ਦੱਖਣੀ ਭਾਰਤ ਦੀ ਯਾਤਰਾ ਲਈ 28 ਜੁਲਾਈ ਨੂੰ ਪਠਾਨਕੋਟ ਤੋਂ ਚਲੇਗੀ ਭਾਰਤ ਗੌਰਵ ਟ੍ਰੇਨ


ਤਿਰੂਪਤੀ, ਰਾਮੇਸ਼ਵਰਮ, ਮਦੁਰਾਈ, ਕੰਨਿਆਕੁਮਾਰੀ ਅਤੇ ਮੱਲੀਕਾਰਜੁਨ ਦੇ ਕਰਵਾਏਗੀ ਦਰਸ਼ਨ
ਚੰਡੀਗੜ੍ਹ, 5 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਰੇਲਵੇ ਬੋਰਡ ਨੇ ਉਨ੍ਹਾਂ ਸ਼ਰਧਾਲੂਆਂ ਲਈ ਭਾਰਤ ਗੌਰਵ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ ਜੋ ਦੱਖਣੀ ਭਾਰਤ ਦੇ ਮਸ਼ਹੂਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਇਹ ਵਿਸ਼ੇਸ਼ ਟ੍ਰੇਨ 28 ਜੁਲਾਈ ਨੂੰ ਦੱਖਣੀ ਭਾਰਤ ਦੀ ਇਕ ਬ੍ਰਹਮ ਯਾਤਰਾ ‘ਤੇ ਰਵਾਨਾ ਹੋਵੇਗੀ। 13 ਦਿਨਾਂ ਦੀ ਯਾਤਰਾ ਪਠਾਨਕੋਟ ਕੈਂਟ ਸਟੇਸ਼ਨ ਤੋਂ ਸ਼ੁਰੂ ਹੋਵੇਗੀ ਅਤੇ ਦੱਖਣੀ ਭਾਰਤ ਦੇ ਪ੍ਰਮੁੱਖ ਤੀਰਥ ਸਥਾਨਾਂ ਜਿਵੇਂ ਕਿ ਤਿਰੂਪਤੀ, ਰਾਮੇਸ਼ਵਰਮ, ਮਦੁਰਾਈ, ਕੰਨਿਆਕੁਮਾਰੀ ਅਤੇ ਮੱਲੀਕਾਰਜੁਨ ਦੇ ਦਰਸ਼ਨ ਕਰਵਾਏਗੀ।
ਇਸਦੇ ਮੁੱਖ ਬੋਰਡਿੰਗ ਪੁਆਇੰਟਾਂ ਵਿਚ ਜਲੰਧਰ ਸ਼ਹਿਰ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਹਜ਼ਰਤ ਨਿਜ਼ਾਮੂਦੀਨ, ਮਥੁਰਾ, ਆਗਰਾ ਕੈਂਟ ਅਤੇ ਗਵਾਲੀਅਰ ਸ਼ਾਮਲ ਹਨ। ਕੁੱਲ ਮਿਲਾ ਕੇ, ਇਹ ਯਾਤਰਾ 12 ਰਾਤਾਂ ਅਤੇ 13 ਦਿਨਾਂ ਦੀ ਹੋਵੇਗੀ, ਜਿਸਦੀ ਵਾਪਸੀ 9 ਅਗਸਤ ਨੂੰ ਨਿਰਧਾਰਤ ਕੀਤੀ ਗਈ ਹੈ।
ਯਾਤਰਾ ਲਈ ਤਿੰਨ ਸ਼੍ਰੇਣੀਆਂ ਵਿਚ ਸੀਟਾਂ ਉਪਲਬਧ ਹਨ, ਸਲੀਪਰ ਕਲਾਸ ਵਿਚ ਕੁੱਲ 640 ਸੀਟਾਂ, ਥਰਡ ਏਸੀ ਵਿਚ 70 ਸੀਟਾਂ ਅਤੇ ਸੈਕਿੰਡ ਏਸੀ ਵਿਚ 50 ਸੀਟਾਂ। ਸਲੀਪਰ ਕਲਾਸ ਦਾ ਕਿਰਾਇਆ 30,135 ਰੁਪਏ, ਥਰਡ ਏਸੀ ਦੀ ਕੀਮਤ 43,370 ਰੁਪਏ ਅਤੇ ਸੈਕਿੰਡ ਏਸੀ ਦੀ ਕੀਮਤ 57,470 ਰੁਪਏ ਪ੍ਰਤੀ ਵਿਅਕਤੀ ਹੋਵੇਗੀ। ਇਸ ਪੈਕੇਜ ਵਿਚ ਰੇਲ ਟਿਕਟ ਦੇ ਨਾਲ-ਨਾਲ ਰੋਜ਼ਾਨਾ ਖਾਣਾ, ਆਰਾਮਦਾਇਕ ਰਿਹਾਇਸ਼, ਸੈਰ-ਸਪਾਟੇ ਲਈ ਏਸੀ/ਨਾਨ-ਏਸੀ ਬੱਸ, ਟੂਰ ਐਸਕਾਰਟ, ਸੁਰੱਖਿਆ ਅਤੇ ਮੁੱਢਲੀ ਸਹਾਇਤਾ ਦੀ ਸਹੂਲਤ ਆਦਿ ਸ਼ਾਮਲ ਹਨ।
ਇਸ ਬਾਰੇ ਰੇਲਵੇ ਦੇ ਡਾਇਰੈਕਟਰ ਪਬਲਿਕ ਰਿਲੇਸ਼ਨ ਦਿਲੀਪ ਕੁਮਾਰ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਰੇਲਵੇ ਸਾਰੇ ਖੇਤਰਾਂ ਨੂੰ ਜੋੜਦਾ ਹੈ, ਇਸ ਲਈ ਇਹ ਰੇਲਗੱਡੀ ਪੰਜਾਬ ਨੂੰ ਦੱਖਣੀ ਭਾਰਤ ਦੇ ਮੰਦਰਾਂ ਨਾਲ ਜੋੜਨ ਲਈ ਚਲਾਈ ਜਾ ਰਹੀ ਹੈ। ਪਠਾਨਕੋਟ ਨੂੰ ਇਸਦੇ ਸ਼ੁਰੂਆਤੀ ਬਿੰਦੂ ਵਜੋਂ ਰੱਖਿਆ ਗਿਆ ਹੈ ਕਿਉਂਕਿ ਕਸ਼ਮੀਰ ਅਤੇ ਹਿਮਾਚਲ ਪਠਾਨਕੋਟ ਦੇ ਨੇੜੇ ਹਨ, ਇਸ ਲਈ ਉੱਥੋਂ ਜਾਣ ਵਾਲੇ ਲੋਕ ਵੀ ਜਾ ਸਕਦੇ ਹਨ।