ਭਾਜਪਾ ਨੇ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ‘ਤੇ ਮਨਾਇਆ ‘ਸੰਵਿਧਾਨ ਹਤਿਆ ਦਿਵਸ’


(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 25 ਜੂਨ : 25 ਜੂਨ 1975 ਨੂੰ ਦੇਸ਼ ਵਿਚ ਲਗਾਈ ਗਈ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁੱਧਵਾਰ ਨੂੰ ‘ਸੰਵਿਧਾਨ ਹਤਿਆ ਦਿਵਸ’ ਦੇ ਰੂਪ ਵਿਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ। ਦਿੱਲੀ ਦੇ ਸੈਂਟਰਲ ਪਾਰਕ ਵਿਚ ਕੀਤੀ ਗਈ ਇਕ ਪ੍ਰਦਰਸ਼ਨੀ ਦਾ ਉਦਘਾਟਨ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕੀਤਾ। ਇਹ ਪ੍ਰਦਰਸ਼ਨੀ 1975 ਵਿਚ ਲਗਾਈ ਗਈ ਐਮਰਜੈਂਸੀ ਦੀਆਂ ਘਟਨਾਵਾਂ ਨੂੰ ਦਰਸਾਉਂਦੀ ਹੈ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਮੌਕੇ ਕਿਹਾ, “25 ਜੂਨ 1975 ਭਾਰਤੀ ਲੋਕਤੰਤਰ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਸੀ। ਉਸ ਦਿਨ ਲੋਕਤੰਤਰੀ ਪ੍ਰਣਾਲੀ ਦਾ ਗਲਾ ਘੁੱਟ ਦਿਤਾ ਗਿਆ ਸੀ। ਮੈਨੂੰ ਹੈਰਾਨੀ ਹੁੰਦੀ ਹੈ ਜਦੋਂ ਅੱਜ ਉਹੀ ਲੋਕਤੰਤਰ ਲਈ ਰੋ ਰਹੇ ਹਨ, ਜਿਨ੍ਹਾਂ ਨੇ ਉਸ ਸਮੇਂ ਹਜ਼ਾਰਾਂ ਲੋਕਤੰਤਰ ਘੁਲਾਟੀਆਂ ਨੂੰ ਜੇਲ੍ਹਾਵਿੱਚ ਡੱਕਿਆ ਸੀ। ਵਿਰੋਧੀ ਧਿਰ ਨੂੰ ਕੁਚਲ ਦਿਤਾ ਗਿਆ ਸੀ। ਇਹ ਜ਼ਰੂਰੀ ਹੈ ਕਿ ਅਸੀਂ ਉਸ ਘਟਨਾ ਨੂੰ ਯਾਦ ਰੱਖੀਏ ਤਾਂ ਜੋ ਭਵਿੱਖ ਵਿਚ ਇਹ ਦੁਬਾਰਾ ਨਾ ਵਾਪਰੇ।”
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਵੀ ਇਸ ਮੌਕੇ ‘ਤੇ ਕਾਂਗਰਸ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ 25 ਜੂਨ 1975 ਦੀ ਰਾਤ ਨੂੰ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ‘ਅੰਦਰੂਨੀ ਸੰਕਟ’ ਦੇ ਬਹਾਨੇ ਦੇਸ਼ ਵਿਚ ਐਮਰਜੈਂਸੀ ਲਗਾਈ ਅਤੇ ਸੰਵਿਧਾਨ ਨੂੰ ਬਾਈਪਾਸ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ਸੋਚ ਅਜੇ ਵੀ ਤਾਨਾਸ਼ਾਹੀ ਹੈ ਅਤੇ ਇਹ ਅਜੇ ਵੀ ਇਕ ਪਰਿਵਾਰ ਤੱਕ ਸ਼ਕਤੀ ਸੀਮਤ ਕਰਨ ਦੇ ਵਿਚਾਰ ‘ਤੇ ਕਾਇਮ ਹੈ।
ਜੇਪੀ ਨੱਡਾ ਨੇ ਕਿਹਾ, “ਅੱਜ ਵੀ ਕਾਂਗਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵੀਕਾਰ ਕਰਨ ਦੇ ਯੋਗ ਨਹੀਂ ਹੈ ਜੋ ਇਕ ਸਧਾਰਨ ਪਿਛੋਕੜ ਤੋਂ ਆਉਂਦੇ ਹਨ। ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਕਾਂਗਰਸ ਨੇ ਐਮਰਜੈਂਸੀ ਲਈ ਨਾ ਤਾਂ ਦੇਸ਼ ਤੋਂ ਮੁਆਫ਼ੀ ਮੰਗੀ ਹੈ ਅਤੇ ਨਾ ਹੀ ਉਸ ਗਲਤੀ ਨੂੰ ਸਵੀਕਾਰ ਕੀਤਾ ਹੈ।”
ਉਨ੍ਹਾਂ ਇਹ ਵੀ ਕਿਹਾ ਕਿ ਜੂਨ 1975 ਤੋਂ ਮਾਰਚ 1977 ਤੱਕ ਦੇ 21 ਮਹੀਨਿਆਂ ਵਿਚ ਦੇਸ਼ ਦੀ ਪ੍ਰੈਸ ‘ਤੇ ਸੈਂਸਰਸ਼ਿਪ ਲਗਾਈ ਗਈ, ਨਾਗਰਿਕ ਆਜ਼ਾਦੀਆਂ ਨੂੰ ਖਤਮ ਕਰ ਦਿਤਾ ਗਿਆ ਅਤੇ ਵਿਰੋਧੀ ਨੇਤਾਵਾਂ ਨੂੰ ਜੇਲ੍ਹਾਂ ਵਿਚ ਸੁੱਟ ਦਿਤਾ ਗਿਆ। ਇਹ ਸਮਾਂ ਭਾਰਤੀ ਲੋਕਤੰਤਰ ਲਈ ਇਕ ਗੰਭੀਰ ਝਟਕਾ ਸੀ।
