੈਟਵਰਕ) : ਦਿੱਲੀ ਦੇ ਲਾਲ ਕਿਲ੍ਹੇ ਨੇੜੇ ਕਾਰ ਵਿੱਚ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਵਿੱਚ 10 ਲੋਕ ਮਾਰੇ ਗਏ ਜਦਕਿ 24 ਲੋਕ ਜ਼ਖਮੀ ਹੋ ਗਏ। ਧਮਾਕੇ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਦਿੱਲੀ, ਮੁੰਬਈ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ। ਰਿਪੋਰਟਾਂ ਅਨੁਸਾਰ ਸੋਮਵਾਰ ਸ਼ਾਮ 6:55 ਵਜੇ ਫੋਰਟ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੀ ਪਾਰਕਿੰਗ ਵਿੱਚ ਖੜੀ ਇੱਕ ਈਕੋ ਕਾਰ ਵਿੱਚ ਧਮਾਕਾ ਹੋਇਆ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਨੇੜੇ ਖੜ੍ਹੀਆਂ ਤਿੰਨ ਹੋਰ ਗੱਡੀਆਂ ਸੜ ਗਈਆਂ। ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ। ਫੋਰੈਂਸਿਕ ਟੀਮਾਂ ਮੌਕੇ ‘ਤੇ ਪਹੁੰਚੀ ਗਈਆਂ ਹਨ, ਆਲੇ ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਐਨਆਈਏ ਅਤੇ ਐਨਐਸਜੀ ਨੂੰ ਵੀ ਘਟਨਾ ਸਥਾਨ ‘ਤੇ ਰਵਾਨਾ ਕਰ ਦਿਤਾ ਗਿਆ ਹੈ। ਘਟਨਾ ਨੂੰ ਲੈ ਕੇ ਡਿਪਟੀ ਚੀਫ਼ ਫਾਇਰ ਅਫ਼ਸਰ ਏ.ਕੇ. ਮਲਿਕ ਨੇ ਕਿਹਾ, “ਸਾਨੂੰ ਸੂਚਨਾ ਮਿਲੀ ਕਿ ਚਾਂਦਨੀ ਚੌਕ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਕਾਰ ਵਿੱਚ ਧਮਾਕਾ ਹੋਇਆ ਹੈ। ਅਸੀਂ ਤੁਰੰਤ 7 ਯੂਨਿਟਾਂ ਨੂੰ ਘਟਨਾ ਸਥਾਨ ‘ਤੇ ਭੇਜਿਆ। ਅੱਗ ‘ਤੇ ਸ਼ਾਮ 7:29 ਵਜੇ ਤੱਕ ਕਾਬੂ ਪਾ ਲਿਆ ਗਿਆ। ਜਾਨੀ ਨੁਕਸਾਨ ਦਾ ਡਰ ਹੈ। ਸਾਡੀਆਂ ਸਾਰੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ।” ਉੱਧਰ ਦਿੱਲੀ ਦੇ ਐਲਐਨਜੇਪੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਹੋਏ ਧਮਾਕੇ ਤੋਂ ਬਾਅਦ 15 ਲੋਕਾਂ ਨੂੰ ਲੋਕ ਨਾਇਕ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਵਿੱਚੋਂ 10 ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਹਨ। ਇੱਕ ਦੀ ਹਾਲਤ ਸਥਿਰ ਹੈ। ਘਟਨਾ ਦੇ ਇਕ ਚਸ਼ਮਦੀਦ ਨੇ ਕਿਹਾ ਕਿ ਧਮਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਨੇੜਲੀਆਂ ਦੁਕਾਨਾਂ ਦੇ ਸ਼ੀਸ਼ੇ ਅਤੇ ਦਰਵਾਜ਼ੇ ਅਤੇ ਖਿੜਕੀਆਂ ਟੁੱਟ ਗਈਆਂ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਘਟਨਾ ਦੇ ਇਕ ਹੋਰ ਚਸ਼ਮਦੀਦ ਰਾਜਭਰ ਪਾਂਡੇ ਨੇ ਕਿਹਾ ਕਿ ਉਸਨੇ ਆਪਣੇ ਘਰ ਵਿੱਚ ਬਹੁਤ ਜ਼ੋਰਦਾਰ ਧਮਾਕਾ ਸੁਣਿਆ। ਘਰ ਦੀਆਂ ਖਿੜਕੀਆਂ ਹਿੱਲ ਗਈਆਂ। ਜਦੋਂ ਉਹ ਬਾਹਰ ਆਇਆ ਤਾਂ ਉਸਨੇ ਅੱਗ ਦੀਆਂ ਲਪਟਾਂ ਵੇਖੀਆਂ। ਮੈਟਰੋ ਸਟੇਸ਼ਨ ਦੇ ਨੇੜੇ ਇੱਕ ਦੁਕਾਨਦਾਰ ਨੇ ਕਿਹਾ, “ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇੰਨਾ ਜ਼ੋਰਦਾਰ ਧਮਾਕਾ ਨਹੀਂ ਸੁਣਿਆ। ਧਮਾਕੇ ਕਾਰਨ ਮੈਂ ਤਿੰਨ ਵਾਰ ਡਿੱਗ ਪਿਆ। ਅਜਿਹਾ ਲੱਗਾ ਜਿਵੇਂ ਅਸੀਂ ਸਾਰੇ ਮਰ ਜਾਵਾਂਗੇ।”

Leave a Reply

Your email address will not be published. Required fields are marked *