ਭਗਵੰਤ ਮਾਨ ਅਪਣਾ ਇਲਾਜ ਤਾਂ ਪ੍ਰਾਈਵੇਟ ਹਸਪਤਾਲਾਂ ‘ਚ ਕਰਾਉਂਦਾ ਹੈ ਤੇ ਲੋਕਾਂ ਨੂੰ ਸਰਕਾਰੀ ਹਸਪਤਾਲ ‘ਚ ਜਾਣ ਲਈ ਕਹਿੰਦਾ ਹੈ : ਕਰੀਮਪੁਰੀ

ਬਹੁਜਨ ਸਮਾਜ ਪਾਰਟੀ ਨੇ ਸਾਹਿਬ ਕਾਂਸੀ ਰਾਮ ਦੇ ਜਨਮ ਦਿਨ ‘ਤੇ ਕੱਢੀ ਵਿਸ਼ਾਲ ਰੈਲੀ

ਸ਼ੇਰਪੁਰ, 17 ਮਾਰਚ (ਨਰੇਸ਼ ਅੱਤਰੀ) : ਪੰਜਾਬ ਦੇ ਵਿੱਚ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਇਸ ਕਾਰਨ ਪੰਜਾਬ ਦੀ ਸਿਆਸਤ ਵਿੱਚ ਇਸ ਵਕਤ ਗਰਮਾਈ ਹੋਈ ਹੈ। ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਬਹੁਜਨ ਸਮਾਜ ਸਮਾਜ ਪਾਰਟੀ ਵੱਲੋਂ ਡੀਐਸ ਫੋਰ, ਬਾਮਸੇਫ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸੀ ਰਾਮ ਜੀ ਦਾ ਜਨਮ ਦਿਨ ਅੱਜ ਜਲੰਧਰ ਦੇ ਬਹਿਰਾਮ ਵਿੱਚ ਇੱਕ ਵੱਡੀ ਰੈਲੀ ਕਰਕੇ ਮਨਾਇਆ ਗਿਆ। ਬਹੁਜਨ ਸਮਾਜ ਪਾਰਟੀ ਵੱਲੋਂ ਸੱਤਾ ਸੰਭਾਲੋ ਦੇ ਵੈਨਰ ਹੇਠ ਇੱਕ ਵਿਸ਼ਾਲ ਰੈਲੀ ਕੀਤੀ ਗਈ ਇਸ ਰੈਲੀ ਵਿੱਚ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਬਸਪਾ ਵਰਕਰ ਆਪਣੇ ਮਹਿਬੂਬ ਨੇਤਾ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਜਨਮ ਦਿਨ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਆਏ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਐਮਐਲਏ ਤੇ ਸਾਬਕਾ ਮੈਂਬਰ ਰਾਜ ਸਭਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਜੋ ਸਿਹਤ ਸਹੂਲਤਾਂ ਦਾ ਦਾਅਵਾ ਕਰਦਾ ਹੈ, ਉਹ ਬਿਲਕੁਲ ਝੂਠਾ ਹੈ ਕਿਉਂਕਿ ਉਹ ਆਪਣਾ ਇਲਾਜ ਤਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਕਰਵਾਉਂਦਾ ਹੈ ਜਦਕਿ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਤੋਂ ਧੱਕੇ ਖਾ ਕੇ ਇਲਾਜ ਕਰਾਉਣ ਲਈ ਕਹਿੰਦਾ ਹੈ, ਜਦਕਿ ਮੁੱਖ ਮੰਤਰੀ ਅਪਣਾ ਇਲਾਜ ਸੂਬੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਤੋਂ ਨਹੀਂ ਕਰਾਉਂਦਾ। ਉਨਾਂ ਮਾਨ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਹਰ ਮੁੱਦੇ ‘ਤੇ ਫੇਲ ਹੋ ਚੁੱਕੀ ਹੈ, ਪੰਜਾਬ ਦੇ ਵਿੱਚ ਦਿਨ ਹਰ ਦਿਨ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਹਨ, ਗੈਂਗਸਟਰਾਂ ਵੱਲੋਂ ਪੰਜਾਬ ਦੇ ਆਮ ਲੋਕਾਂ ਦੇ ਘਰਾਂ ਉੱਤੇ ਹਮਲੇ ਹੋਣਾ ਗਹਿਰੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਦੀਆਂ ਅਤੇ ਜ਼ਿਲ੍ਹਾ ਚੋਣਾਂ ਵਿੱਚ ਜੋ ਪੰਜਾਬ ਸਰਕਾਰ ਨੇ ਗੁੰਡਾਗਰਦੀ ਕੀਤੀ, ਉਸ ਦੀ ਕਰੜੀ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਹਾਲਾਂਕਿ ਫਿਰ ਵੀ ਸਾਡੇ ਵਰਕਰਾਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਜਿੱਤ ਕੇ ਅਹਿਸਾਸ ਕਰਵਾ ਦਿੱਤਾ ਕਿ ਕਾਂਸੀ ਰਾਮ ਦੇ ਯੋਧੇ ਅੱਜ ਵੀ ਜਿਉਂਦੇ ਹਨ। ਸ੍ਰੀ ਕਾਂਸੀ ਰਾਮ ਜੀ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਹਿਬ ਸ੍ਰੀ ਕਾਂਸੀ ਰਾਮ ਨੇ ਜੰਮੂ-ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਈਕਲ ‘ਤੇ ਚੱਲ ਕੇ ਦੱਬੇ ਕੁਚਲੇ ਲਤਾੜੇ ਲੋਕਾਂ ਵਿੱਚ ਕੁਰਸੀ ਦੀ ਲਾਲਸਾ ਪੈਦਾ ਕਰ ਦਿੱਤੀ, ਸਾਹਿਬ ਕਾਂਸੀ ਰਾਮ ਜੀ ਦੀ ਦਿਨ ਰਾਤ ਦੀ ਤਕੜੀ ਮਿਹਨਤ ਕਾਰਨ ਬਸਪਾ ਦੇਸ਼ ਦੀ ਤੀਜੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਬਣੀ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ 2017 ਵਿੱਚ ਬਸਪਾ ਨੂੰ ਮੌਕਾ ਦੇ ਕੇ ਸਾਹਿਬ ਕਾਂਸੀ ਰਾਮ ਦੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰਨਗੇ। ਉਹਨਾਂ ਕਿਹਾ ਕਿ ਜਦੋਂ ਭੈਣ ਮਾਇਆਵਤੀ ਦੀ ਸਰਕਾਰ ਉੱਤਰ ਪ੍ਰਦੇਸ਼ ਬਣੀ ਵਿੱਚ ਬਣੀ ਤਾਂ ਡੇਢ ਲੱਖ ਗੁੰਡਾ ਇਕੋ ਝਟਕੇ ਵਿੱਚ ਅੰਦਰ ਕਰਕੇ ਜੰਗਲ ਰਾਜ ਨੂੰ ਮੰਗਲ ਰਾਜ ਬਣਾ ਦਿੱਤਾ ਸੀ। ਕਰੀਮਪੁਰੀ ਨੇ ਕਿਹਾ ਕਿ ਫਿਲੌਰ ਦੀ ਬਲਾਕ ਸੰਮਤੀ ਉੱਤੇ ਬਹੁਜਨ ਸਮਾਜ ਪਾਰਟੀ ਨੇ ਚੇਅਰਪ੍ਰਸ਼ਨ ਅਤੇ ਉਪ ਚੇਅਰਪ੍ਰਸ਼ਨ ਦੀ ਸੀਟ ਉੱਤੇ ਕਾਬਜ ਹੋ ਕੇ ਪੰਜਾਬ ਸਰਕਾਰ ਨੂੰ ਜਬਰਦਸਤ ਝਟਕਾ ਦਿੱਤਾ ਹੈ ਅਤੇ ਇਸ ਕਾਮਯਾਬੀ ਲਈ ਮੈਂ ਫਿਲੌਰ ਦੇ ਸਾਰੇ ਹੀ ਪਾਰਟੀ ਵਰਕਰਾਂ ਨੂੰ ਵਧਾਈ ਦਿੰਦਾ ਹਾਂ। ਇਸ ਮੌਕੇ ਕਰੀਮਪੁਰੀ ਵੱਲੋਂ ਵਿਧਾਨ ਸਭਾ ਹਲਕਾ ਧੂਰੀ ਤੋਂ ਤੇਜ਼ ਤਰਾਰ ਅਤੇ ਨੌਜਵਾਨ ਆਗੂ ਲੋਕ ਭਲਾਈ ਸੰਪਾਦਕ ਅਖਬਾਰ ਦੇ ਸੰਪਾਦਕ ਸਮਾਜਵਾਦੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੂੰ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਬਹੁਜਨ ਸਮਾਜ ਪਾਰਟੀ ਵਿੱਚ ਜੁਆਇਨ ਕਰਵਾਇਆ। ਉਹਨਾਂ ਕਿਹਾ ਕਿ ਬਲਵਿੰਦਰ ਸਿੰਘ ਧਾਲੀਵਾਲ ਨੂੰ ਪਾਰਟੀ ਵਿੱਚ ਵੱਡਾ ਮਾਨ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਸੀਨੀਅਰ ਇੰਚਾਰਜ ਰਣਧੀਰ ਸਿੰਘ ਬੈਣੀਵਾਲ,ਵਿਪਲ ਕੁਮਾਰ, ਵਿਧਾਇਕ ਨਛੱਤਰ ਪਾਲ ਐਡਵੋਕੇਟ ਬਲਵਿੰਦਰ ਕੁਮਾਰ ਅਜੀਤ ਸਿੰਘ ਭੈਣੀ ਡਾਕਟਰ ਸਰਬਜੀਤ ਸਿੰਘ ਖੇੜੀ ਲੈਕਚਰਾ ਅਮਰਜੀਤ ਸਿੰਘ ਜਲੂਰ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਅਹੁਦੇਦਾਰ ਅਤੇ ਸਮਰਥਕ ਹਾਜ਼ਰ ਸਨ।
