ਬੀਬੀ ਗੁਰਦਿਆਲ ਕੌਰ ਖੰਗੂੜਾ- ਭੋਗ ਅਤੇ ਸ਼ਰਧਾਂਜਲੀ ਸਮਾਗਮ ਦਾਣਾ ਮੰਡੀ ਪਿੰਡ ਲਤਾਲਾ ਜਿਲ੍ਹਾ ਲੁਧਿਆਣਾ ਵਿਖੇ 12 ਦਸੰਬਰ ਨੂੰ


–ਭੋਗ ‘ਤੇ ਵਿਸ਼ੇਸ਼–
ਅਹਿਮਦਗੜ੍ਹ, 11 ਦਸੰਬਰ (ਤੇਜਿੰਦਰ ਸਿੰਘ ਬਿੰਜੀ) :
ਬੀਬੀ ਗੁਰਦਿਆਲ ਕੌਰ ਖੰਗੂੜਾ ਦਾ ਜਨਮ 10 ਜਨਵਰੀ 1935 ਵਿੱਚ ਪਿੰਡ ਲਲਤੋਂ ਵਿਖੇ ਹੋਇਆ ਅਤੇ ਉਹਨਾਂ ਦੀ ਪੜ੍ਹਾਈ ਵੀ ਲਲਤੋਂ ਦੇ ਸਕੂਲ ਵਿੱਚ ਹੀ ਪੂਰੀ ਹੋਈ । ਗੁਰਦਿਆਲ ਕੌਰ ਖੰਗੂੜਾ ਹੁਣੀ 4 ਭਰਾ ਅਤੇ 2 ਭੈਣਾਂ ਸਨ । ਉਹਨਾਂ ਨੇ ਸਕੂਲ ਤੋਂ ਬਾਅਦ ਆਪਣੀ ਪੜ੍ਹਾਈ ਸਿੱਧਵਾਂ ਕਾਲਜ ਵਿੱਚ ਜਾਰੀ ਰੱਖੀ । ਸੰਨ 1955 ਵਿੱਚ ਗੁਰਦਿਆਲ ਕੌਰ ਦਾ ਵਿਆਹ ਸ: ਜਗਪਾਲ ਸਿੰਘ ਖੰਗੂੜਾ ਨਾਲ ਅਤੇ ਉਹਨਾਂ ਦੀ ਵੱਡੀ ਭੈਣ ਸਵ: ਗੁਰਦੇਵ ਕੌਰ ਦਾ ਵਿਆਹ ਜਗਪਾਲ ਸਿੰਘ ਖੰਗੂੜਾ ਦੇ ਭਰਾ ਸ. ਜਗਤਾਰ ਸਿੰਘ ਨਾਲ ਇੱਕੋ ਦਿਨ ਹੋਇਆ । ਗੁਰਦਿਆਲ ਕੌਰ ਨੇ ਪੜ੍ਹੇ ਲਿਖੇ ਹੋਣ ਕਰਕੇ 5 ਸਾਲ ਪਿੰਡ ਧਾਲੀਆਂ ਅਤੇ ਲਤਾਲਾ ਵਿਖੇ ਅਧਿਆਪਕ ਵੀ ਰਹੇ । ਮਾਰਚ 1963 ਵਿੱਚ ਸ: ਜਗਪਾਲ ਸਿੰਘ ਖੰਗੂੜਾ ਇੰਗਲੈਂਡ ਦੀ ਧਰਤੀ ਤੇ ਪਹੁੰਚੇ । ਨਵੰਬਰ 1963 ਵਿੱਚ ਉਹਨਾਂ ਦੇ ਵੱਡੇ ਸਪੁੱਤਰ ਜਸਬੀਰ ਸਿੰਘ ਜੱਸੀ ਖੰਗੂੜਾ ਦਾ ਜਨਮ ਹੋਇਆ ਜੋ ਸਤੰਬਰ 1966 ਵਿੱਚ ਇੰਗਲੈਂਡ ਪਹੁੰਚੇ, ਅਗਸਤ 1967 ਵਿੱਚ ਉਹਨਾਂ ਦੇ ਸਪੁੱਤਰ ਸਤਬੀਰ ਸਿੰਘ ਸੱਤੀ ਖੰਗੂੜਾ ਦਾ ਜਨਮ ਹੋਇਆ ਅਤੇ ਉਹਨਾਂ ਨੇ 1969 ਤੋਂ ਲੈ ਕੇ 1982 ਤੱਕ ਬ੍ਰਿਟਿਸ਼ ਏਅਰਵੇਜ਼ ਵਿੱਚ ਕੰਮ ਕੀਤਾ । ਸੰਨ 1998 ਵਿੱਚ ਖੰਗੂੜਾ ਪਰਿਵਾਰ ਭਾਰਤ ਵਾਪਿਸ ਪਰਤੇ ਅਤੇ ਬੀਬੀ ਗੁਰਦਿਆਲ ਕੌਰ ਖੰਗੂੜਾ ਨੂੰ ਸੰਨ 2002 ਵਿੱਚ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਕਿਲ੍ਹਾ ਰਾਏਪੁਰ ਦੀਆਂ ਚੋਣਾਂ ਲੜਨ ਦਾ ਮੌਕਾ ਮਿਲਿਆ ਅਤੇ ਉਹਨਾਂ ਨੇ 2002 ਤੋਂ ਲੈ ਕੇ 2007 ਤੱਕ ਲੁਧਿਆਣਾ ਇਮਪਰੂਵਮੈਂਟ ਟਰੱਸਟ ਦੇ ਟਰੱਸਟੀ ਵਜੋਂ ਪਾਰਟੀ ਲਈ ਕੰਮ ਕੀਤਾ । ਇਨ੍ਹਾਂ ਦੇ ਵੱਡੇ ਸਪੁੱਤਰ ਜਸਬੀਰ ਸਿੰਘ ਜੱਸੀ ਖੰਗੂੜਾ ਕਾਂਗਰਸ ਪਾਰਟੀ ਵਲੋਂ ਵਿਧਾਇਕ ਰਹਿ ਕੇ ਪਾਰਟੀ ਦੀ ਸੇਵਾ ਕੀਤੀ । ਬੀਬੀ ਗੁਰਦਿਆਲ ਕੌਰ ਦੇ ਨਮਿੱਤ ਰੱਖੇ ਗਏ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਦਾਣਾ ਮੰਡੀ ਪਿੰਡ ਲਤਾਲਾ ਜਿਲ੍ਹਾ ਲੁਧਿਆਣਾ ਵਿਖੇ ਮਿਤੀ 12 ਦਸੰਬਰ 2025 ਦਿਨ ਸ਼ੁੱਕਰਵਾਰ ਨੂੰ ਦੁਪਿਹਰ 12:00 ਤੋਂ 1:00 ਵਜੇ ਤੱਕ ਹੋਵੇਗਾ ।
