ਕੈਨੇਡਾ ਦੀ ਸੰਗਤ ਨੇ ਪੰਜਾਬੀਆਂ ਨੂੰ ਦਿਤਾ ਝਾੜੂ ਪਾਰਟੀ ਤੋਂ ਖਹਿੜਾ ਛੁਡਾਉਣ ਦਾ ਸੱਦਾ


ਬਰੈਂਮਟਨ ਵਿਚ ਬਲਵਿੰਦਰ ਸਿੰਘ ਭੂੰਦੜ ਦਾ ਸੁਆਗਤ

(ਨਿਊਜ਼ ਟਾਊਨ ਨੈਟਵਰਕ)
ਬਰੈਂਮਟਨ, 3 ਅਗੱਸਤ : ਸ਼੍ਰੋਮਣੀ ਅਕਾਲੀ ਦਲ ਨੇ ਜਿਥੇ ਪੰਜਾਬ ਵਿਚ ਲੈਂਡ ਪੂਲਿੰਗ ਨੀਤੀ ਵਿਰੁਧ ਜੰਗ ਸ਼ੁਰੂ ਕਰਕੇ ਕਿਸਾਨਾਂ ਦਾ ਦਿਲ ਜਿੱਤਿਆ ਹੈ ਅਤੇ ਕਿਸਾਨਾਂ ਨੂੰ ਮੁੜ ਅਪਣੇ ਨਾਲ ਚਲਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ, ਉਥੇ ਪ੍ਰਵਾਸੀ ਪੰਜਾਬੀਆਂ ਨਾਲ ਰਾਬਤਾ ਕਾਇਮ ਕਰਨ ਲਈ ਕੈਨੇਡਾ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਬਲਵਿੰਦਰ ਸਿੰਘ ਭੂੰਦੜ ਨੂੰ ਵੀ ਪ੍ਰਵਾਸੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਸਥਾਨਕ ਸ਼ਹਿਰ ਬਰੈਂਮਟਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸ. ਭੂੰਦੜ ਦਾ ਸਵਾਗਤ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਇਹ ਮੀਟਿੰਗ ਨਿਰਵੈਰ ਸਿੰਘ ਸੋਤਰਾ ਸੀਨੀਅਰ ਅਕਾਲੀ ਆਗੂ ਦੇ ਯਤਨਾਂ ਸਦਕਾ ਕੁਲਵਿੰਦਰ ਸਿੰਘ ਹੀਰੋਕਲਾਂ ਦੇ ਘਰ ਰੱਖੀ ਗਈ ਜਿੱਥੇ ਸ. ਬਲਵਿੰਦਰ ਸਿੰਘ ਭੂੰਦੜ ਅਤੇ ਦਿਲਰਾਜ ਸਿੰਘ ਭੂੰਦੜ ਦਾ ਸਨਮਾਨ ਕੀਤਾ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਖੁਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ। ਇਸ ਮੀਟਿੰਗ ਵਿਚ ਕੁਲਵਿੰਦਰ ਸਿੰਘ ਹੀਰੋਕਲਾਂ, ਜਗਤਾਰ ਸਿੰਘ ਚੀਮਾ, ਜਗਜੀਤ ਸਿੰਘ ਤਤੁਲਾ, ਹਰਪ੍ਰੀਤ ਸਿੰਘ ਖੋਸਾ, ਨਵਦੀਪ ਸ਼ਰਮਾ, ਚੇਤਨ ਸ਼ਰਮਾ, ਮਨੁਦੱਤਾ, ਬੱਬੂ ਸਰਾਂ, ਅੰਮ੍ਰਿਤਪਾਲ ਸਿੰਘ, ਸੰਦੀਪ ਭੱਟੀ, ਪ੍ਰਿੰਸ, ਰਣਜੀਤ ਸ਼ਰਮਾ, ਵਰਿੰਦਰ ਸਿੰਘ ਭੰਗੂ, ਅਕਾਸ਼ਦੀਪ ਸਿੰਘ, ਹਰਸਿਮਰਨ ਸਿੰਘ, ਦਿਲਜੀਤ ਸਿੰਘ, ਸਾਹਿਬਪ੍ਰੀਤ ਸਿੰਘ, ਹਰਪਾਲ ਸਿੰਘ ਰਨਦੇਵ, ਕੁਲਵਿੰਦਰ ਸਿੰਘ ਮੱਟੂ, ਰਣਯੋਧ ਸਿੰਘ, ਸੁਖਪ੍ਰੀਤ ਸਿੰਘ, ਗੁਰਤੇਜ ਘੁੰਨਸ, ਤਜਿੰਦਰ ਸਿੰਘ ਸੰਧੂ, ਬੰਟੀ ਅਟਵਾਲ, ਗੁਰਵਿੰਦਰ ਸਿੰਘ ਢਿੱਲੋਂ ਅਤੇ ਹੋਰ ਆਗੂਆਂ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਇਸ ਗੱਲ ਉਤੇ ਮਾਣ ਮਹਿਸੂਸ ਹੋਇਆ ਕਿ ਪੰਜਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਤੋਂ ਜਬਰੀ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੈ। ਇਸ ਤੋਂ ਪਹਿਲਾਂ ਕਿ ਸ. ਭੂੰਦੜ ਕੁੱਝ ਆਖਦੇ, ਪ੍ਰਵਾਸੀ ਪੰਜਾਬੀਆਂ ਨੇ ਖ਼ੁਦ ਹੀ ਸੰਗਤ ਨੂੰ ਅਪੀਲ ਕੀਤੀ ਕਿ ਸਮਾਂ ਆ ਗਿਆ ਹੈ ਕਿ ਪੰਜਾਬੀਆਂ ਨੂੰ ਧੋਖਾ ਦੇਣ ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਤੋਂ ਲਾਂਭੇ ਕੀਤਾ ਜਾਵੇ। ਉਨ੍ਹਾਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪ੍ਰਵਾਸੀ ਪੰਜਾਬੀ ਵੀ ਇਹ ਮੰਨਦੇ ਹਨ ਕਿ ਉਨ੍ਹਾਂ ਤੋਂ ਆਮ ਆਦਮੀ ਪਾਰਟੀ ਨੂੰ ਫ਼ੰਡ ਅਤੇ ਸਮਰਥਨ ਦੇ ਕੇ ਬਹੁਤ ਵੱਡੀ ਗ਼ਲਤੀ ਹੋਈ ਹੈ ਪਰ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ 2022 ਵਾਲੀ ਗ਼ਲਤੀ ਨੂੰ ਸੁਧਾਰਨ ਦਾ ਮੌਕਾ ਮਿਲ ਰਿਹਾ ਹੈ। ਪ੍ਰਵਾਸੀ ਪੰਜਾਬੀਆਂ ਨੇ ਆਖਿਆ ਕਿ ਉਹ ਹਾਲਾਂਕਿ ਪੰਜਾਬ ਤੋਂ ਬਹੁਤ ਦੂਰ ਬੈਠੇ ਹਨ ਪਰ ਪੰਜਾਬ ਸਰਕਾਰ ਅਤੇ ਹਰ ਘਟਨਾ ਉਤੇ ਕਰੀਬੀ ਨਜ਼ਰ ਰੱਖਦੇ ਹਨ। ਉਨ੍ਹਾਂ ਆਖਿਆ ਕਿ ਸਾਰੇ ਪ੍ਰਵਾਸੀ ਪੰਜਾਬੀਆਂ ਨੇ ਅਪਣੇ ਪੰਜਾਬ ਵਿਚ ਰਹਿੰਦੇ ਪਰਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀਆਂ ਅਪੀਲਾਂ ਕਰ ਦਿਤੀਆਂ ਹਨ। ਪੰਜਾਬ ਵਿਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ।