ਬੋਰਡ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਿਨ ਦੀਆਂ ਮਨਮਰਜ਼ੀਆਂ!


ਸੇਵਾ-ਮੁਕਤੀ ਨਿਯਮਾਂ ਨੂੰ ਛਿੱਕੇ ਟੰਗ ਕੇ ਬੋਰਡ ਨੇ ਕੀਤਾ ਰਜਿਸਟਰਾਰ ਦੀ ਸੇਵਾ ਵਿਚ ਵਾਧਾ
8 ਸਾਲ ਤੋਂ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਵਾਧੂ ਚਾਰਜ ਵੀ ਨਿਯਮਾਂ ਦੀ ਉਲੰਘਣਾ ਕਰਕੇ ਦਿਤਾ
ਮੁੱਖ ਮੰਤਰੀ ਜਾਂ ਸਰਕਾਰ ਦੀ ਤਾਕਤ ਨਹੀਂ ਕਿ ਉਸ ਨੂੰ ਸੇਵਾ-ਮੁਕਤ ਕਰ ਸਕੇ
ਯੂਨੀਵਰਸਿਟੀ ਦਾ ਰਜਿਸਟਰਾਰ ਬਣਨ ਲਈ ਵਿਦਿਅਕ ਯੋਗਤਾ ਵੀ ਪੂਰੀ ਨਹੀਂ
ਐਲੋਪੈਥੀ ਵਿਸ਼ੇ ਨਾਲ ਸਬੰਧਤ ਅਪਣੇ ਲੜਕੇ ਅਤੇ ਨੂੰਹ ਨੂੰ ਵੀ ਕਰਵਾਈ ਆਯੁਰਵੈਦਾ ਵਿਸ਼ੇ ਵਿਚ ਪੀ.ਐਚ.ਡੀ.
ਭ੍ਰਿਸ਼ਟਾਚਾਰ ਰਾਹੀਂ ਟਰਾਈ ਸਿਟੀ ਵਿਚ ਕਰੋੜਾਂ ਦੀ ਜਾਇਦਾਦ ਬਣਾਈ
ਝੋਲਾ ਛਾਪ ਡਾਟਕਰਾਂ ਦੀ ਪੁਸ਼ਤ-ਪਨਾਹੀ ਦਾ ਦੋਸ਼



(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 3 ਅਕਤੂਬਰ : ਸਮਾਜ ਸੇਵੀ ਪਰਮਿੰਦਰ ਕੁਮਾਰ ਭੱਟੀ ਨੇ ਅੱਜ ਇਥੇ ਪੰਜਾਬ ਦੀ ਆਯੁਰਵੈਦਿਕ ਸਿੱਖਿਆ ਪ੍ਰਣਾਲੀ ਵਿਚ ਫੈਲੇ ਭ੍ਰਿਸ਼ਟਾਚਾਰ ਦਾ ਪਰਦਾ ਫ਼ਾਸ਼ ਕਰਦਿਆਂ ਦਾਅਵਾ ਕੀਤਾ ਕਿ ਸਿਰਫ਼ ਇਕ ਵਿਅਕਤੀ ਜਿਸ ਦੀ ਵਿਦਿਅਕ ਯੋਗਤਾ ਵੀ ਪੂਰੀ ਨਹੀਂ, ਪਿਛਲੇ 8 ਸਾਲ ਤੋਂ ਗੁਰੂ ਰਵਿਦਾਸ ਆਯੁਵੈਦਿਕ ਯੂਨੀਵਰਸਿਟੀ ਦੇ ਰਜਿਸਟਰਾਰ (ਵਾਧੂ ਚਾਰਜ) ਦੇ ਅਹੁਦੇ ਉਤੇ ਚਿਪਕਿਆ ਹੋਇਆ ਹੈ। ਇਹ ਸ਼ਖ਼ਸ ਪੰਜਾਬ ਦੀ ਸਮੁੱਚੀ ਆਯੁਰਵੈਦਿਕ ਸਿੱਖਿਆ ਪ੍ਰਣਾਲੀ ਨੂੰ ਘੁਣ ਵਾਂਗ ਖਾ ਰਿਹਾ ਹੈ ਅਤੇ ਸੇਵਾ-ਮੁਕਤ ਹੋਣ ਤੋਂ ਬਾਅਦ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਵਿਰੁਧ ਜਾ ਕੇ ਬੋਰਡ ਇਸ ਦੀਆਂ ਸੇਵਾਵਾਂ ਵਿਚ ਵਾਧਾ ਕਰ ਦਿੰਦਾ ਹੈ। ਪਿਛਲੇ 8 ਸਾਲਾਂ ਦੌਰਾਨ ਪਹਿਲਾਂ ਕਾਂਗਰਸ ਸਰਕਾਰ ਨੂੰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਯੂਨੀਵਰਸਿਟੀ ਲਈ ਪੱਕਾ ਰਜਿਸਟਰਾਰ ਹੀ ਨਹੀਂ ਲੱਭਿਆ।
ਬੋਰਡ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਿਨ ਵਿਚ ਭ੍ਰਿਸ਼ਟਾਚਾਰ ਅਤੇ ਮਨਮਾਨੀਆਂ ਇਸ ਪੱਧਰ ਤੇ ਹਨ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਵੀ ਨਹੀਂ ਕਰਦੇ। ਇਕ ਪੱਤਰ ਮਿਤੀ 09.11.2021 ਨੂੰ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਜਾਰੀ ਕੀਤਾ ਗਿਆ, ਜਿਸ ਵਿਚ ਸਪੱਸ਼ਟ ਆਦੇਸ਼ ਦਿਤਾ ਗਿਆ ਕਿ ਸੇਵਾ-ਮੁਕਤੀ ਤੋਂ ਬਾਅਦ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਅਪਣੇ ਅਹੁੱਦੇ ਉਤੇ ਨਹੀਂ ਬਣਿਆ ਰਹਿ ਸਕਦਾ। ਸੇਵਾ ਵਾਧੇ ਉਤੇ ਕੰਮ ਕਰਦੇ ਜਿੰਨੇ ਵੀ ਕਰਮਚਾਰੀ ਹਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਫ਼ਾਰਗ਼ ਕੀਤਾ ਜਾਵੇ ਪਰ ਬੋਰਡ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਿਨ ਤਾਂ ਕਿਸੇ ਸਰਕਾਰੀ ਹੁਕਮ ਨੂੰ ਮੰਨਦਾ ਹੀ ਨਹੀਂ। ਉਨ੍ਹਾਂ ਵਲੋਂ ਅਹੁੱਦੇ ਉਤੇ ਤਾਇਨਾਤ ਰਜਿਸਟਰਾਰ ਸੰਜੀਵ ਗੋਇਲ ਨੂੰ ਸਰਕਾਰੀ ਹਦਾਇਤਾਂ ਦੇ ਬਾਵਜੂਦ ਵੀ ਅਹੁੱਦੇ ਉਤੇ ਬਰਕਰਾਰ ਰੱਖਿਆ ਅਤੇ ਉਸ ਨੂੰ ਨਿੱਜੀ ਤੌਰ ਤੇ ਲਾਭ ਦਿਤਾ। ਕਾਨੂੰਨੀ ਮਾਹਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਕੋਈ ਵੀ ਕਰਮਚਾਰੀ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਅਪਣੇ ਅਹੁੱਦੇ ਉਤੇ ਇਕ ਦਿਨ ਵੀ ਬਣਿਆ ਨਹੀਂ ਰਹਿ ਸਕਦਾ ਪ੍ਰੰਤੂ ਬੋਰਡ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਿਨ ਦਾ ਰਜਿਸਟਰਾਰ ਵਾਧਾ ਖ਼ਤਮ ਕਰਨ ਦੀ ਚਿੱਠੀ ਤੋਂ ਬਾਅਦ ਵੀ 20 ਮਹੀਨੇ ਨਵਾਂ ਨੋਟੀਫ਼ਿਕੇਸ਼ਨ ਜਾਰੀ ਹੋਣ ਤਕ ਅਪਣੇ ਅਹੁੱਦੇ ਉਤੇ ਬਣਿਆ ਰਿਹਾ ਅਤੇ ਤਨਖ਼ਾਹ ਅਤੇ ਭੱਤਿਆਂ ਦਾ ਆਨੰਦ ਮਾਣਦਾ ਰਿਹਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 28.06.2023 ਨੂੰ ਇਕ ਗਜ਼ਟ ਨੋਟੀਫ਼ਿਕੇਸ਼ਨ ਜਾਰੀ ਕੀਤੀ ਜਿਸ ਵਿਚ ਬੋਰਡ ਦੇ ਰਜਿਸਟਰਾਰ ਦੀ ਸੇਵਾ-ਮੁਕਤੀ ਦੀ ਉਮਰ ਨੂੰ ਵਧਾ ਕੇ 58 ਸਾਲ ਤੋਂ ਵਧਾ ਕੇ 65 ਸਾਲ ਕਰ ਦਿਤਾ ਜੋ ਕਿ ਨੋਟੀਫ਼ਿਕੇਸ਼ਨ ਜਾਰੀ ਹੋਣ ਦੀ ਮਿਤੀ ਅਤੇ ਭਵਿੱਖ ਵਿਚ ਲਾਗੂ ਹੋਵੇਗਾ ਨਾ ਕਿ ਇਸ ਦਾ ਲਾਭ ਪਿਛਲੇ ਕਰਚਮਾਰੀਆਂ ਨੂੰ ਦਿਤਾ ਜਾਵੇਗਾ।
ਪਰਮਿੰਦਰ ਕੁਮਾਰ ਭੱਟੀ ਨੇ ਕਿਹਾ ਕਿ ਕੋਈ ਵੀ ਅਧਿਕਾਰੀ ਸੇਵਾ-ਮੁਕਤ ਹੋਣ ਤੋਂ ਬਾਅਦ ਇਕ ਦਿਨ ਵੀ ਆਪਣੇ ਅਹੁੱਦੇ ਤੇ ਨਹੀਂ ਰਹਿ ਸਕਦਾ ਪਰ ਸੰਜੀਵ ਗੋਇਲ ਜੂਨ, 2020 ਵਿਚ ਰਿਟਾਇਰ ਹੋਣ ਦੇ ਵਾਵਜੂਦ ਇਸ ਅਹੁਦੇ ਉਤੇ ਬਣਿਆ ਹੋਇਆ ਹੈ ਅਤੇ ਸਰਕਾਰੀ ਤਨਖ਼ਾਹ ਅਤੇ ਭੱਤੇ ਲੈ ਕੇ ਅਪਣੇ ਅਹੁੱਦੇ ਦੀ ਵੱਡੇ ਪੱਧਰ ਉਤੇ ਦੁਰਵਰਤੋਂ ਕਰਦਾ ਆ ਰਿਹਾ ਹੈ। ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਨੰਬਰ ਅ.ਵੀ.ਪੱ.ਨੰ 14/03/2021-2ਪੀ.ਪੀ.3/1220 ਮਿਤੀ 09/11/2021 ਜਿਸ ਦਾ ਵਿਸ਼ਾ ਅਧਿਕਾਰੀਆਂ/ਕਰਮਚਾਰੀਆਂ ਦੀ ਸੇਵਾ ਨਵਿਰਤੀ ਉਪਰੰਤ ਮੁੜ ਨਿਯੁਕਤੀ ਖ਼ਤਮ ਕਰਨ ਬਾਰੇ ਹੈ, ਦੇ ਹੁਕਮਾਂ ਦੇ ਬਾਵਜੂਦ ਸੰਜੀਵ ਗੋਇਲ ਬਤੌਰ ਰਜਿਸਟਰਾਰ ਪੰਜਾਂਬ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਿਨ ਕੰਮ ਕਰਦਾ ਆ ਰਿਹਾ ਹੈ ਅਤੇ ਬਤੌਰ DDO ਹੋਰਾਂ ਦੀ ਤਨਖ਼ਾਹ ਵੀ ਕਢਵਾ ਰਿਹਾ ਹੈ ਜੋ ਕਿ ਸਰਾਸਰ ਨਿਯਮ-ਕਾਨੂੰਨਾਂ ਦੀ ਉਲੰਗਣਾ ਹੈ। ਬੋਰਡ ਦੇ ਚੇਅਰਮੈਨ ਅਤੇ ਇਸ ਵਿਅਕਤੀ ਨੇ ਪੰਜਾਬ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਿਨ ਬੋਰਡ ਨੂੰ ਅਪਣੀ ਨਿੱਜੀ ਕੰਪਨੀ ਬਣਾ ਲਿਆ ਹੈ ਤੇ ਆਪਣੀ ਮਰਜ਼ੀ ਨਾਲ ਹੀ ਪੰਜਾਬ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਿਨ ਬੋਰਡ ਨੂੰ ਚਲਾ ਰਹੇ ਹਨ। ਇਨ੍ਹਾਂ ਵਿਅਕਤੀਆਂ ਦੀ ਛੱਤਰ-ਛਾਇਆ ਹੇਠ ਬੋਰਡ ਵਿਚ ਬੇਨਿਯਮੀਆਂ ਦਾ ਦੌਰਾ ਜਾਰੀ ਹੈ। ਬੋਰਡ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਿਨ ਡੀ-ਫ਼ਾਰਮੇਸੀ (ਉਪ ਵੈਦ) ਦੀ ਪ੍ਰੀਖਿਆ ਲੈਣ ਵਾਲੀ ਅਧਿਕਾਰਤ ਸੰਸਥਾ ਹੈ। ਇਸ ਅਧੀਨ ਚੱਲ ਰਹੇ ਅਨੇਕਾਂ ਕਾਲਜਾਂ ਵਿਚ ਡੀ-ਫ਼ਾਰਮੇਸ਼ੀ (ਉਪ ਵੈਦ) ਕਰਾਈ ਜਾਂਦੀ ਹੈ। ਹਰ ਸਮੈਸਟਰ ਦੀ ਪ੍ਰੀਖਿਆ ਸਮੇਂ ਸਮੂਹਕ ਨਕਲ ਕਰਾਉਣ ਲਈ ਪ੍ਰੀਖਿਆਰਥੀਆਂ ਤੋਂ ਵਸੂਲੀ ਕੀਤੀ ਜਾਂਦੀ ਹੈ। ਜੇ ਵਿਦਿਆਰਥੀਆਂ ਦੀਆਂ ਉਤਰ-ਪੱਤਰੀਆਂ ਦੀ ਜਾਂਚ ਕਰਾਈ ਜਾਵੇ ਤਾਂ ਸਮੂਹਕ ਨਕਲ ਦਾ ਪਰਦਾ ਫ਼ਾਸ਼ ਹੋ ਜਾਵੇਗਾ। ਇਸ ਅਹੁੱਦੇ ਉਤੇ ਰਹਿ ਕੇ ਸੰਜੀਵ ਗੋਇਲ ਝੋਲਾ ਛਾਪ ਡਾਕਟਰਾਂ ਦੀ ਪੁਸ਼ਤ-ਪਨਾਹੀ ਕਰਦਾ ਹੈ। ਨਿਯਮਾਂ ਤੋਂ ਉਲਟ ਜਾ ਕੇ ਆਯੁਰਵੈਦਿਕ ਦਵਾਈਆਂ ਵੇਚਣ ਵਾਲੇ ਝੋਲਾ ਛਾਪ ਡਾਕਟਰਾਂ ਦੇ ਖਿ਼ਲਾਫ਼ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਉਂਦਾ।
ਪੰਜਾਬ ਵਿਚ ਆਯੁਰਵੈਦਿਕ ਸਿੱਖਿਆ ਪ੍ਰਣਾਲੀ ਨਾਲ ਸਬੰਧਤ ਮੁੱਖ ਸੰਸਥਾਵਾਂ ਬੋਰਡ ਆਫ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ ਮੈਡੀਸਿਨ ਅਤੇ ਗੁਰੂ ਰਵਿਦਾਸ ਆਯੁਵੈਦਿਕ ਯੂਨੀਵਰਸਿਟੀ ਹਨ। ਇਨ੍ਹਾਂ ਦੋਹਾਂ ਉਤੇ ਸੇਵਾ-ਮੁਕਤ ਹੋ ਜਾਣ ਦੇ ਬਾਵਜੂਦ ਪਿਛਲੇ 5 ਸਾਲ ਤੋਂ ਇਸੇ ਸੰਜੀਵ ਗੋਇਲ ਦਾ ਕਬਜ਼ਾ ਚੱਲਿਆ ਜਾ ਰਿਹਾ ਹੈ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਜਾਂ ਸੀਨੀਅਰ ਅਧਿਕਾਰੀਆਂ ਵਿਚ ਏਨੀ ਸ਼ਕਤੀ ਨਹੀਂ ਕਿ ਉਹ ਇਸ ਵਿਅਕਤੀ ਤੋਂ ਆਯੁਰਵੈਦਿਕ ਸਿਸਟਮ ਨੂੰ ਬਚਾ ਸਕਣ। ਪਰਮਿੰਦਰ ਕੁਮਾਰ ਭੱਟੀ ਨੇ ਕਿਹਾ ਕਿ ਸੰਜੀਵ ਗੋਇਲ 2021 ਵਿਚ 58 ਸਾਲ ਦੀ ਉਮਰ ਪੂਰੀ ਕਰਕੇ ਸੇਵਾ-ਮੁਕਤ ਹੋਇਆ ਸੀ ਪਰ ਇਸ ਦੇ ਬਾਵਜੂਦ ਉਹ ਸਰਕਾਰ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਬੋਰਡ ਤੋਂ ਅਪਣੀਆਂ ਸੇਵਾਵਾਂ ਵਿਚ ਵਾਧਾ ਕਰਾਉਣ ਵਿਚ ਸਫ਼ਲ ਹੋ ਜਾਂਦਾ ਹੈ। ਇਹੀ ਨਹੀ, ਸਰਕਾਰ ਵਿਚ ਸੰਜੀਵ ਗੋਇਲ ਦੀ ਏਨੀ ਤੂਤੀ ਬੋਲਦੀ ਕਿ ਵਿਦਿਅਕ ਯੋਗਤਾ ਪੂਰੀ ਨਾ ਹੋਣ ਦੇ ਬਾਵਜੂਦ ਉਸ ਨੂੰ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਿਚ ਬਤੌਰ ਰਜਿਸਟਰਾਰ ਵੀ ਨਿਯੁਕਤ ਕੀਤਾ ਹੋਇਆ ਹੈ ਜਦਕਿ ਉਸ ਤੋਂ ਵੱਧ ਯੋਗਤਾ ਵਾਲੇ ਅਧਿਕਾਰੀਆਂ ਨੂੰ ਇਸ ਤੋਂ ਹੇਠਲੇ ਅਹੁੱਦਿਆਂ ਉਤੇ ਨਿਯੁਕਤ ਕੀਤਾ ਹੋਇਆ ਹੈ।
ਆਮਦਨ ਤੋਂ ਵੱਧ ਜਾਇਦਾਦ
ਰਜਿਸਟਰਾਰ ਵਲੋਂ ਆਪਣੇ ਕਰਾਜਕਾਲ ਦੌਰਾਨ ਵੱਡੇ ਪੱਧਰ ਤੇ ਨਾਮੀ ਅਤੇ ਬੇਨਾਮੀ ਚਲ ਅਤੇ ਅਚੱਲ ਸੰਪਤੀ ਬਣਾਈ ਹੈ। ਇਸ ਨੇ ਇਕ ਕਨਾਲ ਦੀ ਕੋਠੀ ਜਿਸ ਦਾ ਨੰਬਰ -1410, ਸੈਕਟਰ-40-ਬੀ, ਚੰਡੀਗੜ੍ਹ ਹੈ, ਹਾਲ ਹੀ ਵਿਚ ਖ਼ਰੀਦੀ ਹੈ ਜਿਸ ਦੀ ਕੀਮਤ 8 ਕਰੋੜ ਦੇ ਲਗਭਗ ਹੈ। ਇਸ ਤੋਂ ਇਲਾਵਾ ਉਕਤ ਰਜਿਸਟਰਾਰ ਦਾ ਪਰਿਵਾਰਕ ਮੈਂਬਰਾਂ ਦੇ ਨਾਮ ਉਤੇ ਸੈਕਟਰ-82 ਮੋਹਾਲੀ ਵਿਖੇ ਕਰੋੜਾਂ ਰੁਪਏ ਦਾ ਇੰਡਸਟਰੀਅਲ ਪਲਾਟ ਵੀ ਹੈ। ਇਸ ਤੋਂ ਇਲਾਵਾ ਗਰੇ ਮਾਰਕੀਟ ਵਿਚ ਉਕਤ ਰਜਿਸਟਰਾਰ ਨੇ ਕਰੋੜਾਂ ਰੁਪਏ ਵਿਆਜ ਤੇ ਵੀ ਦਿਤੇ ਹੋਏ ਹਨ ਅਤੇ ਹੋਰ ਵੀ ਪ੍ਰਾਪਰਟੀ ਉਕਤ ਰਜਿਸਟਰਾਰ ਵਲੋਂ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਬਣਾਈ ਗਈ ਹੈ। ਇਸ ਰਜਿਸਟਰਾਰ ਨੇ ਮੋਟੀਆਂ ਡੋਨੇਸ਼ਨਾਂ ਦੇ ਕੇ ਆਪਣੇ ਬੱਚਿਆਂ ਨੂੰ ਮੈਡੀਕਲ ਦੀਆਂ ਸੀਟਾਂ ਖ਼ਰੀਦ ਕੇ ਪੜ੍ਹਾਈ ਕਰਵਾਈ ਹੈ। ਅਪਣੇ ਲੜਕੇ ਨੂੰ ਐਮ.ਡੀ. ਕਰਾਉਣ ਲਈ ਇਸ ਨੇ 1 ਕਰੋੜ ਤੋਂ ਵੱਧ ਦਾ ਖ਼ਰਚਾ ਕੀਤਾ ਹੈ। ਸੰਜੀਵ ਗੋਇਲ ਦੀ ਜਾਇਦਾਦ ਦੀ ਜਾਂਚ ਹੋਣੀ ਬਣਦੀ ਹੈ।
ਯੂਨੀਵਰਸਿਟੀ ਦਾ ਰਜਿਸਟਰਾਰ ਬਣਨ ਲਈ ਵਿਦਿਅਕ ਯੋਗਤਾ ਪੂਰੀ ਨਹੀਂ
ਯੂ.ਜੀ.ਸੀ. ਦੇ ਨਿਯਮਾਂ ਮੁਤਾਬਕ ਜੇ ਕਿਸੇ ਵੀ ਵਿਅਕਤੀ ਨੇ ਭਾਰਤ ਦੀ ਕਿਸੇ ਵੀ ਯੂਨੀਵਰਸਿਟੀ ਵਿਚ ਰਜਿਸਟਰਾਰ ਬਣਨਾ ਹੈ ਤਾਂ ਉਸ ਦੀ ਘੱਟੋ-ਘੱਟ ਵਿਦਿਅਕ ਯੋਗਤਾ ਮਾਸਟਰ ਡਿਗਰੀ ਹੈ ਪਰ ਸੰਜੀਵ ਗੋਇਲ ਨੂੰ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਵਾਧੂ ਚਾਰਜ ਦਿਤਾ ਹੋਇਆ ਹੈ ਪਰ ਸੰਜੀਵ ਗੋਇਲ ਇਸ ਅਹੁੱਦੇ ਲਈ ਜ਼ਰੂਰੀ ਵਿੱਦਿਅਕ ਯੋਗਤਾ ਪੂਰੀ ਨਹੀਂ ਕਰਦਾ। ਰਜਿਸਟਰਾਰ ਦੇ ਅਹੁੱਦੇ ਲਈ ਮਾਸਟਰ ਡਿਗਰੀ ਹੋਣੀ ਲਾਜ਼ਮੀ ਹੈ ਪਰ ਸੰਜੀਵ ਗੋਇਲ ਕੋਲ ਸਿਰਫ਼ ਬੈਚਲਰ ਡਿਗਰੀ ਦੀ ਯੋਗਤਾ ਹੈ। ਰਜਿਸਟਰਾਰ ਦੀ ਚੋਣ ਲਈ ਬਣੀ ਕਮੇਟੀ ਨੇ ਇਕ ਅਯੋਗ ਵਿਅਕਤੀ ਨੂੰ ਇਸ ਅਹੁੱਦੇ ਉਤੇ ਨਿਯੁਕਤ ਕਰਕੇ ਵਿਭਾਗੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ ਅਤੇ ਵੱਡੇ ਪੱਧਰ ਤੇ ਘਪਲਾ ਹੋਇਆ ਹੈ। ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦਾ ਰਜਿਸਟਰਾਰ ਰਹਿੰਦਿਆਂ ਸੰਜੀਵ ਗੋਇਲ ਨੇ ਅਪਣੇ ਲੜਕੇ ਅਤੇ ਅਪਣੀ ਨੂੰਹ ਨੂੰ ਪੀ.ਐਚ.ਡੀ. ਕਰਵਾਈ ਹੈ। 2021 ਦੇ ਪੀ.ਐਚ.ਡੀ. ਬੈਚ ਦਾ ਪੀ.ਐਚ.ਡੀ. ਵਿਚ ਦਾਖ਼ਲੇ ਲਈ ਟੈਸਟ ਇਸ ਕਰਕੇ ਲੇਟ ਯਾਨੀ ਫ਼ਰਵਰੀ 2022 ਵਿਚ ਲਿਆ ਕਿਉਂਕਿ ਸੰਜੀਵ ਗੋਇਲ ਦੀ ਨੂੰਹ ਦਾ ਰਿਜ਼ਲਟ ਨਹੀਂ ਆਇਆ ਸੀ ਅਤੇ ਉਹ ਪੀ.ਐਚ.ਡੀ. ਕਰਨਾ ਚਾਹੁੰਦੀ ਸੀ। ਸੰਜੀਵ ਗੋਇਲ ਦਾ ਲੜਕਾ ਅਤੇ ਨੂੰਹ ਦੋਵੇਂ ਹੀ ਐਲੋਪੈਥੀ ਵਿਸ਼ੇ ਦੇ ਡਾਕਟਰ ਹਨ, ਇਸ ਦੇ ਬਾਵਜੂਦ ਅਪਣੇ ਅਹੁੱਦੇ ਦਾ ਫ਼ਾਇਦਾ ਚੁੱਕਦਿਆਂ ਅਪਣੇ ਬੱਚਿਆਂ ਨੂੰ ਆਯੁਰਵੈਦਿਕ ਵਿਸ਼ੇ ਵਿਚ ਪੀ.ਐਚ.ਡੀ. ਕਰਵਾਈ ਅਤੇ ਅਪਣੀ ਨੂੰਹ ਨੂੰ ਫ਼ਾਇਦਾ ਪਹੁੰਚਾਉਣ ਲਈ ਐਂਟਰੈਂਸ ਟੈਸਟ ਹੀ ਲੇਟ ਕਰਵਾ ਦਿਤਾ। ਪਿਛਲੇ 8 ਸਾਲ ਤੋਂ ਇਕ ਅਯੋਗ ਵਿਅਕਤੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਨੂੰ ਚਲਾ ਰਿਹਾ ਹੈ। ਅਪਣੀ ਪਹੁੰਚ ਹੋਣ ਕਾਰਨ ਸੰਜੀਵ ਗੋਇਲ ਨੇ ਬੋਰਡ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਿਨ ਅਤੇ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦਾ ਰਜਿਸਟਰਾਰ ਹੋਣ ਕਾਰਨ ਦੋਹਾਂ ਥਾਵਾਂ ਉਤੇ ਭ੍ਰਿਸ਼ਟਾਚਾਰ ਫੈਲਾਅ ਰੱਖਿਆ ਹੈ। ਸਰਕਾਰ ਵਲੋਂ ਦਿਤੀਆਂ ਗੱਡੀਆਂ ਦੀ ਦੁਰਵਰਤੋਂ ਅਪਣੇ ਨਿੱਜੀ ਕੰਮਾਂ ਲਈ ਕਰਦਾ ਆ ਰਿਹਾ ਹੈ।
ਰਜਿਸਟਰਾਰ ਨੇ ਨਾ ਚੁੱਕਿਆ ਫ਼ੋਨ, ਨਾ ਸਵਾਲਾਂ ਦੇ ਜਵਾਬ ਦਿਤੇ
ਇਸ ਬਾਰੇ ਜਦ ਰਜਿਸਟਰਾਰ ਸੰਜੀਵ ਗੋਇਲ ਦਾ ਪੱਖ ਜਾਣਨ ਲਈ ਉਨ੍ਹਾਂ ਨੂੰ ਬਾਰ-ਬਾਰ ਫ਼ੋਨ ਕੀਤਾ ਗਿਆ ਅਤੇ ਵੱਟਸਅਪ ਨੰਬਰ ਉਤੇ ਸਵਾਲ ਭੇਜ ਕੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫ਼ੋਨ ਨਾ ਚੁੱਕਿਆ। ਇਸ ਤੋਂ ਬਾਅਦ ਬੋਰਡ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਿਨ ਦੇ ਚੇਅਰਮੈਨ ਅਤੇ ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਪੰਜਾਬ ਡਾ. ਅਵਿਨੀਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁੱਝ ਵੀ ਜਾਣਕਾਰੀ ਨਹੀਂ। ਨਿਊਜ਼ ਟਾਊਨ ਨੂੰ ਰਜਿਸਟਰਾਰ ਸੰਜੀਵ ਗੋਇਲ ਦੇ ਪੱਖ ਦਾ ਇੰਤਜ਼ਾਰ ਰਹੇਗਾ ਤਾਕਿ ਉਸ ਨੂੰ ਵੀ ਪੂਰੇ ਵੇਰਵਿਆਂ ਨਾਲ ਛਾਪਿਆ ਜਾ ਸਕੇ।