ਪੰਜਾਬ ਚ ਅਗਲੇ ਮਹੀਨੇ ਦੇ ਇਹਨਾਂ ਦਿਨਾਂ ‘ਚ ਬੱਸਾਂ ਰਹਿਣਗੀਆਂ ਬੰਦ, ਸੋਚ ਸਮਝਕੇ ਬਣਾਉ ਪ੍ਰੋਗਰਾਮ


ਚੰਡੀਗੜ੍ਹ 18 ਜੂਨ (ਨਿਊਜ਼ ਟਾਊਨ ਨੈੱਟਵਰਕ ) ਜੇਕਰ ਤੁਸੀਂ ਵੀ ਅਗਲੇ ਮਹੀਨੇ ਕਿਸੇ ਸਫ਼ਰ ‘ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਇਹ ਖ਼ਬਰ ਪੜ੍ਹ ਲਵੋ। ਸੂਬੇ ਵਿਚ 9, 10 ਅਤੇ 11 ਜੁਲਾਈ ਨੂੰ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ, ਇਸ ਲਈ ਆਪਣੀ ਯੋਜਨਾ ਉਸ ਹਿਸਾਬ ਨਾਲ ਹੀ ਬਣਾਓ ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਖੱਜਲ ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ।

ਦਰਅਸਲ, ਪੰਜਾਬ ਰੋਡਵੇਜ਼, ਪਨਬਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਤਿੰਨ ਦਿਨ ਦੇ ਚੱਕਾ ਜਾਮ ਦੀ ਚੇਤਾਵਨੀ ਦਿੱਤੀ ਹੈ। ਯੂਨੀਅਨ ਆਗੂਆਂ ਕਮਲ ਕੁਮਾਰ, ਬਲਵਿੰਦਰ ਸਿੰਘ ਰਾਠ, ਰੇਸ਼ਮ ਸਿੰਘ ਗਿੱਲ ਤੇ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋਇਆ। ਇਸ ਲਈ ਉਨ੍ਹਾਂ ਨੇ 30 ਜੂਨ ਨੂੰ ਸਟੇਟ ਟਰਾਸਪੋਰਟ ਦੇ ਡਾਇਰੈਕਟਰ ਦਫ਼ਤਰ ਅੱਗੇ ਧਰਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਮੰਗਾਂ ਪੂਰੀਆਂ ਨਾ ਹੋਣ ‘ਤੇ 9, 10 ਅਤੇ 11 ਜੁਲਾਈ ਨੂੰ ਚੱਕਾ ਜਾਮ ਕਰ ਕੇ ਮੁੱਖ ਮੰਤਰੀ ਰਿਹਾਇਸ਼ ‘ਤੇ ਪੱਕਾ ਧਰਨਾ ਲਾਉਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
