ਬਿਕਰਮ ਸਿੰਘ ਮਜੀਠੀਆ ਨੂੰ 7 ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜਿਆ


ਵਿਜੀਲੈਂਸ ਦਫ਼ਤਰ ਵਿਚ ਗੁਜ਼ਾਰੀ ਰਾਤ
(ਨਿਊਜ਼ ਟਾਊਨ ਨੈਟਵਰਕ)
ਮੋਹਾਲੀ, 26 ਜੂਨ : ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਹੈ। ਉਸ ਨੂੰ ਰਿਮਾਂਡ ‘ਤੇ ਲੈਣ ਲਈ ਲੰਮਾ ਸਮਾਂ ਬਹਿਸ ਚੱਲੀ। ਅਦਾਲਤ ਨੇ ਸੱਤ ਦਿਨ ਦਾ ਰਿਮਾਂਡ ਦੇ ਦਿਤਾ। ਉਨ੍ਹਾਂ ਦੀ ਪੇਸ਼ੀ ਲਈ ਅਦਾਲਤ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਹੇਠ ਹੋਈ। ਮਜੀਠੀਆ ਦੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਹਾਲਾਂਕਿ, ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਪੇਸ਼ੀ ਲਈ ਰਸਤਾ ਸਾਫ਼ ਕਰ ਦਿਤਾ ਅਤੇ ਰੱਸੀਆਂ ਦੀ ਵਰਤੋਂ ਕਰਕੇ ਇਸ ਨੂੰ ਬੰਦ ਕਰ ਦਿਤਾ ਸੀ। ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਮਜੀਠੀਆ ਨੂੰ ਕੱਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੀ ਰਾਤ ਉਨ੍ਹਾਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿਚ ਹੀ ਰੱਖਿਆ ਗਿਆ।