ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਖ਼ੁਦ ਸੰਭਾਲਿਆ ਮੋਰਚਾ, ਹੋਏ ਮਿੱਟੀ ਓ ਮਿੱਟੀ!


ਨਹਿਰਾਂ, ਦਰਿਆਵਾਂ ਵਿਚ ਹੋਏ ਕਟਾਣ ਭਰਨ ਦੀ ਕਮਾਨ ਬੈਂਸ ਨੇ ਸੰਭਾਲੀ
(ਨਿਊਜ਼ ਟਾਊਨ ਨੈਟਵਰਕ)
ਅਨੰਦਪੁਰ ਸਾਹਿਬ, 1 ਸਤੰਬਰ : ਆਪਣੇ ਵਿਧਾਨ ਸਭਾ ਹਲਕੇ ਵਿਚ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਖ਼ੁਦ ਮੋਰਚਾ ਸੰਭਾਲ ਲਿਆ ਹੈ। ਉਨ੍ਹਾਂ ਵਲੋਂ ਨਹਿਰਾਂ, ਦਰਿਆਵਾ ਦੇ ਕਿਨਾਰਿਆਂ ਦੇ ਬੰਨ੍ਹਾਂ ਵਿਚ ਆਈਆਂ ਦਰਾਰਾ ਤੇ ਕਟਾਣ ਭਰਨ ਦਾ ਕੰਮ ਪ੍ਰਸਾਸ਼ਨ ਆਪ ਵਲੰਟੀਅਰਾਂ, ਸਥਾਨਕ ਵਾਸੀਆਂ ਤੇ ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਜੋਰਾ ਸ਼ੋਰਾ ਨਾਲ ਕੀਤਾ ਜਾ ਰਿਹਾ ਹੈ। ਸ. ਬੈਂਸ ਵਲੋਂ ਖ਼ੁਦ ਕਮਾਂਡ ਸੰਭਾਲੀ ਹੋਈ ਹੈ ਅਤੇ ਉਹ ਖ਼ੁਦ ਇਨ੍ਹਾਂ ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਨਜ਼ਰ ਆ ਰਹੇ ਹਨ। ਅੱਜ ਤੜਕੇ ਝਿੰਜੜੀ/ ਮੀਢਵਾ ਵਿਖੇ ਨੰਗਲ ਹਾਈਡਲ ਚੈਨਲ ਨਹਿਰ ਵਿੱਚ ਆਈ ਦਰਾੜ ਦੀ ਸੂਚਨਾ ਮਿਲਦੇ ਹੀ, ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ। ਪ੍ਰਸਾਸ਼ਨ ਅਤੇ ਪੁਲਿਸ ਅਧਿਕਾਰੀ, ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ, ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ, ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਐਸ.ਡੀ.ਐਮ ਜਸਪ੍ਰੀਤ ਸਿੰਘ, ਡੀ.ਐਸ.ਪੀ ਅਜੇ ਸਿੰਘ ਸਮੇਤ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚੇ। ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਲੋਕਾਂ ਤੱਕ ਤੇਜ਼ੀ ਨਾਲ ਪਹੁੰਚੀ ਅਤੇ ਆਪ ਵਲੰਟੀਅਰ, ਇਲਾਕਾ ਵਾਸੀ ਅਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਆਪਣੇ ਸੇਵਾਦਾਰਾਂ ਸਮੇਤ ਇਸ ਸਥਾਨ ਤੇ ਪਹੁੰਚੇ ਅਤੇ ਜੇ.ਸੀ.ਵੀ ਮਸ਼ੀਨਾਂ, ਟਰੈਕਟਰ, ਟਰਾਲੀਆਂ ਦੇ ਨਾਲ ਪਏ ਪਾੜ ਨੂੰ ਪੂਰਨਾ ਸੁਰੂ ਕਰ ਦਿੱਤਾ, ਜਿਸ ਵਿਚ ਸ.ਹਰਜੋਤ ਸਿੰਘ ਬੈਂਸ ਟਰੈਕਟਰ, ਟਰਾਲੀਆਂ ਤੋਂ ਲਿਆਦੀ ਜਾ ਰਹੀ ਮਿੱਟੀ, ਤਰਪਾਲਾ ਅਤੇ ਬੋਰੇ ਭਰ ਕੇ ਇਸ ਕਟਾਨ ਨੂੰ ਬੰਦ ਕਰਨ ਵਿੱਚ ਲੱਗੇ ਨਜ਼ਰ ਆਏ। ਸ.ਬੈਂਸ ਦਾ ਜੋਸ਼ ਅਤੇ ਉਨ੍ਹਾਂ ਦੀ ਸੇਵਾ ਦੀ ਭਾਵਨਾ ਦੇਖ ਕੇ ਸੈਂਕੜੇ ਲੋਕ ਇਕੱਠੇ ਹੋ ਗਏ, ਜਿਸ ਨਾਲ ਲੋੜੀਦਾ ਸਮਾਨ ਵੀ ਲਿਆਦਾ ਗਿਆ। ਤਰਪਾਲਾ ਅਤੇ ਬੋਰੀਆਂ ਨਾਲ ਕੰਮ ਸੁਰੂ ਕਰਵਾਇਆ ਅਤੇ ਘੰਟਿਆ ਬੰਧੀ ਸ.ਹਰਜੋਤ ਸਿੰਘ ਬੈਂਸ ਇਸ ਸਥਾਨ ਤੇ ਮੋਜੂਦ ਨਜ਼ਰ ਆਏ। ਉਨ੍ਹਾਂ ਵੱਲੋਂ ਆਪਣੇ ਹਲਕੇ ਦੇ ਵੱਖ ਵੱਖ ਖੇਤਰਾਂ ਜਿਲ੍ਹਾ ਰੂਪਨਗਰ ਅਤੇ ਪੰਜਾਬ ਦੇ ਖੇਤਰਾਂ ਵਿੱਚ ਅੱਜ ਹੋਈ ਮੁਸਲਾਧਾਰ ਬਾਰਿਸ਼ ਨਾਲ ਹੋਏ ਪ੍ਰਭਾਵਿਤ ਇਲਾਕਿਆਂ ਦੀ ਪਲ ਪਲ ਦੀ ਜਾਣਕਾਰੀ ਲਈ ਜਾ ਰਹੀ ਸੀ।