ਸ਼ਾਹਕੋਟ ਥਾਣੇ ’ਚੋਂ ਕਬੱਡੀ ਖਿਡਾਰੀ ਗੁਰਭੇਜ ਸਿੰਘ ਦੀ ਮਿਲੀ ਲਾਸ਼


ਜਲੰਧਰ/ਸ਼ਾਹਕੋਟ, 8 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪਿੰਡ ਬਾਜਵਾ ਕਲਾਂ ਦੇ ਰਹਿਣ ਵਾਲੇ ਇਕ ਸਾਬਕਾ ਕਬੱਡੀ ਖਿਡਾਰੀ ਗੁਰਭੇਜ ਸਿੰਘ ਭੇਜਾ ਦੀ ਸ਼ਾਹਕੋਟ ਥਾਣੇ ਦੇ ਅੰਦਰ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਲਗਭਗ 3 ਦਿਨਾਂ ਬਾਅਦ ਜਦੋਂ ਲਾਸ਼ ਸੜਨ ਕਾਰਨ ਬਦਬੂ ਆਉਣ ਲੱਗੀ ਤਾਂ ਇਸ ਗੱਲ ਦਾ ਖੁਲਾਸਾ ਹੋਇਆ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਅਨੁਸਾਰ ਗੁਰਭੇਜ ਸਿੰਘ ਭੇਜਾ (26 ਸਾਲ) ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਜੋ ਕਿ ਇਕ ਚੰਗਾ ਕਬੱਡੀ ਖਿਡਾਰੀ ਰਿਹਾ ਹੈ। ਇਹ ਨੌਜਵਾਨ ਪਿਛਲੇ ਕੁਝ ਮਹੀਨਿਆਂ ਤੋਂ ਸ਼ਾਹਕੋਟ ਥਾਣੇ ਵਿਚ ਕਰਮਚਾਰੀਆਂ ਨੂੰ ਚਾਹ-ਪਾਣੀ ਅਤੇ ਮਾਲਿਸ਼ ਕਰਦਾ ਸੀ। ਪਿਛਲੇ ਸ਼ੁੱਕਰਵਾਰ ਨੂੰ ਇਹ ਨੌਜਵਾਨ ਥਾਣੇ ਵਿਚ ਕੰਮ ਕਰਨ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। ਹਾਲ ਹੀ ਵਿਚ ਜਦੋਂ ਪੁਲਿਸ ਮੁਲਾਜ਼ਮਾਂ ਨੇ ਲਾਸ਼ ਸੜਨ ਕਾਰਨ ਥਾਣੇ ਦੇ ਅੰਦਰ ਛੱਤ ਤੋਂ ਬਦਬੂ ਆਉਂਦੀ ਦੇਖੀ ਤਾਂ ਦੇਖਿਆ ਕਿ ਨੌਜਵਾਨ ਦੀ ਲਾਸ਼ ਥਾਣੇ ਦੇ ਉੱਪਰ ਵਾਲੇ ਕਮਰੇ ਵਿਚ ਪਈ ਸੀ।
ਹੈਰਾਨੀ ਵਾਲੀ ਗੱਲ ਇਹ ਹੈ ਕਿ 3 ਦਿਨਾਂ ਤੋਂ ਥਾਣੇ ਦੇ ਅੰਦਰ ਲਾਸ਼ ਪਈ ਹੋਣ ਦੇ ਬਾਵਜੂਦ ਕਿਸੇ ਵੀ ਪੁਲਿਸ ਕਰਮਚਾਰੀ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਅਤੇ ਨਾ ਹੀ ਉਨ੍ਹਾਂ ਨੂੰ ਉਸ ਨਾਲ ਕੰਮ ਕਰਨ ਵਾਲੇ ਸਹਾਇਕ ਦੀ ਗ਼ੈਰਹਾਜ਼ਰੀ ਬਾਰੇ ਪਤਾ ਲੱਗਾ। ਲਾਸ਼ ਮਿਲਣ ‘ਤੇ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।
ਸ਼ਾਹਕੋਟ ਦੇ ਡੀਐਸਪੀ ਓਂਕਾਰ ਸਿੰਘ ਬਰਾੜ ਨੇ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਵਾਲੇ ਉਸ ਜਗ੍ਹਾ ‘ਤੇ ਘੱਟ ਹੀ ਜਾਂਦੇ ਹਨ ਜਿੱਥੇ ਨੌਜਵਾਨ ਦੀ ਲਾਸ਼ ਮਿਲੀ ਹੈ। ਮੁੱਢਲੀ ਜਾਂਚ ਵਿਚ ਨੌਜਵਾਨ ਦੀ ਮੌਤ ਕਿਸੇ ਜ਼ਹਿਰੀਲੇ ਕੀੜੇ ਜਾਂ ਕਿਸੇ ਹੋਰ ਚੀਜ਼ ਦੇ ਕੱਟਣ ਨਾਲ ਹੋ ਸਕਦੀ ਹੈ। ਕਿਉਂਕਿ ਗੁਰਭੇਜ ਇਕ ਚੰਗਾ ਖਿਡਾਰੀ ਅਤੇ ਬਾਡੀ ਬਿਲਡਰ ਸੀ। ਅਸੀਂ ਉਸਦੀ ਬਹੁਤ ਮਦਦ ਕਰਦੇ ਸੀ, ਉਹ ਇਕ ਚੰਗਾ ਖਿਡਾਰੀ ਸੀ। ਪੋਸਟਮਾਰਟਮ ਰਿਪੋਰਟ ਆਉਣ ‘ਤੇ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ।
ਪੁਲਿਸ ਨੇ ਨੌਜਵਾਨ ਦਾ ਸਰਕਾਰੀ ਹਸਪਤਾਲ ਨਕੋਦਰ ਵਿਖੇ ਪੋਸਟਮਾਰਟਮ ਕਰਵਾਇਆ ਅਤੇ ਲਾਸ਼ ਨੂੰ ਸਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿਤਾ। ਸਸਕਾਰ ਸਮੇਂ ਪਿੰਡ ਦੇ ਲੋਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀ ਵੀ ਮੌਜੂਦ ਸਨ।
