ਕਿਸਾਨਾਂ ਨੂੰ ਕਾਤਲ, ਬਲਾਤਕਾਰੀ, ਅੱਤਵਾਦੀ ਤੇ ਕੱਟੜਪੰਥੀ ਆਖ ਬੁਰੀ ਫਸੀ ਕੰਗਨਾ!


ਕੰਗਨਾ ਰਣੌਤ ਵਿਰੁਧ ਚੱਲੇਗਾ ਦੇਸ਼-ਧਰੋਹ ਦਾ ਮੁਕੱਦਮਾ
ਮਾਮਲੇ ਵਿਚ ਉਮਰ ਕੈਦ ਤਕ ਦੀ ਹੋ ਸਕਦੀ ਸਜ਼ਾ
(ਨਿਊਜ਼ ਟਾਊਨ ਨੈਟਵਰਕ)
ਆਗਰਾ, 12 ਨਵੰਬਰ : ਭਾਜਪਾ ਦੀ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਵਿਰੁਧ ਆਗਰਾ ਵਿਚ ਦੇਸ਼-ਧਰੋਹ ਦਾ ਮੁਕੱਦਮਾ ਚੱਲੇਗਾ। ਬੁੱਧਵਾਰ ਨੂੰ ਸਪੈਸ਼ਲ ਜੱਜ ਐਮ.ਪੀ-ਐਮ.ਐਲ.ਏ. ਲੋਕੇਸ਼ ਕੁਮਾਰ ਦੀ ਅਦਾਲਤ ਵਿਚ ਸੁਣਵਾਈ ਹੋਈ। ਅਦਾਲਤ ਨੇ ਕੰਗਨਾ ਵਿਰੁਧ ਦਾਇਰ ਕੀਤੀ ਗਈ ਸੋਧ ਪਟੀਸ਼ਨ ਨੂੰ ਸਵੀਕਾਰ ਕਰ ਲਿਆ। ਅਦਾਲਤ ਨੇ ਕਿਹਾ ਕਿ ਮੁਕੱਦਮਾ ਹੁਣ ਉਸੇ ਹੇਠਲੀ ਅਦਾਲਤ ਵਿਚ ਚੱਲੇਗਾ ਜਿਸ ਨੇ ਕੰਗਨਾ ਦੇ ਕੇਸ ਨੂੰ ਖ਼ਾਰਜ ਕਰ ਦਿਤਾ ਸੀ। ਇਸ ਤੋਂ ਪਹਿਲਾਂ, 10 ਨਵੰਬਰ ਨੂੰ ਅਦਾਲਤ ਨੇ ਕੰਗਨਾ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਕੰਗਨਾ ਵਿਰੁਧ ਕੇਸ ਆਈ.ਪੀ.ਸੀ. ਦੀ ਧਾਰਾ 356 ਅਤੇ 152 ਤਹਿਤ ਚੱਲੇਗਾ। ਅਦਾਲਤ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਹੁਣ ਆਗਰਾ ਵਿਚ ਕੰਗਨਾ ਰਣੌਤ ਵਿਰੁਧ ਕਿਸਾਨਾਂ ਦਾ ਅਪਮਾਨ ਕਰਨ ਅਤੇ ਦੇਸ਼-ਧਰੋਹ ਦੇ ਦੋਸ਼ ਵਿਚ ਕੇਸ ਦਾਇਰ ਕੀਤਾ ਜਾਵੇਗਾ। ਕੰਗਨਾ ਅਜੇ ਤਕ ਅਦਾਲਤ ਵਿਚ ਪੇਸ਼ ਨਹੀਂ ਹੋਈ ਹੈ ਜਿਸ ਕਾਰਨ ਉਸ ਨੂੰ ਛੇ ਸੰਮਨ ਜਾਰੀ ਕੀਤੇ ਗਏ ਹਨ। ਦਰਅਸਲ 11 ਸਤੰਬਰ, 2024 ਨੂੰ ਵਕੀਲ ਰਾਮ ਸ਼ੰਕਰ ਸ਼ਰਮਾ ਨੇ ਕੰਗਨਾ ਰਣੌਤ ਵਿਰੁਧ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕੀਤੀ ਜਿਸ ਵਿਚ ਉਸ ਵਿਰੁਧ ਦੇਸ਼-ਧਰੋਹ ਦਾ ਦੋਸ਼ ਲਗਾਇਆ ਗਿਆ ਸੀ। ਇਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਕੰਗਨਾ ਨੇ 26 ਅਗਸਤ 2024 ਨੂੰ ਇਕ ਇੰਟਰਵਿਊ ਵਿਚ ਕਿਸਾਨਾਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਇਸ ਨਾਲ ਲੱਖਾਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਵਕੀਲ ਰਾਮ ਸ਼ੰਕਰ ਸ਼ਰਮਾ ਨੇ ਕਿਹਾ ਕਿ ਕੰਗਨਾ ਨੇ ਕਿਹਾ ਸੀ ਕਿ ‘ਅਗਸਤ 2020 ਤੋਂ ਦਸੰਬਰ 2021 ਤਕ, ਕਿਸਾਨ ਦਿੱਲੀ ਸਰਹੱਦ ‘ਤੇ ਕਾਲੇ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਸਨ। ਉਸ ਸਮੇਂ ਦੌਰਾਨ ਬਲਾਤਕਾਰ ਅਤੇ ਕਤਲ ਹੋਏ। ਜੇ ਦੇਸ਼ ਦੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਦੇਸ਼ ਦੀ ਸਥਿਤੀ ਬੰਗਲਾਦੇਸ਼ ਵਰਗੀ ਹੁੰਦੀ।’ ਇਸ ਦਾ ਸਪੱਸ਼ਟ ਅਰਥ ਹੈ ਕਿ ਉਸ ਨੇ ਕਿਸਾਨਾਂ ਨੂੰ ਕਾਤਲ, ਬਲਾਤਕਾਰੀ, ਅੱਤਵਾਦੀ ਅਤੇ ਕੱਟੜਪੰਥੀ ਦੱਸਿਆ।
