ਰਾਜਪਾਲ ਵੱਲੋਂ ਕੀਤੀਆਂ ਜਾਂਦੀਆਂ ਸਰਹੱਦੀ ਯਾਤਰਾਵਾਂ ਸਿਰਫ਼ ਟੈਕਸ ਦੇ ਪੈਸੇ ਦੀ ਬਰਬਾਦੀ : ਰਾਜਾ ਵੜਿੰਗ


ਨਸ਼ਿਆਂ, ਪੁਲਵਾਮਾ ਅਤੇ ਈਡੀ ਦੇ ਮੁੱਦੇ ‘ਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਘੇਰਿਆ
ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਤੇ ਨਸ਼ਿਆਂ ਵਿਰੁੱਧ ਮੁਹਿੰਮ ਦੀ ਅਸਫਲਤਾ ‘ਤੇ ਚੁੱਕੇ ਸਵਾਲ
ਚੰਡੀਗੜ੍ਹ, 14 ਫਰਵਰੀ (ਦੁਰਗੇਸ਼ ਗਾਜਰੀ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਵੜਿੰਗ ਨੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਤੋਂ ਲੈ ਕੇ ਪੁਲਵਾਮਾ ਹਮਲੇ ਦੀ ਜਾਂਚ ਤੱਕ ਕਈ ਗੰਭੀਰ ਸਵਾਲ ਚੁੱਕੇ। ਰਾਜਾ ਵੜਿੰਗ ਨੇ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਇਲਾਕੇ ਵਿੱਚ ਇੱਕ ਪੁਲਿਸ ਹੋਮ ਗਾਰਡ ਦੇ 26 ਸਾਲਾ ਪੁੱਤਰ ਆਕਾਸ਼ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਹੀ ਨਸ਼ਿਆਂ ਅੱਗੇ ਬੇਵੱਸ ਨਜ਼ਰ ਆ ਰਹੇ ਹਨ, ਉੱਥੇ ਆਮ ਲੋਕਾਂ ਦੀ ਸੁਰੱਖਿਆ ਦਾ ਕੀ ਬਣੇਗਾ? ਏਥੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਦੀ ‘ਨਸ਼ਾ ਵਿਰੋਧੀ ਮੁਹਿੰਮ’ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਵੜਿੰਗ ਨੇ ਕਿਹਾ ਕਿ ਰਾਜਪਾਲ ਵੱਲੋਂ ਕੀਤੀਆਂ ਜਾਂਦੀਆਂ ਸਰਹੱਦੀ ਯਾਤਰਾਵਾਂ ਸਿਰਫ਼ ਟੈਕਸ ਦੇ ਪੈਸੇ ਦੀ ਬਰਬਾਦੀ ਹਨ। ਉਨ੍ਹਾਂ ਮੁਤਾਬਕ ਜੇਕਰ ਇਹ ਕਰੋੜਾਂ ਰੁਪਏ ਨਸ਼ਾ ਛਡਾਊ ਕੇਂਦਰਾਂ ‘ਤੇ ਖਰਚੇ ਜਾਂਦੇ ਤਾਂ ਸ਼ਾਇਦ 2 ਨਵੇਂ ਸੈਂਟਰ ਖੁੱਲ੍ਹ ਸਕਦੇ ਸਨ ਜਿਨ੍ਹਾਂ ਦਾ ਲੋਕਾਂ ਨੂੰ ਫਾਇਦਾ ਹੁੰਦਾ। ਨਸ਼ਿਆਂ ਦੀ ਰੋਕਥਾਮ ਲਈ ਇੱਕ ਨਵਾਂ ਪੱਖ ਰੱਖਦਿਆਂ ਵੜਿੰਗ ਨੇ ਕਿਹਾ “ਮੈਂ ਕਿਸੇ ਵੀ ਨਸ਼ੇ ਦੇ ਹੱਕ ਵਿੱਚ ਨਹੀਂ ਹਾਂ, ਪਰ ਸਮੈਕ ਅਤੇ ਸਿੰਥੈਟਿਕ ਨਸ਼ਿਆਂ ਦੀ ਘਾਤਕ ਮਾਰ ਤੋਂ ਨੌਜਵਾਨੀ ਨੂੰ ਬਚਾਉਣ ਲਈ ਅਫੀਮ ਅਤੇ ਭੁੱਕੀ ਨੂੰ ਇੱਕ ਬਦਲ ਵਜੋਂ ਵਿਚਾਰਿਆ ਜਾ ਸਕਦਾ ਹੈ।” ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ਈਡੀ ਅਫ਼ਸਰਾਂ ਦੀ ਅਚਾਨਕ ਹੋਈ ਬਦਲੀ ‘ਤੇ ਟਿੱਪਣੀ ਕਰਦਿਆਂ ਵੜਿੰਗ ਨੇ ਦਾਅਵਾ ਕੀਤਾ ਕਿ ਜਿਵੇਂ ਹੀ ਭਾਜਪਾ ਨੂੰ ਪਤਾ ਲੱਗਿਆ ਕਿ ਕੈਪਟਨ ਦਾ ਰੁਝਾਨ ਮੁੜ ਕਾਂਗਰਸ ਵੱਲ ਹੋ ਰਿਹਾ ਹੈ ਤਾਂ ਉਨ੍ਹਾਂ ਨੂੰ ਦਬਾਉਣ ਲਈ ਇਹ ਹਥਕੰਡੇ ਅਪਣਾਏ ਗਏ ਹਨ। ਰਾਜਾ ਵੜਿੰਗ ਨੇ ਪੁਲਵਾਮਾ ਹਮਲੇ ਦੀ ਬਰਸੀ ‘ਤੇ ਕੇਂਦਰ ਸਰਕਾਰ ਨੂੰ ਵੀ ਘੇਰਿਆ। ਅੱਜ ਪੁਲਵਾਮਾ ਹਮਲੇ ਦੀ ਬਰਸੀ ਮੌਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਵੜਿੰਗ ਨੇ ਕਿਹਾ ਕਿ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਇਸ ਘਟਨਾ ਦੀ ਜਾਂਚ ਪੂਰੀ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਜਿੰਨਾ ਸਮਾਂ ਭਾਜਪਾ ਸੱਤਾ ਵਿੱਚ ਹੈ, ਇਹ ਰਾਜ਼ ਹੀ ਰਹੇਗਾ ਕਿ ਅਸਲ ਵਿੱਚ ਉਹ ਘਟਨਾ ਕਿਉਂ ਵਾਪਰੀ ਸੀ। ਵੜਿੰਗ ਨੇ ਸੋਸ਼ਲ ਮੀਡੀਆ ‘ਤੇ ਭਗਵੰਤ ਮਾਨ ਸਰਕਾਰ ਨੂੰ ਤੰਜ ਕਸਦਿਆਂ ਲਿਖਿਆ, ‘ਝਾੜੂ ਦੀ ਸਰਕਾਰ ਬਣੇ ਨੂੰ 5 ਸਾਲ ਬੀਤਣ ਵਾਲੇ ਹਨ, ਆਖ਼ਿਰ ਕਦੋਂ ਮਿਲੇਗਾ ਔਰਤਾਂ ਦਾ 1000 ਰੁਪਇਆ?’
