ਅਮਰੀਕਾ ’ਚ ਅਗਵਾ ਹੋਏ ਸਿੱਖ ਬਜ਼ੁਰਗ ਅਵਤਾਰ ਸਿੰਘ ਦੀ ਮਿਲੀ ਲਾਸ਼


ਲੁਧਿਆਣਾ ਵਾਸੀ ਅਵਤਾਰ ਸਿੰਘ ਨੂੰ ਕੈਲੀਫੋਰਨੀਆ ਤੋਂ ਕੀਤਾ ਗਿਆ ਸੀ ਅਗਵਾ
ਵਾਸ਼ਿੰਗਟਨ, 23 ਫਰਵਰੀ (ਨਿਊਜ਼ ਟਾਊਨ ਨੈਟਵਰਕ) : ਅਮਰੀਕਾ ਦੇ ਟ੍ਰੇਸੀ ਸ਼ਹਿਰ ਦੇ ਗੁਰਦੁਆਰੇ ਤੋਂ ਅਗਵਾ ਹੋਏ ਸਿੱਖ ਵਿਅਕਤੀ ਦੀ ਅੱਜ ਮ੍ਰਿਤਕ ਦੇਹ ਮਿਲ ਗਈ ਹੈ। ਬਜ਼ੁਰਗ ਸਿੱਖ ਨੂੰ ਕਿਹੜੇ ਕਾਰਨਾਂ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ (57) ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਸਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਕੈਲੀਫੋਰਨੀਆ ਵਿੱਚ ਪਰਿਵਾਰ ਨਾਲ ਰਹਿ ਰਹੇ ਸਨ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਇਸ ਸਬੰਧੀ ਜਾਣਕਾਰੀ ਆਪਣੇ ਫੇਸਬੁੱਕ ਪੇਜ ’ਤੇ ਦਿੱਤੀ। ਮ੍ਰਿਤਕ ਸਿੱਖ ਬਜ਼ੁਰਗ ਅਵਤਾਰ ਸਿੰਘ ਟ੍ਰੇਸੀ ਸਥਿਤ ਗੁਰਦੁਆਰਾ ਸਾਹਿਬ ਵਿੱਚ ਰਸੋਈਏ ਵਜੋਂ ਸੇਵਾ ਕਰਦੇ ਸਨ। ਪਰਿਵਾਰ ਨੇ ਸੈਨ ਜੋਆਕਿਨ ਕਾਉਂਟੀ ਸ਼ੈਰਿਫ ਦਫ਼ਤਰ ਵਿੱਚ ਉਨ੍ਹਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਸੀ.ਸੀ.ਟੀ.ਵੀ. ਫੁਟੇਜ ਮਿਲੀ ਸੀ, ਜਿਸ ਵਿੱਚ ਚਿੱਟੇ ਰੰਗ ਦੀ ਐਸ.ਯੂ.ਵੀ ਅਤੇ ਗੂੜ੍ਹੇ ਕੱਪੜੇ ਪਹਿਨੇ ਤਿੰਨ ਵਿਅਕਤੀ ਅਵਤਾਰ ਸਿੰਘ ਨੂੰ ਜ਼ਬਰਦਸਤੀ ਲੈ ਕੇ ਜਾਂਦੇ ਦਿਖਾਈ ਦੇ ਰਹੇ ਸਨ। ਪੁਲਿਸ ਅਨੁਸਾਰ 17 ਫਰਵਰੀ ਨੂੰ ਸ਼ਾਮ 8:52 ਵਜੇ ਅਵਤਾਰ ਸਿੰਘ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੇ ਅਵਤਾਰ ਸਿੰਘ ਅਤੇ ਸ਼ੱਕੀ ਐਸ.ਯੂ.ਵੀ. ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਜਾਰੀ ਕਰਕੇ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਸੀ। ਅਮਰੀਕੀ ਪੁਲਿਸ ਅਨੁਸਾਰ ਇੱਕ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਸੀ, ਜਿਸ ਤੋਂ ਪਤਾ ਲੱਗਾ ਕਿ ਤਿੰਨ ਅਣਪਛਾਤੇ ਵਿਅਕਤੀਆਂ ਨੇ ਅਵਤਾਰ ਸਿੰਘ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਇਆ ਅਤੇ ਉਸ ਤੋਂ ਬਾਅਦ ਉੱਥੋਂ ਚਲੇ ਗਏ। ਹੁਣ ਸੀ.ਸੀ.ਟੀ.ਵੀ. ਫੁਟੇਜ ਦੇ ਅਧਾਰ ਤੇ ਮੁਲਜ਼ਮਾਂ ਦੀ ਪਛਾਣ ਕਰਕੇ ਭਾਲ ਕੀਤੀ ਜਾ ਰਹੀ ਹੈ।
