ਜੀ7: ਖਾਲਿਸਤਾਨੀਆਂ ਦੇ ਵਿਰੋਧ ਬਾਵਜੂਦ ਕੈਨੇਡਾ ਨੇ ਮਿਲਾਇਆ ਭਾਰਤ ਨਾਲ ਹੱਥ

0
canada pm meet modi

ਅਲਬਰਟਾ, 18 ਜੂਨ (ਨਿਊਜ਼ ਟਾਊਨ ਨੈਟਵਰਕ) : ਕੈਨੇਡਾ ਦੇ ਅਲਬਰਟਾ ਸੂਬੇ ਦੇ ਕਨਾਨਾਸਕਿਸ ਵਿਚ 3-ਰੋਜ਼ਾ G7 ਸੰਮੇਲਨ ਸਮਾਪਤ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਮੇਲਨ ‘ਚ ਇਕ ਮਹਿਮਾਨ ਰਾਸ਼ਟਰ ਵਜੋਂ ਹਿੱਸਾ ਸਨ। ਇਸ ਦੌਰਾਨ ਮੋਦੀ ਨੇ ਜੀ7 ਦੇ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕੀਤੀ।

ਜੀ7 ਸੰਮੇਲਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਮੀਟਿੰਗ ਤੋਂ ਬਾਅਦ ਦੋਵਾਂ ਮੁਲਕਾਂ ਨੇ ਸਬੰਧ ਸੁਧਾਰਨ ਦਾ ਸੰਕੇਤ ਦਿੱਤਾ। ਇਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਖਾਮੋਸ਼ੀ ਧਾਰ ਲਈ। ਉਨ੍ਹਾਂ ਨੇ ਨਿੱਝਰ ਦੇ ਕਤਲ ਸਬੰਧੀ ਸਿੱਖਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਨੂੰ ਵੀ ਨਜ਼ਰ-ਅੰਦਾਜ ਕੀਤਾ।

ਦੋਵਾਂ ਦੇਸ਼ਾਂ ਦੇ ਲੀਡਰਾਂ ਦੀ ਮੁਲਾਕਾਤ ਤੋਂ ਬਾਅਦ ਇਕ ਪੱਤਰਕਾਰ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਹੈ। ਕਾਰਨੀ ਨੇ ਇਸ ਦਾ ਸਿੱਧਾ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਕਾਨੂੰਨੀ ਮੁੱਦਿਆਂ ਤੇ ਆਪਸੀ ਸਹਿਯੋਗ ਬਾਰੇ ਗੱਲ ਕੀਤੀ ਹੈ। ਨਿੱਝਰ ਦਾ ਮੁੱਦਾ ਅਜੇ ਅਦਾਲਤ ਵਿਚ ਹੈ। ਇਸ ‘ਤੇ ਟਿੱਪਣੀ ਕਰਨ ਲਈ ਸਾਵਧਾਨ ਰਹਿਣਾ ਹੋਏਗਾ।

ਮੀਟਿੰਗ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦੇ ਸਬੰਧ ਬਹੁਤ ਮਹੱਤਵਪੂਰਨ ਹਨ। ਮੈਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਭਾਰਤ ਨੂੰ G-7 ਵਿਚ ਸੱਦਾ ਦੇਣ ਲਈ ਬਹੁਤ ਧੰਨਵਾਦੀ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ 2015 ਤੋਂ ਬਾਅਦ ਇਕ ਵਾਰ ਫਿਰ ਕੈਨੇਡਾ ਆਉਣ ਤੇ ਕੈਨੇਡਾ ਦੇ ਲੋਕਾਂ ਨਾਲ ਜੁੜਨ ਦਾ ਮੌਕਾ ਮਿਲਿਆ। ਇਸ ਨਾਲ ਭਾਰਤ ਤੇ ਕੈਨੇਡਾ ਵਿਚਕਾਰ ਹਾਈ ਕਮਿਸ਼ਨਰ ਨੂੰ ਬਹਾਲ ਕਰਨ ਲਈ ਇਕ ਸਮਝੌਤਾ ਹੋਇਆ ਹੈ।

ਪ੍ਰਧਾਨ ਮੰਤਰੀ ਮੋਦੀ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਵਿਚਕਾਰ ਹੋਈ ਮੁਲਾਕਾਤ ‘ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਕਈ ਮੁੱਦਿਆਂ ‘ਤੇ ਸਮਝੌਤਾ ਹੋਇਆ ਹੈ। ਹਾਈ ਕਮਿਸ਼ਨਰ ਨੂੰ ਭਾਰਤ ਤੇ ਕੈਨੇਡਾ ਵਿਚ ਜਲਦੀ ਹੀ ਬਹਾਲ ਕਰ ਦਿਤਾ ਜਾਵੇਗਾ। ਵਪਾਰ ਤੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਲੰਬੇ ਸਮੇਂ ਤੋਂ ਰੁਕੀ ਹੋਈ ਗੱਲਬਾਤ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕੈਨੈਡਾ ‘ਚ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਕਤਲ ਕੇਸ ਤੋਂ ਬਾਅਦ ਪਿਛਲੇ ਸਾਲ ਅਕਤੂਬਰ ਵਿਚ ਦੋਵਾਂ ਦੇਸ਼ਾਂ ਨੇ 6-6 ਡਿਪਲੋਮੈਟਾਂ ਨੂੰ ਕੱਢ ਦਿਤਾ ਸੀ। ਪਰ ਹੁਣ ਭਾਰਤ ਤੇ ਕੈਨੇਡਾ ਵਿਚਾਲੇ ਰਿਸ਼ਤਾ ਮੁੜ ਸੁਖਾਵਾਂ ਹੋਣ ਜਾ ਰਿਹਾ ਹੈ।

Leave a Reply

Your email address will not be published. Required fields are marked *