ਦੁਬਈ ਤੋਂ ਭਾਰਤ ਪਹੁੰਚੀ ਮੋਗਾ ਦੇ ਅਜੈ ਕੁਮਾਰ ਦੀ ਦੇਹ



ਸਰਬੱਤ ਦਾ ਭਲਾ ਟਰੱਸਟ ਵਲੋਂ ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਦੇਹ ਨੂੰ ਹਵਾਈ ਅੱਡੇ ਤੋਂ ਘਰ ਭੇਜਿਆ ਗਿਆ
ਅੰਮ੍ਰਿਤਸਰ, 4 ਅਗਸਤ (ਸੇਠੀ) : ਜ਼ਿਲ੍ਹਾ ਮੋਗਾ ਦੀ ਤਹਿਸੀਲ ਬਾਘਾ ਪੁਰਾਣਾ ਦੇ ਪਿੰਡ ਰਾਜੇਆਣਾ ਨਾਲ ਸਬੰਧਤ 34 ਸਾਲਾ ਅਜੈ ਕੁਮਾਰ ਪੁੱਤਰ ਰਾਮ ਪ੍ਰਕਾਸ਼ ਦੀ ਲਾਸ਼ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਪਹੁੰਚੀ। ਇਸ ਤੋਂ ਬਾਅਦ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਵਲੋਂ ਲਾਸ਼ ਨੂੰ ਉਸਦੇ ਪਿੰਡ ਦੇ ਘਰ ਲਿਜਾਇਆ ਗਿਆ। ਜਾਣਕਾਰੀ ਸਾਂਝੀ ਕਰਦਿਆਂ ਦੁਬਈ ਦੇ ਮਸ਼ਹੂਰ ਉਦਯੋਗਪਤੀ ਅਤੇ ਟਰੱਸਟ ਦੇ ਸੰਸਥਾਪਕ ਡਾ. ਐਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਅਜੈ ਕੁਮਾਰ ਵੀ ਦੂਜੇ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਪਿਛਲੇ ਪੰਜ ਸਾਲਾਂ ਤੋਂ ਦੁਬਈ ਵਿਚ ਸਖ਼ਤ ਮਿਹਨਤ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ 24 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ ਸੀ। ਡਾ. ਓਬਰਾਏ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੀੜਤ ਪਰਿਵਾਰ ਦੀ ਹਾਜ਼ਰੀ ਵਿਚ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸ਼ੀਸ਼ਪਾਲ ਸਿੰਘ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਅਤੇ ਇੰਜੀਨੀਅਰ ਜਗਦੇਵ ਸਿੰਘ ਛੀਨਾ ਨੇ ਟਰੱਸਟ ਦੀ ਐਂਬੂਲੈਂਸ ਸੇਵਾ ਵਿਚ ਮ੍ਰਿਤਕ ਦੇਹ ਪ੍ਰਾਪਤ ਕੀਤੀ ਅਤੇ ਇਸਨੂੰ ਆਪਣੇ ਘਰ ਲੈ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਅਜੈ ਕੁਮਾਰ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਵਿਚ ਆਉਣ ਵਾਲਾ ਸਾਰਾ ਖਰਚਾ ਉਨ੍ਹਾਂ ਦੀ ਕਾਰਜ ਸਥਾਨ ਕੰਪਨੀ ਵਲੋਂ ਚੁੱਕਿਆ ਗਿਆ ਹੈ। ਡਾ. ਓਬਰਾਏ ਨੇ ਕਿਹਾ ਕਿ ਟਰੱਸਟ ਦੀ ਮੋਗਾ ਜ਼ਿਲ੍ਹਾ ਟੀਮ ਜਲਦੀ ਹੀ ਪਰਿਵਾਰ ਦੀ ਵਿੱਤੀ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਜ਼ਰੂਰਤ ਅਨੁਸਾਰ ਅਜੈ ਕੁਮਾਰ ਦੇ ਪਰਿਵਾਰ ਨੂੰ ਮਹੀਨਾਵਾਰ ਪੈਨਸ਼ਨ ਪ੍ਰਦਾਨ ਕਰੇਗੀ। ਜ਼ਿਕਰਯੋਗ ਹੈ ਕਿ ਡਾ. ਓਬਰਾਏ ਦੀ ਅਗਵਾਈ ਵਿਚ ਹੁਣ ਤਕ ਲਗਭਗ 422 ਬਦਕਿਸਮਤ ਨੌਜਵਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ ਅਤੇ ਪਿਛਲੇ ਕੁਝ ਸਮੇਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਲਾਸ਼ਾਂ ਨੂੰ ਘਰ ਲਿਆਉਣ ਲਈ ਮੁਫ਼ਤ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਹਵਾਈ ਅੱਡੇ ‘ਤੇ ਮੌਜੂਦ ਮ੍ਰਿਤਕ ਦੇ ਪਿਤਾ ਰਾਮ ਪ੍ਰਕਾਸ਼, ਭਰਾ ਦਵਿੰਦਰ ਕੁਮਾਰ, ਸੋਮਾ ਆਦਿ ਨੇ ਡਾ. ਐਸ.ਪੀ. ਸਿੰਘ ਓਬਰਾਏ ਦਾ ਇਸ ਮੁਸ਼ਕਲ ਸਮੇਂ ਵਿਚ ਮਦਦ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।