ਕੈਨੇਡੀਅਨ ਪ੍ਰੀਮੀਅਰ ਵਲੋਂ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਗਰੁੱਪ ਐਲਾਨਣ ਦੀ ਮੰਗ


ਬ੍ਰਿਟਿਸ਼ ਕੋਲੰਬੀਆ [ਕੈਨੇਡਾ], 18 ਜੂਨ (ਨਿਊਜ਼ ਟਾਊਨ ਨੈਟਵਰਕ) : ਵੈਨਕੂਵਰ ਸਨ ਦੀ ਰਿਪੋਰਟ ਅਨੁਸਾਰ ਕੈਨੇਡੀਅਨ ਸਿਆਸਤਦਾਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਬਿਸ਼ਨੋਈ ਗੈਂਗ ਨੂੰ “ਅੱਤਵਾਦੀ ਸਮੂਹ” ਘੋਸ਼ਿਤ ਕਰਨ ਲਈ ਕਿਹਾ ਹੈ। ਵੈਨਕੂਵਰ ਸਨ ਦੇ ਅਨੁਸਾਰ ਏਬੀ ਨੇ ਕਿਹਾ ਕਿ ਇਹ ਨਾ ਸਿਰਫ਼ ਬ੍ਰਿਟਿਸ਼ ਕੋਲੰਬੀਆ ਵਿਚ ਸਗੋਂ ਅਲਬਰਟਾ ਅਤੇ ਓਨਟਾਰੀਓ ਵਿਚ ਵੀ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ।
ਵੈਨਕੂਵਰ ਸਨ ਮੁਤਾਬਕ ਪ੍ਰੀਮੀਅਰ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗਿਰੋਹ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਨਟਾਰੀਓ ਵਿਚ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਵਿਰੁੱਧ ਜ਼ਬਰੀ ਵਸੂਲੀ ਤੇ ਹੋਰ ਅਪਰਾਧਾਂ ਨਾਲ ਜੁੜਿਆ ਹੋਇਆ ਹੈ। ਇਸ ਲਈ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪੱਤਰ ਲਿਖ ਕੇ ਇਸ ਗਿਰੋਹ ਨੂੰ ਅੱਤਵਾਦੀ ਘੋਸ਼ਿਤ ਕਰਨ ਲਈ ਕਹਿਣਗੇ ਤਾਂ ਜੋ ਪੁਲਿਸ ਜਾਂਚ ਲਈ ਲੋੜੀਂਦੇ ਸਾਧਨਾਂ ਦੀ ਵਰਤੋਂ ਕਰ ਸਕੇ।
ਵੈਨਕੂਵਰ ਸਨ ਦੇ ਅਨੁਸਾਰ ਪੁਲਿਸ ਨੇ ਕਿਹਾ ਹੈ ਕਿ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਨੂੰ ਹਿੰਸਾ ਜਾਂ ਮੌਤ ਦੀਆਂ ਧਮਕੀਆਂ ਦੇ ਕੇ ਜ਼ਬਰਦਸਤੀ ਵਸੂਲੀ ਕੀਤੀ ਜਾ ਰਹੀ ਹੈ ਤੇ ਇਹ ਗਿਰੋਹ ਇਨ੍ਹਾਂ ਵਿਚੋਂ ਕੁਝ ਧਮਕੀਆਂ ਨਾਲ ਜੁੜਿਆ ਹੋਇਆ ਹੈ।

ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਕੈਨੇਡੀਅਨ ਫੈਡਰਲ ਸਰਕਾਰ ਨੇ ਮੈਕਸੀਕਨ ਡਰੱਗ ਕਾਰਟੈਲਾਂ ਵਿਰੁੱਧ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਸੀ, ਡੇਵਿਡ ਐਬੀ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ। ਅਸੀਂ ਇਹ ਸਿਫ਼ਾਰਸ਼ ਹਲਕੇ ਵਿਚ ਨਹੀਂ ਕਰ ਰਹੇ ਹਾਂ ਪਰ ਇਸ ਤਰ੍ਹਾਂ ਦੀ ਗਤੀਵਿਧੀ ਸਾਡੇ ਲੋਕਤੰਤਰ ਵਿਚ ਨਿਆਂ ਪ੍ਰਣਾਲੀ ਵਿਚ ਜਨਤਾ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਉਂਦੀ ਹੈ।
ਵੈਨਕੂਵਰ ਸਨ ਦੇ ਅਨੁਸਾਰ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਅਤੇ ਰਿਫਲੈਕਸ਼ਨਜ਼ ਬੈਂਕੁਏਟ ਹਾਲ ਦੇ ਮਾਲਕ ਸਤੀਸ਼ ਕੁਮਾਰ ਨੇ ਕਿਹਾ ਕਿ ਇਕ ਜ਼ਬਰੀ ਵਸੂਲੀ ਕਰਨ ਵਾਲੇ ਨੂੰ 20 ਲੱਖ ਅਮਰੀਕੀ ਡਾਲਰ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਉਸਦੀ ਜਾਨ ਖ਼ਤਰੇ ਵਿਚ ਹੈ।
ਜ਼ਿਕਰਯੋਗ ਹੈ ਕਿ ਮਈ ਦੇ ਸ਼ੁਰੂ ਵਿਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਮੁੱਖ ਕਰਿੰਦੇ ਰਾਹੁਲ ਸਰਕਾਰ ਨੂੰ ਗ੍ਰਿਫਤਾਰ ਕੀਤਾ ਸੀ, ਜੋ ਸਿੰਡੀਕੇਟ ਦੇ ਮੈਂਬਰਾਂ ਨੂੰ ਜਾਅਲੀ ਪਾਸਪੋਰਟਾਂ ਨਾਲ ਦੇਸ਼ ਤੋਂ ਭੱਜਣ ਵਿਚ ਮਦਦ ਕਰ ਰਿਹਾ ਸੀ। ਨਵੀਂ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਪਾਸਪੋਰਟ ਮਾਡਿਊਲ ਨੂੰ ਚਲਾਉਣ ਵਾਲੇ ਰਾਹੁਲ ਸਰਕਾਰ ਨੂੰ ਹੋਰ ਜਾਂਚ ਲਈ ਐਨਆਈਏ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ।
