ਮੁਹਾਲੀ ਪੁਲਿਸ ਦੀ ਵੱਡੀ ਕਾਰਵਾਈ: ‘ਡਿਜੀਟਲ ਅਰੈਸਟ’ ਠੱਗੀ ਕਰਨ ਵਾਲੇ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ


ਐੱਸ ਏ ਐੱਸ ਨਗਰ, 14 ਅਗਸਤ, 2025 ( ਨਿਊਜ਼ ਟਾਊਨ ਨੈੱਟਵਰਕ ) :
ਮੁਹਾਲੀ ਦੀ ਸਾਈਬਰ ਕ੍ਰਾਈਮ ਪੁਲਿਸ ਨੇ ‘ਡਿਜੀਟਲ ਅਰੈਸਟ’ ਠੱਗੀ ਵਿੱਚ ਸ਼ਾਮਲ ਦੋ ਗਿਰੋਹਾਂ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਤਾਮਿਲਨਾਡੂ, ਕਰਨਾਟਕਾ ਅਤੇ ਗੁਜਰਾਤ ਸਮੇਤ ਕਈ ਰਾਜਾਂ ਵਿੱਚ ਸਾਂਝੇ ਤੌਰ ‘ਤੇ ਛਾਪੇਮਾਰੀਆਂ ਕਰਕੇ ਕੀਤੀ ਗਈ। ਇਸ ਸਬੰਧੀ ਥਾਣਾ ਸਾਈਬਰ ਕਰਾਈਮ ਫੇਜ਼-7 ਵਿਖੇ 2 ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਸਨ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਬਾਕੀ 4 ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।
92 ਕਰੋੜ ਦੀ ਠੱਗੀ ਦਾ ਪਰਦਾਫਾਸ਼
ਐਸ.ਐਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਡਿਜੀਟਲ ਅਰੈਸਟ’ ਠੱਗੀ ਇੱਕ ਯੋਜਨਾਬੱਧ ਤਰੀਕੇ ਨਾਲ ਚੱਲਣ ਵਾਲਾ ਅਪਰਾਧ ਹੈ, ਜਿਸ ਵਿੱਚ ਦੋਸ਼ੀ ਖੁਦ ਨੂੰ ਪੁਲਿਸ ਜਾਂ ਸੀ.ਬੀ.ਆਈ. ਅਧਿਕਾਰੀ ਦੱਸ ਕੇ ਪੀੜਤਾਂ ਨੂੰ ਝੂਠੇ ਅਪਰਾਧਿਕ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦਿੰਦੇ ਹਨ ਅਤੇ ਉਨ੍ਹਾਂ ਤੋਂ ਵੱਡੀ ਰਕਮ ਠੱਗ ਲੈਂਦੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਦੇਸ਼ ਭਰ ਵਿੱਚ ਲਗਭਗ 92 ਕਰੋੜ ਰੁਪਏ ਦੀ ਠੱਗੀ ਕਰ ਚੁੱਕੇ ਹਨ, ਜਿਸ ਵਿੱਚੋਂ ਐਸ.ਏ.ਐਸ. ਨਗਰ ਦੇ ਪੀੜਤਾਂ ਨਾਲ ਹੋਈ 3 ਕਰੋੜ ਰੁਪਏ ਦੀ ਠੱਗੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਮਾਮਲੇ ਵਿੱਚ 310 ਬੈਂਕ ਖਾਤੇ ਫ੍ਰੀਜ਼ ਕਰਵਾਏ ਗਏ ਹਨ। ਗ੍ਰਿਫ਼ਤਾਰ ਕੀਤੇ ਗਏ 6 ਮੁਲਜ਼ਮ ਤਾਮਿਲਨਾਡੂ, ਕਰਨਾਟਕਾ ਅਤੇ ਗੁਜਰਾਤ ਦੇ ਵਸਨੀਕ ਹਨ। ਇਨ੍ਹਾਂ ਵਿੱਚੋਂ 2 ਮੁਲਜ਼ਮ ਪਹਿਲਾਂ ਹੀ ਜੇਲ੍ਹ ਵਿੱਚ ਹਨ, ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ।
ਮੁਹਾਲੀ ਸਾਈਬਰ ਪੁਲਿਸ ਦੀਆਂ ਵੱਡੀਆਂ ਸਫ਼ਲਤਾਵਾਂ
ਐਸ.ਐਸ.ਪੀ. ਨੇ ਪਿਛਲੇ 4 ਮਹੀਨਿਆਂ ਦੀਆਂ ਹੋਰ ਸਫ਼ਲਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਗੈਰ-ਕਾਨੂੰਨੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕਰਕੇ 41 ਮੁਲਜ਼ਮਾਂ (ਜਿਨ੍ਹਾਂ ਵਿੱਚ 7 ਵਿਦੇਸ਼ੀ ਨਾਗਰਿਕ ਸ਼ਾਮਲ ਹਨ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ, ਹਨੀ ਟ੍ਰੈਪ ਅਤੇ ਫਰਜ਼ੀ ਨੌਕਰੀਆਂ ਦੇ ਮਾਮਲਿਆਂ ਵਿੱਚ ਵੀ ਕਈ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਦੀ ਚੌਕਸੀ ਕਾਰਨ, ਪੀੜਤਾਂ ਨੂੰ ਲਗਭਗ 2 ਕਰੋੜ ਰੁਪਏ ਦੀ ਠੱਗੀ ਤੋਂ ਬਚਾਇਆ ਗਿਆ ਅਤੇ 4,12,97,342 ਰੁਪਏ ਵਾਪਸ ਕਰਵਾਏ ਗਏ।