ਮੰਦਰ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਬੋਲੈਰੋ ਨਹਿਰ ‘ਚ ਡਿੱਗੀ


ਇਕੋ ਪਰਿਵਾਰ ਦੇ 9 ਜੀਆਂ ਸਮੇਤ 11 ਲੋਕਾਂ ਦੀ ਮੌਤ
(ਨਿਊਜ਼ ਟਾਊਨ ਨੈਟਵਰਕ)
ਗੌਂਡਾ, 3 ਅਗੱਸਤ : ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿਚ ਇਕ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਇਕ ਬੋਲੈਰੋ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਨਹਿਰ ਵਿਚ ਡਿੱਗ ਗਈ। ਇਸ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ, ਇਕ ਲਾਪਤਾ ਹੈ। ਜਦਕਿ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ ਹੈ। ਮ੍ਰਿਤਕਾਂ ਵਿਚੋਂ ਨੌਂ ਇਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ। ਇਹ ਹਾਦਸਾ ਇਤਿਆਥੋਕ ਦੀ ਬੇਲਵਾ ਬਹੂਤਾ ਨਹਿਰ ਨੇੜੇ ਵਾਪਰਿਆ। ਬੋਲੈਰੋ ਵਿਚ ਸਵਾਰ ਸਾਰੇ ਲੋਕ ਜਲਾਭਿਸ਼ੇਕ ਲਈ ਪ੍ਰਿਥਵੀਨਾਥ ਮੰਦਰ ਜਾ ਰਹੇ ਸਨ। ਇਹ ਲੋਕ ਮੋਤੀਗੰਜ ਥਾਣਾ ਖੇਤਰ ਦੇ ਸਿਹਾਗਾਉਂ ਦੇ ਰਹਿਣ ਵਾਲੇ ਸਨ। ਕਾਰ ਵਿਚ 15 ਲੋਕ ਸਵਾਰ ਸਨ। 11 ਲੋਕਾਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਜਦਕਿ ਇਕ ਲਾਪਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ ਦਾ ਨੋਟਿਸ ਲਿਆ ਹੈ ਅਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚਣ ਅਤੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿਤੇ। ਖ਼ਬਰ ਲਿਖੇ ਜਾਣ ਤਕ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਕ ਵਿਅਕਤੀ ਦੀ ਭਾਲ ਅਜੇ ਵੀ ਜਾਰੀ ਹੈ ਜਦਕਿ ਤਿੰਨ ਲੋਕ ਕਿਸੇ ਤਰ੍ਹਾਂ ਬਾਹਰ ਨਿਕਲਣ ਅਤੇ ਬਚਣ ਵਿਚ ਕਾਮਯਾਬ ਹੋ ਗਏ।
