ਚੋਰਾਂ ਤੋਂ ਤੰਗ ਹੋਏ ਕਾਰੋਬਾਰੀ, ਕਰ ਦਿਤਾ ਵੱਡਾ ਐਲਾਨ, ਚੱਕਾ ਜਾਮ ਦੀ ਤਿਆਰੀ !


ਸਾਦਿਕ, 15 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਸਾਦਿਕ ਵਿਖੇ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਕਰੀਬ ਇੱਕ ਮਹੀਨੇ ਵਿੱਚ ਤਿੰਨ ਵੱਡੀਆਂ ਚੋਰੀਆਂ ਹੋਈਆਂ ਹਨ ਪਰ ਹਾਲੇ ਤੱਕ ਕਿਸੇ ਵੀ ਚੋਰੀ ਦਾ ਕੋਈ ਸੁਰਾਗ ਨਹੀਂ ਲੱਗਾ। ਇਸ ਕਾਰਨ ਸਾਦਿਕ ਦੇ ਦੁਕਾਨਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬੀਤੀ ਰਾਤ ਫਿਰ ਬਾਲਾ ਜੀ ਮੋਬਾਈਲ ਦੀ ਦੁਕਾਨ ਤੇ ਚੋਰ ਛੱਤ ਪਾੜ ਕੇ ਅੰਦਰ ਦਾਖਲ ਹੋਏ ਤੇ ਕਰੀਬ ਇੱਕ ਲੱਖ ਰੁਪਏ ਦੇ ਨਵੇਂ ਪੁਰਾਣੇ ਮੁਬਾਇਲ ਚੋਰੀ ਕਰਕੇ ਲੈ ਗਏ।
ਅੱਜ ਜਦੋਂ ਦੁਕਾਨਦਾਰਾਂ ਨੂੰ ਚੋਰੀ ਦਾ ਪਤਾ ਲੱਗਾ ਤਾਂ ਲੋਕ ਗੁੱਸੇ ਵਿੱਚ ਆ ਗਏ, ਜਿਸ ਨੂੰ ਦੇਖਦਿਆਂ ਵਪਾਰ ਮੰਡਲ ਸਾਦਿਕ ਨੇ ਤੁਰੰਤ ਹੰਗਾਮੀ ਮੀਟਿੰਗ ਕੀਤੀ। ਗੱਲਬਾਤ ਕਰਦਿਆਂ ਵਪਾਰ ਮੰਡਲ ਸਾਦਿਕ ਦੇ ਪ੍ਰਧਾਨ ਸੁਰਿੰਦਰ ਸੇਠੀ ਨੇ ਕਿਹਾ ਕਿ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਦੁਕਾਨਦਾਰਾਂ ਤੇ ਨਿਤ ਦਿਨ ਹੋ ਰਹੀਆਂ ਚੋਰੀਆਂ ਦੀ ਮਾਰ ਪੈ ਰਹੀ ਹੈ ਪਰ ਪੁਲਿਸ ਗੋਗਲੂਆਂ ਤੋਂ ਮਿੱਟੀ ਝਾੜ ਰਹੀ ਹੈ।
ਸਮੂਹ ਦੁਕਾਨਦਾਰਾਂ ਨੇ ਫੈਸਲਾ ਕੀਤਾ ਕਿ ਜਦ ਤੱਕ ਚੋਰੀਆਂ ਦਾ ਮਸਲਾ ਹੱਲ ਨਹੀਂ ਕੀਤਾ ਜਾਂਦਾ, 16 ਅਗਸਤ ਦਿਨ ਸ਼ਨੀਵਾਰ ਤੋਂ ਸਾਦਿਕ ਦੀਆਂ ਦੁਕਾਨਾਂ ਅਣਮਿਥੇ ਸਮੇਂ ਲਈ ਬੰਦ ਰਹਿਣਗੀਆਂ ਤੇ ਸਵੇਰੇ 10 ਵਜੇ ਚੱਕਾ ਜਾਮ ਕਰਕੇ ਰੋਸ ਪ੍ਰਗਟ ਕੀਤਾ ਜਾਵੇਗਾ।ਇਸ ਮੌਕੇ ਅਪਾਰ ਸੰਧੂ, ਡਾ. ਹਰਨੇਕ ਸਿੰਘ ਭੁੱਲਰ, ਅਨੂਪ ਗੱਖੜ, ਜਗੇਦਵ ਸਿੰਘ ਢਿੱਲੋਂ, ਰਾਜੂ ਗੱਖੜ, ਸੁਰਿੰਦਰ ਛਿੰਦਾ, ਵਿਨੀਤ ਸੇਠੀ ਪ੍ਰਧਾਨ ਕਰਿਆਨਾਂ ਯੂਨੀਅਨ, ਅਮਨਦੀਪ ਸਿੰਘ, ਫਲਵਿੰਦਰ ਮੱਕੜ ਸਮੇਤ ਅਨੇਕਾਂ ਦੁਕਾਨਦਾਰਾਂ ਹਾਜਰ ਸਨ।