“ਮੌਤ ਨਾਲ ਮੁਕਾਬਲਾ ਨਾ ਕਰ ਸਕੇ ਬਾਈਕ ਸਵਾਰ, ਪਿੰਡ ‘ਚ ਸੋਗ”


ਹਰਿਆਣਾ, 19 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਪੁਨਹਾਨਾ-ਜੁਰਹੇੜਾ ਰੋਡ ਉਤੇ ਠੇਕ ਪਿੰਡ ਨੇੜੇ ਦੇਰ ਰਾਤ ਤੇਜ਼ ਰਫ਼ਤਾਰ ਕ੍ਰੇਟਾ ਕਾਰ ਅਤੇ ਬਾਈਕ ਵਿਚਕਾਰ ਹੋਈ ਟੱਕਰ ਵਿੱਚ ਭਰਾ ਅਤੇ ਭੈਣ ਦੀ ਮੌਤ ਹੋ ਗਈ। ਬਾਈਕ ਸਵਾਰ 10 ਸਾਲਾ ਬੱਚਾ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਕਾਰ ਨੂੰ ਮੌਕੇ ਉਤੇ ਛੱਡ ਕੇ ਭੱਜ ਗਿਆ। ਸੂਚਨਾ ਉਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਆਦਿਲ (28) ਵਾਸੀ ਮੁੰਗਸਾਕਾ ਰਾਜਸਥਾਨ ਅਤੇ ਉਸ ਦੀ ਭੈਣ ਰਤੀਮਨ (38) ਪਤਨੀ ਹਾਕਮ ਨਿਵਾਸੀ ਮੁਹੰਮਦਪੁਰ ਵਜੋਂ ਹੋਈ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਰਤੀਮਨ ਆਪਣੇ ਭਰਾ ਆਦਿਲ ਨਾਲ ਆਪਣੇ 10 ਸਾਲਾ ਭਤੀਜੇ ਜ਼ਾਹਿਦ ਪੁੱਤਰ ਜੱਗੂ ਨਾਲ ਬਾਈਕ ‘ਤੇ ਆਪਣੇ ਪੇਕੇ ਘਰ ਜਾ ਰਹੀ ਸੀ। ਜਦੋਂ ਉਹ ਠੇਕ ਪਿੰਡ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਆਦਿਲ ਦੀ ਮੌਕੇ ਉਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਡਾਇਲ 112 ਦੀ ERV ਟੀਮ ਮੌਕੇ ਉਤੇ ਪਹੁੰਚੀ ਅਤੇ ਜ਼ਖਮੀ ਔਰਤ ਰਤੀਮਨ ਅਤੇ ਉਸ ਦੇ ਭਤੀਜੇ ਜ਼ਾਹਿਦ ਨੂੰ ਸਰਕਾਰੀ ਹਸਪਤਾਲ ਲੈ ਗਈ। ਇੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਵੀ ਰਤੀਮਨ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਗੰਭੀਰ ਜ਼ਖਮੀ ਜ਼ਾਹਿਦ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਨਲਹਾਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਸੋਗ ਹੈ। ਦੇਰ ਰਾਤ ਵਾਪਰੇ ਇਸ ਹਾਦਸੇ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕ੍ਰੇਟਾ ਡਰਾਈਵਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ, ਜਿਸ ਦੀ ਲਾਪਰਵਾਹੀ ਨੇ ਦੋ ਜਾਨਾਂ ਲੈ ਲਈਆਂ। ਦੱਸ ਦਈਏ ਕਿ ਆਦਿਲ ਦੀ ਮੌਤ ਤੋਂ ਕੁਝ ਘੰਟੇ ਬਾਅਦ ਉਸ ਦੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਪਿਤਾ ਪੁੱਤਰ ਦਾ ਚਿਹਰਾ ਵੀ ਨਹੀਂ ਦੇਖ ਸਕਿਆ। ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾਉਣ ਵਿੱਚ ਰੁੱਝੀ ਹੋਈ ਹੈ ਅਤੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।